ਯੂਟੀ ਵਿੱਚ ਸਕੂਲ ਤੇ ਕਾਲਜ 13 ਜੁਲਾਈ ਤੱਕ ਬੰਦ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਜੁਲਾਈ
ਯੂਟੀ ਵਿੱਚ ਪਿਛਲੇ ਦੋ ਦਨਿਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਇਥੋਂ ਦੇ ਸਕੂਲ ਤੇ ਕਾਲਜ 13 ਜੁਲਾਈ ਤੱਕ ਵਿਦਿਆਰਥੀਆਂ ਲਈ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਬੀਤੇ ਦਨਿ ਸਕੂਲ ਮੁਖੀਆਂ ਨੂੰ ਹਾਲਾਤ ਅਨੁਸਾਰ ਬੰਦ ਰੱਖਣ ਦੀ ਹਦਾਇਤ ਜਾਰੀ ਕੀਤੀ ਸੀ ਪਰ ਇਸ ਦਾ ਵਿਰੋਧ ਹੋਣ ਤੋਂ ਬਾਅਦ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਅੱਜ ਹੁਕਮ ਜਾਰੀ ਕਰ ਕੇ ਕਿਹਾ ਕਿ ਯੂਟੀ ਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲ 13 ਜੁਲਾਈ ਤਕ ਬੰਦ ਰਹਿਣਗੇ। ਉਨ੍ਹਾਂ ੲਿਸ ਸਬੰਧੀ ਵਿਦਿਆਰਥੀਆਂ ਤੇ ਸਟਾਫ ਨੂੰ ਅਗਾਊਂ ਸੂਚਿਤ ਕਰਨ ਲਈ ਵੀ ਕਿਹਾ ਹੈ। ਦੂਜੇ ਪਾਸੇ ਸ਼ਹਿਰ ਦੇ ਕਈ ਨਿੱਜੀ ਸਕੂਲਾਂ ਨੇ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਉਣ ਜਾਰੀ ਕਰਵਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਸਕੂਲ ਐਜੂਕੇਸ਼ਨ ਦੇ 9 ਜੁਲਾਈ ਨੂੰ ਜਾਰੀ ਹੋਏ ਹੁਕਮਾਂ ’ਤੇ ਅੱਜ ਸ਼ਹਿਰ ਦੇ ਕਈ ਸਕੂਲ ਖੁੱਲ੍ਹੇ ਪਰ ਭਾਰੀ ਮੀਂਹ ਪੈਣ ਕਾਰਨ ਤੇ ਕਈ ਥਾਵਾਂ ਤੋਂ ਸੜਕਾਂ ਟੁੱਟਣ ਕਾਰਨ ਮਾਪਿਆਂ ਦੀਆਂ ਸ਼ਿਕਾਇਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਤਕ ਪੁੱਜਣਗੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਲਈ ਅਗਲੇ ਤਿੰਨ ਦਨਿ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਭਵਨ ਵਿਦਿਆਲਿਆ ਸਕੂਲ ਸੈਕਟਰ-27 ਤੇ 33 ਨੇ ਅੱਜ ਆਪਣੇ ਅਧਿਆਪਕਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਭਲਕੇ ਤੋਂ ਅਗਲੇ ਹੁਕਮਾਂ ਤਕ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਲੈਣ ਤੇ ਇਸ ਸਬੰਧੀ ਵਿਦਿਆਰਥੀਆਂ ਨੂੰ ਸਰਕੁਲਰ ਜਾਰੀ ਕੀਤੇ ਜਾਣ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹੋਰ ਨਿੱਜੀ ਸਕੂਲਾਂ ਨੇ ਵੀ ਅਗਲੇ ਤਿੰਨ ਦਨਿ ਆਨਲਾਈਨ ਜਮਾਤਾਂ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੂਜੇ ਪਾਸੇ ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ ਸਕੂਲ ਮੁਕੰਮਲ ਬੰਦ ਰਹਿਣਗੇ ਤੇ ਹਾਲੇ ਆਨਲਾਈਨ ਪੜ੍ਹਾਈ ਨਹੀਂ ਹੋਵੇਗੀ।
ਕਾਲਜਾਂ ਵਿੱਚ ਆਨਲਾਈਨ ਦਾਖਲਾ ਪ੍ਰਕਿਰਿਆ ਜਾਰੀ ਰਹੇਗੀ: ਡਾਇਰੈਕਟਰ
ਦੂਜੇ ਪਾਸੇ ਡਾਇਰੈਕਟਰ ਹਾਇਰ ਐਜੂਕੇਸ਼ਨ ਅਮਨਦੀਪ ਸਿੰਘ ਭੱੱਟੀ ਨੇ ਵੀ ਅੱਜ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਭਾਰੀ ਮੀਂਹ ਤੇ ਅਗਲੇ ਤਿੰਨ ਦਨਿਾਂ ਵਿੱਚ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਹੋਣ ਤੋਂ ਬਾਅਦ ਸ਼ਹਿਰ ਦੇ ਸਰਕਾਰੀ ਤੇ ਨਿੱਜੀ ਕਾਲਜ 13 ਜੁਲਾਈ ਤਕ ਬੰਦ ਰਹਿਣਗੇ। ਉਨ੍ਹਾਂ ਕਾਲਜ ਮੁਖੀਆਂ ਤੇ ਸਟਾਫ ਨੂੰ ਇਕ ਹੋਰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਛੁੱਟੀਆਂ ਦੌਰਾਨ ਆਨਲਾਈਨ ਦਾਖਲਾ ਪ੍ਰਕਿਰਿਆ ਆਮ ਵਾਂਗ ਚਲਦੀ ਰਹੇਗੀ ਤੇ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੇ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਕਾਲਜ ਅਧਿਕਾਰੀਆਂ ਤੇ ਪ੍ਰਿੰਸੀਪਲਾਂ ਦੀਆਂ ਅਗਲੇ ਦਨਿਾਂ ਵਿੱਚ ਮੀਟਿੰਗਾਂ ਆਮ ਵਾਂਗ ਜਾਰੀ ਰਹਿਣਗੀਆਂ।