For the best experience, open
https://m.punjabitribuneonline.com
on your mobile browser.
Advertisement

ਸਕੂਲ ਖੇਡਾਂ: ਮੁਹਾਲੀ ਦੀਆਂ ਤਿੰਨ ਤੈਰਾਕਾਂ ਨੇ ਲਾਈਆਂ ਲੰਮੀਆਂ ਤਾਰੀਆਂ

08:30 AM Jan 10, 2024 IST
ਸਕੂਲ ਖੇਡਾਂ  ਮੁਹਾਲੀ ਦੀਆਂ ਤਿੰਨ ਤੈਰਾਕਾਂ ਨੇ ਲਾਈਆਂ ਲੰਮੀਆਂ ਤਾਰੀਆਂ
ਸੋਨ ਤਗ਼ਮਾ ਜੇਤੂ ਵਨੀਸ਼ਾ, ਜਸਨੂਰ, ਵਰਨਿਕਾ ਤੇ ਸ਼ਿਵਾਨੀ ਸਹਿਗਲ ਦੀ ਟੀਮ।
Advertisement

ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ (ਮੁਹਾਲੀ), 9 ਜਨਵਰੀ
ਮੁਹਾਲੀ ਜ਼ਿਲ੍ਹੇ ਦੀਆਂ ਤੈਰਾਕੀ ਖ਼ਿਡਾਰਨਾਂ ਨੇ ਦਿੱਲੀ ਵਿਖੇ 3 ਤੋਂ 9 ਜਨਵਰੀ ਤੱਕ ਚੱਲੀਆਂ ਕੌਮੀ ਸਕੂਲ ਖੇਡਾਂ ਵਿੱਚ ਅੰਡਰ-19 ਉਮਰ ਵਰਗ ਵਿੱਚ ਭਾਗ ਲੈਂਦਿਆਂ ਪੰਜ ਸੋਨ ਤਗ਼ਮਿਆਂ ਸਮੇਤ ਕੁੱਲ ਛੇ ਤਗ਼ਮੇ ਪੰਜਾਬ ਦੀ ਝੋਲੀ ਪਾ ਕੇ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਸਾਰੀਆਂ ਖਿਡਾਰਨਾਂ ਇੱਥੋਂ ਦੇ ਸੈਕਟਰ-78 ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਤੈਰਾਕੀ ਦੀ ਸਿਖਲਾਈ ਲੈ ਰਹੀਆਂ ਹਨ। ਇਨ੍ਹਾਂ ਖਿਡਾਰਨਾਂ ਨੇ ਆਪਣੇ ਟਰੇਨਿੰਗ ਦੇਣ ਵਾਲੇ ਕੋਚ ਜੌਨੀ ਭਾਟੀਆ ਦੀ ਅਗਵਾਈ ਹੇਠ ਇਨ੍ਹਾਂ ਖੇਡਾਂ ਵਿੱਚ ਸ਼ਮੂਲੀਅਤ ਕੀਤੀ ਸੀ।
ਕੋਚ ਜੌਨੀ ਭਾਟੀਆ ਨੇ ਦੱਸਿਆ ਕਿ ਯਾਦਵਿੰਦਰਾ ਸਕੂਲ ਦੀ ਵਿਦਿਆਰਥਣ ਜਸਨੂਰ ਕੌਰ ਨੇ ਤਿੰਨ ਸੋਨ ਤਗ਼ਮੇ ਜਿੱਤੇ। ਉਨ੍ਹਾਂ ਦੱਸਿਆ ਕਿ ਜਸਨੂਰ ਨੇ 50 ਮੀਟਰ ਬਟਰਫ਼ਲਾਈ, 50 ਮੀਟਰ ਫ਼ਰੀ ਸਟਾਈਲ ਅਤੇ 4x100 ਮੀਟਰ ਵਿੱਚ ਸੋਨੇ ਦੇ ਤਗ਼ਮੇ ਹਾਸਿਲ ਕੀਤੇ। ਉਨ੍ਹਾਂ ਦੱਸਿਆ ਕਿ ਜਸਨੂਰ ਕੌਰ ਇਸ ਤੋਂ ਪਹਿਲਾਂ ਤੈਰਾਕੀ ਵਿੱਚ ਨਵਾਂ ਰਿਕਾਰਡ ਵੀ ਬਣਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮੁਹਾਲੀ ਦੀਆਂ ਜੁੜਵਾਂ ਭੈਣਾਂ ਵਰਨਿਕਾ ਬਾਸੰਭੂ ਅਤੇ ਵਨੀਸ਼ਾ ਬਾਸੰਭੂ ਨੇ 4x100 ਮੀਟਰ ਫਰੀ ਸਟਾਇਲ ਵਿੱਚ ਸੋਨੇ ਦੇ ਤਗ਼ਮੇ ਹਾਸਿਲ ਕੀਤੇ। ਇਨ੍ਹਾਂ ਖਿਡਾਰਨਾਂ ਨਾਲ ਚਾਰ ਗੁਣਾਂ ਸੌ ਮੀਟਰ ਫਰੀਸਟਾਈਲ ਟੀਮ ਵਿੱਚ ਪਠਾਨਕੋਟ ਦੀ ਸ਼ਿਵਾਨੀ ਸਹਿਗਲ ਵੀ ਸ਼ਾਮਲ ਸੀ। ਵਨੀਸ਼ਾ ਨੇ 50 ਮੀਟਰ ਬਰੱਸਟ ਸਟਰੋਕ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਅਰਸ਼ਪ੍ਰੀਤ ਕੌਰ ਨੇ ਪੰਜਾਹ ਮੀਟਰ ਬਟਰ ਫਲਾਈ ਅਤੇ ਅਪੂਰਵਾ ਸ਼ਰਮਾ ਨੇ 200 ਮੀਟਰ ਬਟਰ ਫ਼ਲਾਈ ਵਿਚ ਚੌਥੀ ਪੁਜੀਸ਼ਨ ਹਾਸਲ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਜੇਤੂ ਖਿਡਾਰਨਾਂ ਅਤੇ ਕੋਚ ਜੌਨੀ ਭਾਟੀਆ ਨੂੰ ਤੈਰਾਕੀ ਵਿੱਚ ਸ਼ਾਨਦਾਰ ਜਿੱਤ ਅਤੇ ਮੈਡਲ ਹਾਸਲ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਖਿਡਾਰਨਾਂ ਪਹਿਲਾਂ ਵੀ ਤੈਰਾਕੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਹਨ ਅਤੇ ਇਨ੍ਹਾਂ ਤੋਂ ਭਵਿੱਖ ਵਿੱਚ ਵੀ ਕਾਫ਼ੀ ਉਮੀਦਾਂ ਹਨ।

Advertisement

Advertisement
Advertisement
Author Image

sukhwinder singh

View all posts

Advertisement