ਤਿਓਣਾ, ਪਥਰਾਲਾ ਅਤੇ ਚੁੱਘੇ ਖੁਰਦ ’ਚ ਬਣਨਗੇ ਸਕੂਲ ਆਫ਼ ਐਮੀਨੈਂਸ: ਭੱਲਾ
ਸ਼ਗਨ ਕਟਾਰੀਆ
ਬਠਿੰਡਾ, 20 ਅਕਤੂਬਰ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਹਲਕਾ ਬਠਿੰਡਾ (ਦਿਹਾਤੀ) ਤੋਂ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਦੇ ਯਤਨਾਂ ਸਦਕਾ ਹਲਕੇ ਦੇ ਤਿੰਨ ਪਿੰਡਾਂ ਤਿਓਣਾ, ਪਥਰਾਲਾ ਅਤੇ ਚੁੱਘੇ ਖੁਰਦ ਅੰਦਰ ਸਕੂਲ ਆਫ਼ ਐਮੀਨੈਂਸ ਬਣਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂਸਕੂਲਾਂ ਲਈ 1.20 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਚੇਅਰਮੈਨ ਜਤਿੰਦਰ ਭੱਲਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਤੋਂ ਇਲਾਵਾ ਖੇਡਾਂ ਦੇ ਖੇਤਰ ਨੂੰ ਉੱਪਰ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਖੋਲ੍ਹ ਕੇ ਬੱਚਿਆਂ ਨੂੰ ਉੱਚ ਪੱਧਰ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਮੈਨੇਜਮੈਂਟ ਕਮੇਟੀਆਂ, ਮੁੱਖ ਅਧਿਆਪਕਾਂ ਅਤੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਆਪਸੀ ਸਹਿਯੋਗ ਸਦਕਾ ਸਕੂਲ ਆਫ਼ ਐਮੀਨੈਂਸ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਅਗਲੇ ਦਿਨਾਂ ਵਿਚ ਬਠਿੰਡਾ ਦਿਹਾਤੀ ਹਲਕੇ ਦੇ ਹੀ 10 ਹੋਰ ਸਰਕਾਰੀ ਸਕੂਲਾਂ ਨੂੰ ਅਜਿਹੇ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ। ਸ੍ਰੀ ਭੱਲਾ ਨੇ ਗਰਾਂਟ ਜਾਰੀ ਕਰਨ ਲਈ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਧੰਨਵਾਦ ਵੀ ਕੀਤਾ।