ਸਿੰਧੀਆ ਵੱਲੋਂ ਡਾਕ ਵਿਭਾਗ ਨੂੰ ਮੁਨਾਫ਼ੇ ’ਚ ਲਿਆਉਣ ਬਾਰੇ ਸੀਤਾਰਮਨ ਨਾਲ ਚਰਚਾ
ਨਵੀਂ ਦਿੱਲੀ, 28 ਦਸੰਬਰ
ਸੰਚਾਰ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰ ਕੇ ਭਾਰਤੀ ਡਾਕ ਨੂੰ ਮੁਨਾਫ਼ੇ ਵਿੱਚ ਲਿਆਉਣ ਬਾਰੇ ਚਰਚਾ ਕੀਤੀ। ਇਕ ਅਧਿਕਾਰਤ ਬਿਆਨ ਵਿੱਚ ਅੱਜ ਇਹ ਜਾਣਕਾਰੀ ਦਿੱਤੀ ਗਈ।
ਸਿੰਧੀਆ ਨੇ ਡਾਕ ਵਿਭਾਗ ਦੇ ਅਧਿਕਾਰੀਆਂ ਨਾਲ ਵਿੱਤ ਮੰਤਰੀ ਮੂਹਰੇ ਪੂੰਜੀਗਤ ਖਰਚੇ ਸਬੰਧੀ ਆਪਣੀਆਂ ਮੰਗਾਂ ਰੱਖੀਆਂ ਤਾਂ ਜੋ 2029 ਤੱਕ ਇਸ ਨੂੰ ਮੁਨਾਫੇ ਵਿੱਚ ਲਿਆਂਦਾ ਜਾ ਸਕੇ। ਸਿੰਧੀਆ ਦਾ ਟੀਚਾ ਭਾਰਤੀ ਡਾਕ ਨੂੰ ਆਲਮੀ ਤੌਰ ’ਤੇ ਪ੍ਰਤੀਯੋਗੀ ਬਣਾਉਣ ਹੈ ਅਤੇ ਉਹ ਗਾਹਕ ਆਧਾਰ ਤੇ ਕੰਮਕਾਜ ਦੀ ਸਮਰੱਥਾ ਵਧਾਉਣ ’ਤੇ ਜ਼ੋਰ ਦੇ ਰਹੇ ਹਨ।
ਵਿੱਤ ਮੰਤਰੀ ਨਾਲ ਮੀਟਿੰਗ ਦੌਰਾਨ, ਸਿੰਧੀਆ ਨੇ ਭਾਰਤੀ ਡਾਕ ਵਿਭਾਗ ਲਈ ਇਕ ਨਵੀਂ ਵਿਕਾਸ ਯੋਜਨਾ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਲਾਗਤਾਂ ਨੂੰ ਤਰਕਸੰਗਤ ਬਣਾਉਣ ਅਤੇ ਜ਼ਿਆਦਾਤਰ ਪ੍ਰਕਿਰਿਆਵਾਂ ਨੂੰ ਡਿਜੀਟਲ ਬਣਾਉਣ ਦਾ ਟੀਚਾ ਲੈ ਕੇ ਕੰਮ ਕਰ ਰਿਹਾ ਹੈ। ਮੰਤਰੀ ਨੂੰ ਆਸ ਹੈ ਕਿ ਵਿਭਾਗ ਗਾਹਕ ਸੰਤੁਸ਼ਟੀ ’ਤੇ ਧਿਆਨ ਦਿੰਦੇ ਹੋਏ ਲਾਭ ਕਮਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਤੋਂ ਜਾਰੀ ਵਪਾਰ ਪ੍ਰਕਿਰਿਆ ਰੀ-ਇੰਜਨੀਅਰਿੰਗ (ਬੀਪੀਆਰ) ਦੀ ਕਵਾਇਦ ਨੂੰ ਵਿੱਤ ਮੰਤਰਾਲੇ ਤੋਂ ਨਿਵੇਸ਼ ਪ੍ਰਾਪਤ ਕਰ ਕੇ ਕਾਫੀ ਲਾਭ ਹੋਵੇਗਾ।
ਸਿੰਧੀਆ ਨੇ ਮੀਟਿੰਗ ਵਿੱਚ ਕਿਹਾ ਕਿ ਉਕਤ ਪੂੰਜੀਗਤ ਖਰਚੇ ਲਈ ਵਿੱਤ ਮੰਤਰਾਲੇ ਤੋਂ ਨਿਵੇਸ਼ ਦੇ ਨਾਲ ਹੀ ਦੇਸ਼ ਭਰ ਵਿੱਚ ਡਾਕਘਰਾਂ ਤੇ ਕਰਮਚਾਰੀਆਂ ਦੀ ਰਿਹਾਇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨਵੀਨੀਕਰਨ ’ਤੇ ਧਿਆਨ ਦਿੱਤਾ ਜਾਵੇਗਾ। ਸਿੰਧੀਆ ਨੇ ਕਿਹਾ ਕਿ ਵਿਭਾਗ ਪ੍ਰਕਿਰਿਆਵਾਂ ਨੂੰ ਆਟੋਮੇਟ ਕਰਨ ਲਈ ਕੰਮ ਕਰੇਗਾ ਤਾਂ ਜੋ ਉਨ੍ਹਾਂ ਨੂੰ ਕੁਸ਼ਲ ਬਣਾਇਆ ਜਾ ਸਕੇ ਅਤੇ ਭਵਿੱਖ ਲਈ ਤਿਆਰ ਕੀਤਾ ਜਾ ਸਕੇ। -ਪੀਟੀਆਈ