ਪੁਰਾਤਨ ਸਮੇਂ ਤੋਂ ਹੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਰਿਹੈ ਵਿਗਿਆਨ: ਬੁੱਧਰਾਮ
ਪੱਤਰ ਪ੍ਰੇਰਕ
ਮਾਨਸਾ, 24 ਅਕਤੂਬਰ
ਜ਼ਿਲ੍ਹਾ ਪ੍ਰਸ਼ਾਸ਼ਨ, ਸਿੱਖਿਆ ਵਿਭਾਗ ਅਤੇ ਰੈੱਡ ਕਰਾਸ ਦੇ ਸਾਂਝੇ ਉਪਰਾਲੇ ਤਹਿਤ ਇਥੇ ਲਾਈ ਗਈ ਮਾਰਸ ਸਾਇੰਸ ਪ੍ਰਦਰਸ਼ਨੀ ਯਾਦਗਾਰੀ ਹੋ ਨਿਬੜੀ। ਅੱਜ ਦੇ ਇਸ ਸਾਇੰਸ ਮੇਲੇ ਦੇ ਅੰਤਿਮ ਦਿਨ ਆਪ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਮਾਨਸਾ ਤੋਂ ਵਿਧਾੲਕ ਵਿਜੈ ਸਿੰਗਲਾ, ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜੇਤੂ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਮੋਹਤਬਰ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ।
ਪ੍ਰਿੰਸੀਪਲ ਬੁੱਧ ਰਾਮ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨ ਦਾ ਸਬੰਧ ਮਨੁੱਖ ਨਾਲ ਅੱਜ ਦਾ ਨਹੀਂ, ਸਗੋਂ ਪੁਰਾਤਨ ਸਮੇਂ ਤੋਂ ਹੀ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਾਇੰਸ ਨੇ ਕਾਫ਼ੀ ਤਰੱਕੀ ਕਰ ਲਈ ਹੈ ਅਤੇ ਹਰ ਖੇਤਰ ਹੀ ਸਾਇੰਸ ਤੋਂ ਬਗੈਰ ਅਧੂਰਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਸਾਇੰਸ ਦੇ ਦੋਵੇਂ ਪੱਖ ਨਕਾਰਾਤਮਕ ਅਤੇ ਸਕਾਰਾਤਮਕ ਹੁੰਦੇ ਹਨ। ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਅੱਜ ਸਾਇੰਸ ਨੇ ਕਾਫ਼ੀ ਤਰੱਕੀ ਕਰ ਲਈ ਹੈ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦਾਇਰਾ ਕਾਫ਼ੀ ਵੱਡਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਭਵਿੱਖ ਵਿੱਚ ਵਿਗਿਆਨ ਦੇ ਖੇਤਰ ਦਾ ਹੋਰ ਵੀ ਫੈਲਾਅ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਾਇੰਸ ਵਿਸ਼ੇ ਪ੍ਰਤੀ ਆਪਣੀ ਰੂਚੀ ਵਧਾਉਣ ਅਤੇ ਕੜੀ ਮਿਹਨਤ ਕਰਕੇ ਨਵੀਆਂ ਖੋਜਾਂ ਕਰਕੇ ਆਪਣੇ ਜ਼ਿਲ੍ਹੇ ਦਾ ਦੇਸ਼ ਅਤੇ ਦੁਨੀਆ ਪੱਧਰ ’ਤੇ ਨਾਮ ਰੋਸ਼ਣ ਕਰਨ।
ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਹਿਲਾਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਇੱਕ ਥਾਂ ਤੋਂ ਦੂਜੀ ਥਾਂ ’ਤੇ ਕੁਝ ਹੀ ਸਕਿੰਟਾਂ ਵਿੱਚ ਗੱਲ ਹੋ ਪਾਇਆ ਕਰੇਗੀ ਅੱਜ ਮੋਬਾਇਲ ਨਾਲ ਇਹ ਸਾਬਿਤ ਹੋ ਚੁੱਕਾ ਹੈ ਅਤੇ ਅਸੀਂ ਮੋਬਾਇਲ ਜਾਂ ਹੋਰ ਤਕਨੀਕੀ ਸਾਧਨਾਂ ਦੇ ਜਰੀਏ ਕਈ ਕਿਲੋਮੀਟਰ ਦੂਰ ਬੈਠੇ ਵਿਅਕਤੀ ਦੀ ਤਸਵੀਰ ਦੇਖ ਕੇ ਵੀ ਗੱਲ ਕਰ ਸਕਦੇ ਹਾਂ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਇਸ ਮਾਰਸ ਸਾਇੰਸ ਪ੍ਰਦਰਸ਼ਨੀ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਕਰੀਬ 90 ਸਕੂਲਾਂ ਦੇ 3500 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ।