ਸਿੰਧੀਆ ਨੇ ਮੱਧ ਪ੍ਰਦੇਸ਼ ਵਾਸੀਆਂ ਨਾਲ ਵਿਸ਼ਵਾਸਘਾਤ ਕੀਤਾ: ਪ੍ਰਿਯੰਕਾ
ਭੁਪਾਲ, 15 ਨਵੰਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕੇਂਦਰੀ ਮੰਤਰੀ ਤੇ ਆਪਣੇ ਸਾਬਕਾ ਪਾਰਟੀ ਸਹਿਯੋਗੀ ਜਯੋਤਿਰਦਿੱਤਿਆ ਸਿੰਧੀਆ ’ਤੇ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਆਪਣੇ ਪਰਿਵਾਰ ਦੀ ਰਵਾਇਤ ਨੂੰ ਕਾਇਮ ਰੱਖਿਆ ਹੈ। ਮੱਧ ਪ੍ਰਦੇਸ਼ ਦੇ ਦਤੀਆ ਵਿਧਾਨ ਸਭਾ ਹਲਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜ਼ਾਕ ਉਡਾਇਆ ਕਿ ਉਹ ਹਮੇਸ਼ਾ ਇਸ ਗੱਲ ਦਾ ‘ਰੋਣਾ’ ਰੋਂਦੇ’ ਰਹਿੰਦੇ ਹਨ ਕਿ ਕਿਵੇਂ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਨੂੰ ਵੱਖ ਵੱਖ ਨਾਵਾਂ ਨਾਲ ਬੁਲਾਉਂਦੇ ਹਨ।
ਸਿੰਧੀਆ ਮਾਰਚ 2020 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਪ੍ਰਕਿਰਿਆ ਦੌਰਾਨ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਡਿੱਗ ਗਈ ਸੀ। ਸੂਬੇ ਵਿੱਚ ਹੁਣ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਸਿੰਧੀਆ ਦਾ ਜ਼ਿਕਰ ਕਰਦਿਆਂ ਕਾਂਗਰਸ ਆਗੂ ਨੇ ਕਿਹਾ, ‘‘ਇੱਕ ਗੱਲ ਤਾਂ ਹੈ, ਮੋਦੀ ਜੀ (ਪ੍ਰਧਾਨ ਮੰਤਰੀ ਮੋਦੀ) ਉੱਚ ਕੋਟੀ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਛਾਣ ਲੈਂਦੇ ਹਨ। ਉਨ੍ਹਾਂ ਦੁਨੀਆ ਜਹਾਨ ਦੇ ਸਾਰੇ ਗੱਦਾਰ ਤੇ ਕਾਇਰ ਇਕੱਠੇ ਕੀਤੇ ਅਤੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਏ।’’ ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਨੂੰ ਆਰਐੱਸਐੱਸ ਤੇ ਭਾਜਪਾ ਦੇ ਪੁਰਾਣੇ ਕਾਰਕੁਨਾਂ ’ਤੇ ਤਰਸ ਆਉਂਦਾ ਹੈ ਜੋ ਕਹਿੰੰਦੇ ਹਨ ਕਿ ਉਨ੍ਹਾਂ ਨੇ ਸੰਗਠਨ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਵਿਰੋਧੀ ਧਿਰ ਦੇ ਵਿਵਹਾਰ ਬਾਰੇ ‘ਰੋਣਾ ਰੋਣ’ ਲਈ ਪ੍ਰਧਾਨ ਮੰਤਰੀ ਮੋਦੀ ’ਤੇ ਵਿਅੰਗ ਕੀਤਾ। ਉਨ੍ਹਾਂ ਕਿਹਾ, ‘‘ਕੀ ਤੁਸੀਂ ਸਲਮਾਨ ਖ਼ਾਨ ਦੀ ਫ਼ਿਲਮ ‘ਤੇਰੇ ਨਾਮ’ ਦੇਖੀ ਹੈ ਜਿਸ ਵਿੱਚ ਉਹ ਸ਼ੁਰੂ ਤੋਂ ਅਖ਼ੀਰ ਤੱਕ ਰੋਂਦਾ ਰਹਿੰਦਾ ਹੈ?’’, ਉਨ੍ਹਾਂ ਕਿਹਾ, ‘‘ਮੈਂ ਕਹਿੰਦੀ ਹਾਂ, ਆਓ ਅਸੀਂ ਮੋਦੀ ਜੀ ’ਤੇ ‘ਮੇਰੇ ਨਾਮ’ ਸਿਰਲੇਖ ਹੇਠ ਇੱਕ ਫਿਲਮ ਬਣਾਈਏ।’’ -ਪੀਟੀਆਈ