For the best experience, open
https://m.punjabitribuneonline.com
on your mobile browser.
Advertisement

ਬਿਨਾਂ ਫਿਟਨੈੱਸ ਪਾਸ ਤੋਂ ਚੱਲ ਰਹੀਆਂ ਨੇ ਸਕੂਲ ਵੈਨਾਂ

06:58 AM Aug 08, 2024 IST
ਬਿਨਾਂ ਫਿਟਨੈੱਸ ਪਾਸ ਤੋਂ ਚੱਲ ਰਹੀਆਂ ਨੇ ਸਕੂਲ ਵੈਨਾਂ
ਹਾਦਸੇ ’ਚ ਸ਼ਿਕਾਰ ਸਕੂਲੀ ਬੱਸ ਦੀ ਹਾਲਤ ਬਿਆਨ ਕਰਦੀ ਤਸਵੀਰ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਅਗਸਤ
ਸਕੂਲ ਵੈਨ ਦੇ ਹਾਦਸੇ ਤੋਂ ਬਾਅਦ ਸਕੂਲੀ ਵੈਨਾਂ ਦੇ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਜਗਰਾਉਂ ਦੇ ਅੱਧੀ ਦਰਜਨ ਤੋਂ ਵਧੇਰੇ ਸਕੂਲਾਂ ’ਚ ਅਜਿਹੀਆਂ ਬੱਸਾਂ ਤੇ ਵੈਨਾਂ ਚੱਲ ਰਹੀਆਂ ਹਨ ਜਿਹੜੀਆਂ ਨਿਯਮਾਂ ਨੂੰ ਪੂਰਾ ਨਹੀਂ ਕਰਦੀਆਂ। ਇਹ ਸਕੂਲੀ ਵੈਨਾਂ ‘ਸੇਫ ਸਕੂਲ ਵਾਹਨ’ ਨੀਤੀ ’ਤੇ ਵੀ ਖਰੀਆਂ ਨਹੀਂ ਉੱਤਰਦੀਆਂ। ਫੇਰ ਸਵਾਲ ਇਹ ਹੈ ਕਿ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਸੜਕਾਂ ’ਤੇ ਕਿਵੇਂ ਚੱਲ ਰਹੀਆਂ ਹਨ। ਪ੍ਰਸ਼ਾਸਨ ਤੇ ਟ੍ਰੈਫਿਕ ਪੁਲੀਸ ਕਿੱਥੇ ਸੁੱਤੀ ਹੋਈ ਹੈ ਅਤੇ ਹਮੇਸ਼ਾ ਦੁਰਘਟਨਾ ਤੋਂ ਬਾਅਦ ਹੀ ਇਹ ਦਿਖਾਵਾ ਮਾਤਰ ਦੋ ਚਾਰ ਦਿਨ ਲਈ ਹਰਕਤ ’ਚ ਕਿਉਂ ਆਉਂਦੀ ਹੈ। ਇਸ ਸਬੰਧ ’ਚ ਬਣਾਈ ਨੀਤੀ ਤਹਿਤ ਡਰਾਈਵਰ ਦੇ ਨਾਲ ਸਹਾਇਕ ਦਾ ਹੋਣਾ ਜ਼ਰੂਰੀ ਹੈ ਪਰ ਬਹੁਗਿਣਤੀ ਬੱਸਾਂ ’ਚ ਕੰਡਕਟਰ ਜਾਂ ਸਹਾਇਕ ਮੌਜੂਦ ਹੀ ਨਹੀਂ।
ਸੂਚਨਾ ਦੇ ਅਧਿਕਾਰ ਤਹਿਤ ਜੋ ਜਾਣਕਾਰੀ ਸਾਹਮਣੇ ਆਈ ਉਹ ਝਟਕਾ ਦੇਣ ਵਾਲੀ ਹੈ। ਹਾਦਸਾਗ੍ਰਸਤ ਬੱਸ ਪੰਜ ਸਾਲ ਤੋਂ ਬਿਨਾਂ ਫਿਟਨੈੱਸ ਪਾਸ ਤੋਂ ਹੀ ਚੱਲ ਰਹੀ ਸੀ। 29 ਜੂਨ 2018 ਤੋਂ ਬਾਅਦ ਬੱਸ ਦੀ ਇੰਸ਼ੋਰੈਂਸ ਵੀ ਨਹੀਂ ਹੋਈ ਸੀ। ਅਜਿਹੇ ’ਚ ਇਹ ਸਕੂਲ ਵੈਨਾਂ ਦਰਜਨਾਂ ਮਾਸੂਮ ਜਿੰਦਾਂ ਨੂੰ ਲੈ ਕੇ ਕਿਵੇਂ ਸਵੇਰੇ-ਸ਼ਾਮ ਜਾਨ ਸੂਲੀ ’ਤੇ ਟੰਗੀ ਸੜਕਾਂ ’ਤੇ ਦੌੜ ਰਹੀਆਂ ਹਨ। ਸਬ ਡਿਵੀਜ਼ਨਲ ਮੈਜਿਸਟਰੇਟ ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਉਹ ਦੋ ਹਫ਼ਤੇ ਤੱਕ ਸਕੂਲੀ ਬੱਸਾਂ ਦੀ ਚੈਕਿੰਗ ਕਰਨਗੇ। ਇਸ ਤੋਂ ਇਲਾਵਾ ਟ੍ਰੈਫਿਕ ਪੁਲੀਸ ਦੇ ਇੰਚਾਰਜ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸਕੂਲਾਂ ਨੂੰ ਵੀ ’ਸੇਫ ਸਕੂਲ ਵਾਹਨ’ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਲਿਖ ਦਿੱਤਾ ਹੈ। ਇਸ ਤੋਂ ਬਾਅਦ ਜੇ ਕੋਈ ਸਕੂਲੀ ਬੱਸ ਨਿਯਮਾਂ ਦਾ ਉਲੰਘਣ ਕਰਕੇ ਚੱਲਦੀ ਮਿਲੀ ਤਾਂ ਬਣਦੀ ਕਾਰਵਾਈ ਹੋਵੇਗੀ। ਫੜੀ ਗਈ ਬੱਸ ਨਾਲ ਸਬੰਧਤ ਸਕੂਲ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ ਨੇ ਕਿਹਾ ਕਿ ਤਾਜ਼ਾ ਘਟਨਾ ਤੋਂ ਬਾਅਦ ਹਰਕਤ ’ਚ ਆਏ ਪ੍ਰਸ਼ਾਸਨ ਨੂੰ ਅਗਲੀ ਦੁਰਘਟਨਾ ਦੀ ਉਡੀਕ ਨਹੀਂ ਕਰਨੀ ਚਾਹੀਦੀ। ਉਸ ਤੋਂ ਪਹਿਲਾਂ ਹਰ ਹਾਲਤ ’ਚ ਨਿਯਮ ਉਲੰਘਣ ਵਾਲੇ ਸਕੂਲਾਂ ਖ਼ਿਲਾਫ਼ ਮਿਸਾਲੀ ਕਾਰਵਾਈ ਅਮਲ ’ਚ ਲਿਆਉਣੀ ਚਾਹੀਦੀ ਹੈ।

Advertisement
Advertisement
Author Image

Advertisement