ਧੁੰਦ ਕਾਰਨ ਸਕੂਲੀ ਵੈਨ ਦੀ ਟਰੈਕਟਰ-ਟਰਾਲੀ ਨਾਲ ਟੱਕਰ
ਪੱਤਰ ਪ੍ਰੇਰਕ
ਪਠਾਨਕੋਟ, 9 ਜਨਵਰੀ
ਭੋਆ ਹਲਕੇ ਦੇ ਪਿੰਡ ਸਿਹੋੜਾ ਵਿੱਚ ਸੰਘਣੀ ਧੁੰਦ ਕਾਰਨ ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਵੈਨ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸਕੂਲੀ ਵੈਨ ਦੇ ਡਰਾਈਵਰ ਦੀਆਂ ਲੱਤਾਂ ਟੁੱਟ ਗਈਆਂ। ਉਸ ਨੂੰ ਪਠਾਨਕੋਟ ਦੇ ਨਜ਼ਦੀਕ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਦ ਕਿ ਬੱਚਿਆਂ ਅਤੇ ਇੱਕ ਅਧਿਆਪਕਾ ਨੂੰ ਮਾਮੂਲੀ ਸੱਟਾਂ ਵੱਜੀਆਂ ਤੇ ਉਨ੍ਹਾਂ ਨੂੰ ਮੁੱਢਲਾ ਇਲਾਜ ਕਰਨ ਬਾਅਦ ਛੁੱਟੀ ਦੇ ਦਿੱਤੀ ਗਈ। ਹਾਦਸਾ ਵਾਪਰਦੇ ਸਾਰ ਟਰੈਕਟਰ ਟਰਾਲੀ ਚਾਲਕ ਮੌਕੇ ’ਤੇ ਟਰੈਕਟਰ ਲੈ ਕੇ ਫਰਾਰ ਹੋ ਗਿਆ। ਨਜ਼ਦੀਕ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਵੱਲੋਂ ਵੈਨ ਵਿੱਚ ਸਵਾਰ ਸਕੂਲੀ ਬੱਚੇ, ਡਰਾਈਵਰ ਅਤੇ ਸਟਾਫ ਨੂੰ ਬਾਹਰ ਕੱਢਿਆ ਗਿਆ।
ਜਾਣਕਾਰੀ ਅਨੁਸਾਰ ਸਵੇਰੇ ਕਰੀਬ 8 ਵਜੇ ਤਾਰਾਗੜ੍ਹ ਦੇ ਇੱਕ ਨਿੱਜੀ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ, ਉਸ ਸਮੇਂ ਸੰਘਣੀ ਧੁੰਦ ਪਈ ਹੋਈ ਸੀ। ਫੋਕਲ ਪੁਆਇੰਟ ਦੇ ਸਾਹਮਣੇ ਤੋਂ ਆ ਰਹੇ ਟਰੈਕਟਰ ਟਰਾਲੀ ਚਾਲਕ ਨੇ ਸਕੂਲੀ ਵੈਨ ਨੂੰ ਟੱਕਰ ਮਾਰ ਦਿੱਤੀ ਅਤੇ ਟਰੈਕਟਰ ਟਰਾਲੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪਰਵਾਸੀ ਮਜ਼ਦੂਰ ਮਸਰੂਮ ਮਲਿਕ ਨੇ ਦੱਸਿਆ ਕਿ ਲੋਕਾਂ ਵੱਲੋਂ ਪੁਲੀਸ ਅਤੇ ਸਿਹਤ ਵਿਭਾਗ ਦੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਗਿਆ। ਡਰਾਈਵਰ ਦੀ ਹਾਲਤ ਗੰਭੀਰ ਹੋਣ ਕਰਕੇ ਲੋਕਾਂ ਨੇ ਉਸ ਨੂੰ ਪਠਾਨਕੋਟ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਅਤੇ 4 ਸਕੂਲ ਟੀਚਰਾਂ ਵਿੱਚੋਂ ਇੱਕ ਦੇ ਮਾਮੂਲੀ ਸੱਟਾਂ ਵੱਜੀਆਂ।
ਬੇਕਾਬੂ ਸਕੂਲ ਵੈਨ ਦੁਕਾਨ ’ਚ ਵੜੀ
ਦੀਨਾਨਗਰ (ਕੇਪੀ ਸਿੰਘ): ਸਰਹੱਦੀ ਕਸਬਾ ਦੋਰਾਂਗਲਾ ਨੇੜੇ ਪਿੰਡ ਸੰਘੋਰ ਵਿੱਚ ਨਿੱਜੀ ਸਕੂਲ ਦੀ ਵੈਨ ਬੇਕਾਬੂ ਹੋ ਕੇ ਘਰ ਦੀ ਕੰਧ ਨਾਲ ਟਕਰਾ ਕੇ ਦੁਕਾਨ ਵਿੱਚ ਜਾ ਵੜੀ ਜਿਸ ਕਾਰਨ ਦੁਕਾਨ ਦਾ ਕਾਫ਼ੀ ਨੁਕਸਾਨ ਹੋ ਗਿਆ। ਇਹ ਬੱਸ ਦੀਨਾਨਗਰ ਤੋਂ ਦੇਰਾਂਗਲਾ ਜਾ ਰਹੀ ਸੀ। ਗ਼ਨੀਮਤ ਇਹ ਰਹੀ ਕਿ ਸਕੂਲ ਵੈਨ ਜਿਸ ਵਕਤ ਹਾਦਸੇ ਦਾ ਸ਼ਿਕਾਰ ਹੋਈ, ਉਸ ਵਿੱਚ ਸਿਰਫ਼ ਇੱਕ ਬੱਚਾ ਹੀ ਸਵਾਰ ਸੀ ਜੋ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਮੌਕੇ ’ਤੇ ਮੌਜੂਦ ਨੌਜਵਾਨ ਨੇ ਦੱਸਿਆ ਕਿ ਵੈਨ ਵਿੱਚ ਬੈਠੇ ਬੱਚੇ ਨੂੰ ਹਾਦਸੇ ਮਗਰੋਂ ਵੈਨ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਬੱਚੇ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਈ-ਰਿਕਸ਼ਾ ਪਲਟਿਆ, ਅੱਠ ਵਿਅਕਤੀ ਜ਼ਖਮੀ
ਕਪੂਰਥਲਾ (ਜਸਬੀਰ ਸਿੰਘ ਚਾਨਾ): ਕਾਂਜਲੀ ਰੋਡ ’ਤੇ ਪੁਲੀਸ ਲਾਈਨ ਨਜ਼ਦੀਕ ਸੜਕ ਕਿਨਾਰੇ ਖੱਡਾ ਹੋਣ ਕਾਰਨ ਸਵਾਰੀਆਂ ਸਮੇਤ ਈ-ਰਿਕਸ਼ਾ ਪਲਟ ਗਿਆ ਜਿਸ ਕਾਰਨ ਬੱਚੀ ਸਮੇਤ 8 ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ’ਚੋਂ ਚਾਰ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਬਾਕੀ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ। ਜ਼ਖਮੀਆਂ ਦੀ ਪਛਾਣ ਮੋਹਨ ਲਾਲ ਪੁੱਤਰ ਝੰਡਾ ਵਾਸੀ ਕਾਂਜਲੀ, ਉਸ ਦੀ ਪਤਨੀ ਪ੍ਰਕਾਸ਼ ਕੌਰ, ਅਰਮਾਨ ਪੁੱਤਰ ਸੁਖਵਿੰਦਰ, ਸੋਨੀਆ, ਰੀਤ (3), ਬਲਵਿੰਦਰ ਕੌਰ, ਜਸਬੀਰ ਕੌਰ ਤੇ ਡਰਾਈਵਰ ਵਿਕਾਸ ਕ੍ਰਿਸ਼ਨ ਵਜੋਂ ਹੋਈ। ਈ-ਰਿਕਸ਼ਾ ਡਰਾਈਵਰ ਵਿਕਾਸ ਕ੍ਰਿਸ਼ਨ ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਕਾਂਜਲੀ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਪੁਲੀਸ ਲਾਈਨ ਨਜ਼ਦੀਕ ਪੁੱਜਾ ਤਾਂ ਸੜਕ ਟੁੱਟੀ ਹੋਣ ਕਰਨ ਉਸਦਾ ਈ-ਰਿਕਸ਼ਾ ਅਚਾਨਕ ਪਲਟ ਗਿਆ, ਜਿਸ ਕਾਰਨ ਸਵਾਰੀਆਂ ਦੇ ਸੱਟਾਂ ਲੱਗੀਆਂ ਤੇ ਉਸਦਾ ਈ-ਰਿਕਸ਼ਾ ਵੀ ਨੁਕਸਾਨਿਆ ਗਿਆ।