ਕਣਕ ਦੀ ਵਧੇਰੇ ਪੈਦਾਵਾਰ ਦੇ ਵਿਗਿਆਨਕ ਤਰੀਕੇ
ਮਨਿੰਦਰ ਕੌਰ/ਹਰੀ ਰਾਮ/ਬੇਅੰਤ ਸਿੰਘ*
ਕਣਕ ਦੀ ਵਧੇਰੇ ਪੈਦਾਵਾਰ ਲਈ ਉਪਜਾਊ ਜ਼ਮੀਨ, ਅਨੁਕੂਲ ਵਾਤਾਵਰਨ, ਉੱਨਤ ਸਿੰਜਾਈ ਸਾਧਨ, ਸੁਧਰੇ ਬੀਜ, ਖਾਦਾਂ ਅਤੇ ਉਤਪਾਦਨ ਤਕਨੀਕਾਂ ਦੇ ਮਸ਼ੀਨੀਕਰਨ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਸ਼ੁਰੂਆਤੀ ਅਵਸਥਾ ਵਿੱਚ ਕਣਕ ਦੇ ਚੰਗੇ ਫੁਟਾਰੇ ਅਤੇ ਚੰਗਾ ਬੂਝਾ ਮਾਰਨ ਲਈ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ, ਦਾਣੇ ਭਰਨ ਸਮੇਂ ਮੱਧਮ ਤਾਪਮਾਨ ਚੰਗੀ ਤਰ੍ਹਾਂ ਦਾਣੇ ਭਰਨ ਅਤੇ ਦਾਣਿਆਂ ਦੇ ਪੱਕਣ ਵਿੱਚ ਸਹਾਈ ਹੁੰਦਾ ਹੈ।
ਉੱਨਤਾਂ ਕਿਸਮਾਂ ਦੀ ਚੋਣ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਪ੍ਰਮਾਣਤ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ। ਪੰਜਾਬ ਦੇ ਸੇਂਜੂ ਇਲਾਕਿਆਂ ਵਿੱਚ ਸਮੇਂ ਸਿਰ ਬਿਜਾਈ ਲਈ ਪੀਬੀਡਬਲਯੂ 826, ਪੀਬੀਡਬਲਯੂ 824, ਪੀਬੀਡਬਲਯੂ 869, ਪੀਬੀਡਬਲਯੂ 803, ਸੁਨਿਹਰੀ (ਪੀਬੀਡਬਲਯੂ 766), ਪੀਬੀਡਬਲਯੂ 1 ਚਪਾਤੀ, ਡੀਬੀਡਬਲਯੂ 222, ਡੀਬੀਡਬਲਯੂ 187, ਐੱਚਡੀ 3226, ਉੱਨਤ ਪੀਬੀਡਬਲਯੂ 343, ਉੱਨਤ ਪੀਬੀਡਬਲਯੂ 550, ਪੀਬੀਡਬਲਯੂ 725 ਅਤੇ ਪੀਬੀਡਬਲਯੂ 677 ਅਤੇ ਵਿਸ਼ੇਸ਼ ਗੁਣਵੱਤਾ ਵਾਲੀਆਂ ਕਿਸਮਾਂ ਜਿਵੇਂ ਕਿ ਪੀਬੀਡਬਲਯੂ ਜ਼ਿੰਕ 2 ਅਤੇ ਪੀਬੀਡਬਲਯੂ 1 ਜ਼ਿੰਕ (ਇਨ੍ਹਾਂ ਦੇ ਦਾਣਿਆਂ ਵਿੱਚ ਜ਼ਿੰਕ ਦੀ ਮਾਤਰਾ ਵਧੇਰੇ ਹੁੰਦੀ ਹੈ) ਕਿ ਪੀਬੀਡਬਲਯੂ ਆਰਐਸ 1 (ਵਧੇਰੇ ਰਸਿਸਟੈਂਟ ਸਟਾਰਚ), ਕਿ ਪੀਬੀਡਬਲਯੂ 1 ਚਪਾਤੀ (ਵਧੀਆ ਰੋਟੀ ਲਈ) ਅਤੇ ਵਡਾਣਕ ਕਿਸਮਾਂ ਜਿਵੇਂ ਕਿ ਡਬਲਯੂਐਚਡੀ 943 ਅਤੇ ਪੀਡੀਡਬਲਯੂ 291 ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਨੀਮ ਪਹਾੜੀ ਇਲਾਕਿਆਂ ਵਿੱਚ ਕਿਸਾਨ ਡੀਬੀਡਬਲਯੂ 222 ਅਤੇ ਪੀਬੀਡਬਲਯੂ 803 ਦੀ ਕਾਸ਼ਤ ਨਾ ਕਰਨ ਕਿਉਂਕਿ ਇਨ੍ਹਾਂ ਕਿਸਮਾਂ ਉੱਤੇ ਪੀਲੀ ਕੁੰਗੀ ਦਾ ਹਮਲਾ ਵਧੇਰੇ ਹੁੰਦਾ ਹੈ।
ਬਿਜਾਈ ਦੇ ਢੰਗ
ਖਾਦ-ਬੀਜ ਡਰਿੱਲ:
ਚੰਗੇ ਵੱਤਰ ਵਾਲੀ ਅਵਸਥਾ ਵਿੱਚ ਖਾਦ-ਬੀਜ ਡਰਿੱਲ ਨਾਲ ਬੀਜ ਅਤੇ ਖਾਦ ਨਿਰਧਾਰਤ ਜਗ੍ਹਾ ਅਤੇ ਕਤਾਰ ਤੋਂ ਕਤਾਰ 15-20 ਸੈਂਟੀਮੀਟਰ ਦੇ ਫਾਸਲੇ ’ਤੇ ਡਿੱਗਦੇ ਹਨ।
ਬੈੱਡਾਂ ’ਤੇ ਬਿਜਾਈ:
ਪਾਣੀ ਦੀ ਬੱਚਤ ਅਤੇ ਨਦੀਨਾਂ ਦੀ ਸੁਚੱਜੀ ਰੋਕਥਾਮ ਇਹ ਤਰੀਕਾ ਬਹੁਤ ਲਾਹੇਵੰਦ ਹੈ। ਇਸ ਨਾਲ ਕਣਕ ਦੀ ਬਿਜਾਈ ਲਈ 37.5 ਸੈਂਟੀਮੀਟਰ ਚੌੜੇ ਬੈੱਡਾਂ ਉੱਤੇ ਕਣਕ ਦੀਆਂ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਅਤੇ ਖਾਲ ਦੀ ਚੌੜਾਈ ਵੀ 30 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਢੰਗ ਨਾਲ 25 ਫ਼ੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਬਿਨਾਂ ਵਾਹੇ ਕਣਕ ਦੀ ਬਿਜਾਈ-
ਜ਼ੀਰੋ ਟਿੱਲ ਡਰਿੱਲ:
ਝੋਨੇ ਦੇ ਕਰਚੇ ਕੱਟੇ ਜਾਂ ਬਾਹਰ ਕੱਢੇ ਹੋਣ ਤਾਂ ਖੇਤ ਨੂੰ ਬਿਨਾਂ ਵਾਹੇ ਕਣਕ ਦੀ ਬਿਜਾਈ ਜ਼ੀਰੋ ਟਿੱਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ ਬਿਜਾਈ ਕਰਨ ਲਈ ਖੇਤ ਦਾ ਵੱਤਰ ਥੋੜ੍ਹਾ ਵਧੇਰੇ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਪਿਛਲੀ ਝੋਨੇ ਦੀ ਫ਼ਸਲ ਨੂੰ ਅਖੀਰਲਾ ਪਾਣੀ ਮਿੱਟੀ ਦੀ ਕਿਸਮ ਅਨੁਸਾਰ 7-10 ਦਿਨ ਪਹਿਲਾਂ ਲਗਾਓ। ਜੇਕਰ ਬਿਜਾਈ ਝੋਨੇ ਦੇ ਵੱਤਰ ਉੱਪਰ ਹੀ ਕੀਤੀ ਜਾਵੇ ਤਾਂ ਇਸ ਨਾਲ ਕਣਕ ਦੀ ਬਿਜਾਈ ਵਿੱਚ ਹੋਣ ਵਾਲੀ ਦੇਰੀ ਨੂੰ ਘਟਾਇਆ ਜਾ ਸਕਦਾ ਹੈ।
ਹੈਪੀ ਸੀਡਰ/ਸੁਪਰ ਸੀਡਰ ਨਾਲ ਬਿਜਾਈ:
ਕੰਬਾਈਨ ਨਾਲ ਕਟਾਈ ਤੋਂ ਬਾਅਦ ਖੜ੍ਹੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ ਜਾਂ ਪੀਏਯੂ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਮਸ਼ੀਨਾਂ ਨਾਲ ਬਿਜਾਈ ਲਈ ਪਰਾਲੀ ਨੂੰ ਖੇਤ ਵਿੱਚ ਇਕਸਾਰ ਖਿਲਾਰ ਲਵੋ ਅਤੇ ਕਣਕ ਦੇ ਬੀਜ ਨੂੰ 10 ਮਿਲੀਲਿਟਰ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਕਲੋਰਪਾਈਰੀਫਾਸ ਨਾਲ ਸੋਧ ਲਵੋ ਅਤੇ ਬਿਜਾਈ ਦੀ ਡੂੰਘਾਈ 3-5 ਸੈਂਟੀਮੀਟਰ ਤੱਕ ਹੀ ਰੱਖੋੋ। ਪੀਬੀਡਬਲਯੂ 869 ਇਸ ਵਿਧੀ ਨਾਲ ਬਿਜਾਈ ਲਈ ਸਭ ਤੋਂ ਢੁਕਵੀਂ ਕਿਸਮ ਹੈ ਇਸ ਕਿਸਮ ਦੇ ਦਾਣੇ ਮੋਟੇ ਹੁੰਦੇ ਹਨ ਅਤੇ ਕੋਲੀਓਪਟਾਇਲ ਦੀ ਲੰਬਾਈ ਵਧੇਰੇ ਹੁੰਦੀ ਹੈ।
ਕਣਕ ਦੀ ਬਿਜਾਈ ਲਈ ਢੁਕਵਾਂ ਸਮਾਂ:
ਕਣਕ ਦਾ ਵਧੇਰੇ ਝਾੜ ਲਈ ਬਿਜਾਈ ਦਾ ਸਮਾਂ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਵਧੇਰੇ ਝਾੜ ਲੈਣ ਲਈ ਨਵੰਬਰ ਦਾ ਪਹਿਲਾ ਪੰਦਰਵਾੜਾ ਬਹੁਤ ਹੀ ਢੁਕਵਾਂ ਹੈ। ਢੁਕਵੇਂ ਸਮੇਂ ਤੋਂ ਇਕ ਹਫ਼ਤੇ ਦੀ ਪਿਛੇਤ ਤਕਰੀਬਨ 1.5 ਕੁਇੰਟਲ ਪ੍ਰਤੀ ਏਕੜ ਝਾੜ ਘਟਾ ਦਿੰਦੀ ਹੈ। ਕਣਕ ਦੀਆਂ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ 25 ਅਕਤੂਬਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਕਣਕ ਦੀਆਂ ਕਿਸਮਾਂ ਪੀਬੀਡਬਲਯੂ 826, ਪੀਬੀਡਬਲਯੂ 824, ਸੁਨਿਹਰੀ (ਪੀਬੀਡਬਲਯੂ 766), ਪੀਬੀਡਬਲਯੂ 1 ਚਪਾਤੀ, ਡੀਬੀਡਬਲਯੂ 187, ਐੱਚਡੀ 3226, ਉੱਨਤ ਪੀਬੀਡਬਲਯੂ 343, ਪੀਬੀਡਬਲਯੂ 725, ਪੀਬੀਡਬਲਯੂ 677 ਅਤੇ ਡੀਬੀਡਬਲਯੂ 222 ਕਾਸ਼ਤ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਅਖੀਰ ਨਵੰਬਰ ਤੱਕ ਸਿਫ਼ਾਰਸ਼ ਕੀਤੀ ਜਾਂਦੀ ਹੈ ਪਰ ਵਧੇਰੇ ਝਾੜ 14 ਨਵੰਬਰ ਤੱਕ ਹੀ ਮਿਲਦਾ ਹੈ। ਇਹ ਯਾਦ ਰੱਖੋ ਕੇ ਉੱਨਤ ਪੀਬੀਡਬਲਯੂ 550 ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਇਹ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੇਕਰ ਇਸ ਕਿਸਮ ਦੀ ਬਿਜਾਈ ਅਗੇਤੀ ਕੀਤੀ ਜਾਵੇ ਤਾਂ ਜਨਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਕੋਰਾ ਪੈਣ ਕਾਰਨ ਦਾਣੇ ਘੱਟ ਬਣਦੇ ਹਨ, ਜਿਸ ਕਰ ਕੇ ਝਾੜ ਘਟ ਜਾਂਦਾ ਹੈ।
ਬੀਜ ਦੀ ਮਾਤਰਾ:
ਫ਼ਸਲ ਦੀ ਕਿਸਮ ਦੀ ਚੋਣ ਤੋਂ ਬਾਅਦ ਨਰੋਆ, ਬਿਮਾਰੀ ਰਹਿਤ (ਖਾਸ ਕਰ ਕੇ ਕਰਨਾਲ ਬੰਟ) ਅਤੇ ਸਾਫ਼-ਸੁਥਰੇ ਸਿਹਤਮੰਦ ਬੀਜ ਦੀ ਚੋਣ ਕਰਨੀ ਚਾਹੀਦੀ ਹੈ। ਉੱਨਤ ਪੀਬੀਡਬਲਯੂ 550 ਅਤੇ ਪੀਬੀਡਬਲਯੂ 869 ਲਈ 45 ਕਿਲੋ/ਏਕੜ ਅਤੇ ਬਾਕੀ ਸਾਰੀਆਂ ਸਿਫ਼ਾਰਸ਼ ਕਿਸਮਾਂ ਲਈ 40 ਕਿਲੋ/ ਏਕੜ ਬੀਜ ਪਾਉਣਾ ਚਾਹੀਦਾ ਹੈ। ਹੈਪੀ ਸੀਡਰ ਲਈ 45 ਕਿਲੋ/ਏਕੜ ਬੀਜ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
ਬੀਜ ਦੀ ਸੋਧ ਅਤੇ ਟੀਕਾ ਲਗਾਉਣਾ:
ਸਿਉਂਕ ਅਤੇ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕੇਵਲ ਬੀਜ ਸੋਧ ਨਾਲ ਹੀ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਕੀਤੀ ਸੋਧ ਨਾਲ ਰਸਾਇਣਿਕ ਦਵਾਈਆਂ ਦੀ ਮਾਤਰਾ ਘੱਟ ਵਰਤੀ ਜਾਂਦੀ ਹੈ। ਇਸ ਨਾਲ ਮਿੱਟੀ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ। ਸਿਉਂਕ ਦੀ ਰੋਕਥਾਮ ਲਈ ਡਰਸਬਾਨ/ ਰੂਬਾਨ/ਡਰਮਿਟ 20 ਈਸੀ (ਕਲੋਰਪਾਈਰੀਫਾਸ) 160 ਮਿਲੀਲਿਟਰ ਜਾਂ 80 ਮਿਲੀਲੀਟਰ ਨਿਉਨਿਕਸ 20 ਐਫਐਸ (ਇਮਿਡਾਕਲੋਪਰਿਡ ਹੈਕਸਾਕੋਨਾਜ਼ੋਲ) ਪ੍ਰਤੀ ਏਕੜ 40 ਕਿਲੋ ਬੀਜ ਲਈ ਵਰਤਿਆ ਜਾ ਸਕਦਾ ਹੈ। ਸਿੱਟਿਆਂ ਅਤੇ ਪੱਤਿਆਂ ਦੀ ਕਾਂਗਿਆਰੀ ਬਿਮਾਰੀਆਂ ਦੀ ਰੋਕਥਾਮ ਲਈ ਪ੍ਰਤੀ 40 ਕਿਲੋ ਬੀਜ ਨੂੰ 13 ਮਿਲੀਲਿਟਰ ਰੈਕਸਲ ਈਜ਼ੀ/ਓਰੀਅਸ 6 ਐਫਐਸ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂਐਸ (ਕਾਰਬੋਕਸਿਨ ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਕਣਕ ਦੇ 40 ਕਿਲੋ ਬੀਜ ਲਈ 500 ਗ੍ਰਾਮ ਕੰਸੋਰਸ਼ੀਅਮ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ ਬੀਜ ਤੇ ਚੰਗੀ ਤਰ੍ਹਾਂ ਮਿਲਾ ਲਓ। ਬੀਜ ਸੋਧ ਅਤੇ ਟੀਕਾ ਲਗਾਉਂਦੇ ਸਮੇਂ ਕਿਸਾਨ ਧਿਆਨ ਦੇਣ ਕੇ ਬੀਜ ਨੂੰ ਪਹਿਲਾਂ ਕੀਟਨਾਸ਼ਕ ਫਿਰ ਉੱਲੀਨਾਸ਼ਕ ਅਤੇ ਅਖ਼ੀਰ ਵਿੱਚ ਦਵਾਈਆਂ ਨਾਲ ਸੋਧਣ ਤੋਂ ਛੇ ਘੰਟਿਆਂ ਬਾਅਦ ਜੀਵਾਣੂੰ ਟੀਕੇ ਨਾਲ ਸੋਧਣ। ਬੀਜ ਨੂੰ ਟੀਕਾ ਬਿਜਾਈ ਤੋਂ ਅੱਧਾ ਘੰਟਾ ਪਹਿਲਾਂ ਲਗਾਓ ਅਤੇ ਬੀਜ ਨੂੰ ਛਾਂ ਵਿੱਚ ਸੁਕਾਓ ਅਤੇ ਓਸੇ ਸਮੇਂ ਬਿਜਾਈ ਕਰ ਦਿਓ।
ਖਾਦਾਂ ਦੀ ਵਰਤੋਂ:
ਮਿੱਟੀ ਦੀ ਪਰਖ ਦੇ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮਿੱਟੀ ਦੀ ਗੁਣਵੱਤਾ ਵਧਾਉਣ ਲਈ ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ (10 ਟਨ ਪ੍ਰਤੀ ਏਕੜ) ਜਾਂ ਮੁਰਗੀਆਂ ਦੀ ਖਾਦ (2.5 ਟਨ ਪ੍ਰਤੀ ਏਕੜ) ਜਾਂ ਹਰੀ ਖਾਦ ਜਿਵੇਂ ਕਿ ਢੈਂਚਾ ਜਾਂ ਸਣ ਜਾਂ ਚੌਲਾਂ ਦੀ ਫੱਕ ਦੀ ਸੁਆਹ ਜਾਂ ਗੰਨਿਆਂ ਦੇ ਪੀੜ ਦੀ ਸੁਆਹ (4 ਟਨ ਪ੍ਰਤੀ ਏਕੜ) ਦੀ ਵਰਤੋਂ ਕਰਨੀ ਚਾਹੀਦੀ ਹੈ।
ਖਾਦ ਪ੍ਰਬੰਧ:
ਦਰਮਿਆਨੀਆਂ ਜ਼ਮੀਨਾਂ ਵਿੱਚ ਰਵਾਇਤੀ ਬਿਜਾਈ ਲਈ 90 ਕਿਲੋ ਯੂਰੀਆ ਅਤੇ 55 ਕਿਲੋ ਡੀਏਪੀ ਅਤੇ ਹੈਪੀ ਸੀਡਰ/ਸੁਪਰ ਸੀਡਰ ਨਾਲ ਬੀਜੀ ਕਣਕ ਨੂੰ 65 ਕਿਲੋ ਡੀਏਪੀ ਅਤੇ 90 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਬਿਜਾਈ ਵੇਲੇ ਸਾਰੀ ਫਾਸਫੋਰਸ ਕੇਰ ਦਿਓ ਅਤੇ ਅੱਧੀ ਯੂਰੀਆ ਪਹਿਲੇ ਪਾਣੀ ਅਤੇ ਬਚਦੀ ਅੱਧੀ ਯੂਰੀਆ ਦੂਜੇ ਪਾਣੀ ਤੋਂ ਪਹਿਲਾਂ ਵੇਲੇ ਛੱਟੇ ਨਾਲ ਪਾਓ। ਕਲਰਾਠੀਆਂ ਜ਼ਮੀਨਾਂ ਵਿੱਚ 25 ਫ਼ੀਸਦੀ ਵਧੇਰੇ ਯੂਰੀਆ ਖਾਦ ਪਾਓ ਅਤੇ ਜੈਵਿਕ ਖਾਦਾਂ ਤੋਂ ਬਾਅਦ ਕਣਕ ਦੀ ਫ਼ਸਲ ਨੂੰ 25 ਫ਼ੀਸਦੀ ਘਟਾ ਕੇ ਯੂਰੀਆ ਪਾਓ।
ਸਿੰਜਾਈ ਦਾ ਸਮਾਂ:
ਕਣਕ ਦੀ ਬਿਜਾਈ ਭਰਵੀ ਰੌਣੀ ਕਰ ਕੇ ਕਰਨੀ ਚਾਹੀਦੀ ਹੈ। ਜੇ ਝੋਨੇ ਦੀ ਫ਼ਸਲ ਕੱਟਣ ਵਿੱਚ ਦੇਰੀ ਹੋ ਰਹੀ ਹੋਵੇ ਤਾਂ ਕਣਕ ਦੀ ਸਮੇਂ ਸਿਰ ਬਿਜਾਈ ਲਈ ਖੜ੍ਹੇ ਝੋਨੇ ਵਿੱਚ ਕਟਾਈ ਤੋਂ 5-10 ਦਿਨ (ਜ਼ਮੀਨ ਅਨੁਸਾਰ) ਪਹਿਲਾਂ ਹੀ ਰੌਣੀ ਵਾਲਾ ਪਾਣੀ ਲਗਾ ਦੇਣਾ ਚਾਹੀਦਾ ਹੈ। ਪਹਿਲਾ ਪਾਣੀ ਬਿਜਾਈ ਤੋਂ ਬਾਅਦ ਹਲਕਾ ਲਾਉਣਾ ਚਾਹੀਦਾ ਹੈ। ਅਕਤੂਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਤਿੰਨ ਹਫ਼ਤਿਆਂ ਬਾਅਦ ਜਦੋਂਕਿ ਨਵੰਬਰ ਬੀਜੀ ਕਣਕ ਨੂੰ ਚਾਰ ਹਫ਼ਤਿਆਂ ਬਾਅਦ ਲਗਾਉਣਾ ਚਾਹੀਦਾ ਹੈ। ਜੇਕਰ ਮਾਰਚ ਵਿੱਚ ਤਾਪਮਾਨ ਇੱਕਦਮ ਵਧ ਜਾਂਦਾ ਹੈ ਤਾਂ ਫ਼ਸਲ ਨੂੰ ਇੱਕ ਪਾਣੀ ਲਾ ਦੇਣਾ ਚਾਹੀਦਾ ਹੈ। ਸਿੰਜਾਈ ਜ਼ਮੀਨ ਅਤੇ ਮੌਸਮ ਦੇ ਮੁਤਾਬਿਕ 2-3 ਦਿਨ ਅੱਗੇ-ਪਿੱਛੇ ਕੀਤੀ ਜਾ ਸਕਦੀ ਹੈ। ਪਾਣੀ ਦੀ ਸੁਚੱਜੀ ਵਰਤੋਂ ਲਈ ਭਾਰੀਆਂ ਜ਼ਮੀਨਾਂ ਵਿੱਚ 8 ਕਿਆਰੇ ਅਤੇ ਹਲਕੀਆਂ ਜ਼ਮੀਨਾਂ ਵਿੱਚ 16 ਕਿਆਰੇ ਪ੍ਰਤੀ ਏਕੜ ਪਾਉਣੇ ਚਾਹੀਦੇ ਹਨ।
ਕਣਕ ਨੂੰ ਗਰਮੀ ਦੇ ਤਣਾਅ ਤੋਂ ਬਚਾਉਣਾ:
ਕਣਕ ਨੂੰ ਅਖੀਰਲੇ ਗਰਮੀ ਦੇ ਤਣਾਅ ਤੋਂ ਬਚਾਉਣ ਲਈ 4 ਕਿਲੋ 200 ਲਿਟਰ ਪਾਣੀ ਵਿੱਚ ਪੋਟਾਸ਼ੀਅਮ ਨਾਈਟ੍ਰੇਟ (13:0:45) ਦਾ ਘੋਲ ਤਿਆਰ ਕਰ ਕੇ ਇਸ ਦੇ ਦੋ ਛਿੜਕਾਅ ਪਹਿਲਾ ਸਿੱਟਾ ਨਿਕਲਣ ਸਮੇਂ ਤੇ ਦੂਜਾ ਬੂਰ ਪੈਣ ਸਮੇਂ ਕਰਨੇ ਚਾਹੀਦੇ ਹਨ ਜਾਂ 15 ਗ੍ਰਾਮ ਸੈਲੀਸੀਲਿਕ ਐਸਿਡ ਨੂੰ 450 ਮਿਲੀਲਿਟਰ ਸਪਿਰਟ ਵਿੱਚ ਘੋਲ ਕੇ ਫਿਰ ਉਸ ਦਾ 200 ਲਿਟਰ ਪਾਣੀ ਘੋਲ ਤਿਆਰ ਕਰ ਕੇ ਛਿੜਕਾਅ ਕਰੋ। ਇਸ ਦਾ ਪਹਿਲਾ ਛਿੜਕਾਅ ਸਿੱਟੇ ਨਿਕਲਣ ਸਮੇਂ ਤੇ ਦੂਜਾ ਦਾਣੇ ਦੋਧੇ ਪੈਣ ਸਮੇਂ ਸ਼ਾਮ ਨੂੰ ਕਰੋ। ਇਨ੍ਹਾਂ ਰਸਾਇਣਾਂ ਦੀ ਵਰਤੋਂ ਨਾਲ ਪੱਤੇ ਲੰਬੇ ਸਮੇਂ ਤੱਕ ਹਰੇ ਰਹਿੰਦੇ ਹਨ ਜਿਸ ਕਰ ਕੇ ਫ਼ਸਲ ਲੰਮਾ ਸਮਾਂ ਲੈ ਕੇ ਵਧੀਆ ਤਰੀਕੇ ਨਾਲ ਪੱਕ ਕੇ ਤਿਆਰ ਹੁੰਦੀ ਹੈ ਅਤੇ ਨਤੀਜੇ ਵਜੋਂ ਦਾਣਿਆਂ ਦੇ ਵਜ਼ਨ ਅਤੇ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ।
*ਪਲਾਂਟ ਬਰੀਡਿੰਗ ਵਿਭਾਗ, ਪੀਏਯੂ, ਲੁਧਿਆਣਾ।
ਸੰਪਰਕ: 98150-98390