ਡਿਵਾਈਨ ਸਕੂਲ ’ਚ ਵਿਗਿਆਨ ਪ੍ਰਦਰਸ਼ਨੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਦਸੰਬਰ
ਡਿਵਾਈਨ ਪਬਲਿਕ ਸਕੂਲ ਵਿੱਚ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਕ੍ਰਿਸ਼ਨ ਧਮੀਜਾ, ਡਾ. ਕੁਲਦੀਪ ਢੀਂਡਸਾ, ਡਾ. ਗੁਣਤਾਸ ਸਿੰਘ ਗਿੱਲ ਤੇ ਪਾਲਿਕਾ ਪ੍ਰਧਾਨ ਡਾ. ਗੁਲਸ਼ਨ ਕਵਾਤਰਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਜੱਜਾਂ ਦੀ ਭੂਮਿਕਾ ਗਣਿਤ ਅਧਿਆਪਕ ਸੁਨੀਲ ਤੇ ਫਿਜ਼ਿਕਸ ਅਧਿਆਪਕ ਦਿਨੇਸ਼ ਅਗਰਵਾਲ ਨੇ ਨਿਭਾਈ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸਕੂਲ ਪ੍ਰਿੰਸੀਪਲ ਰਾਜਿੰਦਰ ਖੁਬੜ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆਂ ’ਚ ਵਿਗਿਆਨਕ ਸੋਚ ਵਿਕਸਤ ਕਰਨ ਦੇ ਉਦੇਸ਼ ਨਾਲ ਵਿਗਿਆਨ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਬੱਚਿਆਂ ਦੀ ਸਭ ਤੋਂ ਚੰਗੀਆਂ ਮਿੱਤਰ ਹਨ।
ਜਾਣਕਾਰੀ ਅਨੁਸਾਰ ਪ੍ਰਦਰਸ਼ਨੀ ਵਿੱਚ ਪੰਜਵੀਂ ਤੋਂ ਲੈ ਕੇ 11ਵੀਂ ਤਕ ਦੇ ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਨੇ ਵਿਗਿਆਨ, ਸਮਾਜਿਕ ਵਿਗਿਆਨ ਤੇ ਗਣਿਤ ਦੇ ਮਾਡਲ ਪ੍ਰਦਰਸ਼ਿਤ ਕੀਤੇ। ਇਸ ਪ੍ਰਦਰਸ਼ਨੀ ਵਿੱਚ ਪੰਜਵੀਂ ਦੇ ਵਿਦਿਆਰਥੀਆਂ ਨੇ ਵਾਟਰ ਡਿਸਪੈਂਸਰ, ਸੋਲਰ ਆਵਨ, 6ਵੀਂ ਕਲਾਸ ਨੇ ਲੇਜਰ ਆਧਾਰਤ ਸੁਰੱਖਿਆ ਪ੍ਰਣਾਲੀ, 7ਵੀਂ ਦੇ ਵਿਦਿਆਰਥੀਆਂ ਨੇ ਕਾਰਬਨ ਸ਼ੁਧੀਕਰਨ, 8ਵੀਂ ਕਲਾਸ ਨੇ ਵੇਸਟ ਪੇਪਰ ਟਰੀਟਮੈਂਟ ਪਲਾਂਟ, 9ਵੀਂ ਕਲਾਸ ਨੇ ਪੀਸੀਓਡੀ ਜਾਗਰੂਕਤਾ ਸਬੰਧੀ, 11ਵੀਂ ਕਲਾਸ ਨੇ ਜੇਸਚਰ ਕਾਰ ਆਰਟੀਫਿਸ਼ਲ ਇੰਟਲੀਜੈਂਸ ਚਸਮਾ ਆਦਿ ਬਣਾਏ। ਇਸ ਤੋਂ ਇਲਾਵਾ ਪੁਸਤਕ ਮੇਲਾ ਮਾਪਿਆਂ ਤੇ ਬੱਚਿਆਂ ਲਈ ਖਿੱਚ ਦਾ ਕੇਂਦਰ ਰਿਹਾ। ਮਾਡਲਾਂ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਸ਼ੂਤੋਸ਼ ਗਰਗ, ਸਾਹਿਲ ਸਿੰਗਲਾ, ਦੀਪਕ ਕੱਕੜ, ਸੁਭਾਸ਼ ਸਿੰਗਲਾ ਤੇ ਮਹੇਸ਼ ਗੋਇਲ ਆਦਿ ਮੌਜੂਦ ਸਨ।