ਸਕੂਲ ਦਾ ਸਾਲਾਨਾ ਖੇਡ ਦਿਵਸ ਮਨਾਇਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਦਸੰਬਰ
ਖੇਡਾਂ ਨਾ ਸਿਰਫ ਸਰੀਰਕ ਨੂੰ ਤੰਦਰੁਸਤ ਬਣਾਉਂਦੀਆਂ ਹਨ ਸਗੋਂ ਮਾਨਸਿਕ ਤੇ ਸਮਾਜਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਦੀਆਂ ਹਨ। ਇਹ ਵਿਚਾਰ ਹਾਕੀ ਦੀ ਉੱਘੀ ਖਿਡਾਰਨ, ਭੀਮ ਐਵਾਰਡੀ ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਕੋਚ ਜੈਦੀਪ ਕੌਰ ਨੇ ਐੱਸਜੀਐੱਨਪੀ ਸਕੂਲ ਦੇ ਸਾਲਾਨਾ ਖੇਡ ਦਿਵਸ ਮੌਕੇ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਆਪਣਾ ਤੇ ਦੇਸ਼ ਦਾ ਨਾਂ ਰੋਸ਼ਨ ਕਰਨ। ਉਨ੍ਹਾਂ ਇਸ ਗੱਲ ’ਤੇ ਬੜਾ ਮਾਣ ਕੀਤਾ ਕਿ ਜਿਸ ਐੱਸਜੀਐੱਨਪੀ ਸਕੂਲ ਦੀ ਉਹ ਵਿਦਿਆਰਥਣ ਸੀ ਤੇ ਇਸ ਸਕੂਲ ਦੇ ਮੈਦਾਨ ਤੋਂ ਹੀ ਉਨ੍ਹਾਂ ਨੇ ਦਰੋਣਾਚਾਰੀਆ ਕੋਚ ਬਲਦੇਵ ਸਿੰਘ ਤੋਂ ਹਾਕੀ ਦੀਆਂ ਬਾਰੀਕੀਆਂ ਸਿੱਖ ਕੇ ਇਹ ਮੁਕਾਮ ਹਾਸਲ ਕੀਤਾ ਹੈ। ਅੱਜ ਉਹ ਆਪਣੇ ਪੁਰਾਣੇ ਖੇਡ ਮੈਦਾਨ ਨੂੰ ਦੇਖ ਕੇ ਭਾਵੁਕ ਹੋ ਗਈ। ਸਕੂਲ ਦੀ ਪ੍ਰਿੰਸੀਪਲ ਦੀਪਾਂਸ਼ ਕੌਰ ਨੇ ਸਕੂਲ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਵਿਦਿਆਰਥੀਆਂ ਦੀ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਪੀਟੀ ਡਰਿਲ, ਯੋਗ, ਰੱਸਾ ਕਸ਼ੀ ਤੇ ਅਥਲੈਟਿਕਸ ਇਵੈਂਟਸ ਮੁੱਖ ਸਨ। ਵਿਦਿਆਰਥੀਆਂ ਦੇ ਮਾਪਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਹਾਕੀ ਨਰਸਰੀ ਕੋਚ ਜਸਦੀਪ ਸਿੰਘ ਤੇ ਆਨਰੇਰੀ ਕੋਚ ਤੇ ਐਡਵਾਈਜਰ ਗੁਰਪ੍ਰੀਤ ਸਿੰਘ ਦੀ ਦੇਖ ਰੇਖ ਵਿੱਚ ਚਲਾਈ ਜਾ ਰਹੀ ਹਾਕੀ ਨਰਸਰੀ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਕੀ ਪ੍ਰੇਮੀ ਕੁਲਦੀਪ ਤਿਉੜਾ ਨੇ ਹਾਕੀ ਅਕਾਦਮੀ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਮੁੱਖ ਮਹਿਮਾਨ ਜੈਦੀਪ ਕੌਰ ਨੇ ਸਕੂਲ ਨੂੰ 31 ਹਜ਼ਾਰ ਰੁਪਏ ਦੇਣ ਦੀ ਘੋਸ਼ਣਾ ਕੀਤੀ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮਨਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਓਵਰਆਲ ਟਰਾਫੀ ਗਰੀਨ ਹਾਊਸ ਨੂੰ ਮਿਲੀ।