ਸਕੂਲ ਖੇਡਾਂ: ਅਧਿਆਪਕ ਆਪਣੀ ਜੇਬ ਵਿਚੋਂ ਖਰਚਾ ਕਰਨ ਲਈ ਮਜਬੂਰ
ਹਤਿੰਦਰ ਮਹਤਿਾ
ਜਲੰਧਰ, 7 ਨਵੰਬਰ
ਸਰਕਾਰੀ ਸਕੂਲਾਂ ਦੇ ਅਧਿਆਪਕਾਂ ’ਚ 6 ਤੋਂ 9 ਨਵੰਬਰ ਤੱਕ ਹੋਣ ਵਾਲੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਫੰਡ ਨਾ ਆਉਣ ਕਾਰਨ ਰੋਸ ਹੈ। ਜਲੰਧਰ ਵਿੱਚ ਰੈਗੂਲਰ ਅਤੇ ਠੇਕੇ ’ਤੇ ਰੱਖੇ ਅਧਿਆਪਕਾਂ ਨੂੰ 200-200 ਰੁਪਏ ਦਾ ਯੋਗਦਾਨ ਪਾਉਣ ਲਈ ਕਿਹਾ ਗਿਆ ਸੀ, ਜਦੋਂ ਕਿ ਕਪੂਰਥਲਾ ਵਿੱਚ, ਅਧਿਆਪਕਾਂ ਦਾ ਯੋਗਦਾਨ 400 ਤੋਂ 1,000 ਰੁਪਏ ਤੱਕ ਸੀ। ਸੁਲਤਾਨਪੁਰ ਲੋਧੀ ਦੇ ਇੱਕ ਅਧਿਆਪਕ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪਹਿਲਾਂ ਬਲਾਕ ਪੱਧਰੀ ਖੇਡਾਂ ਲਈ 1,000 ਰੁਪਏ ਦੇਣ ਲਈ ਕਿਹਾ ਗਿਆ ਸੀ ਪਰ ਬਾਅਦ ਵਿਚ ਜ਼ਿਲ੍ਹਾ ਪੱਧਰੀ ਖੇਡਾਂ ਦੇ ਹੋਰ ਖਰਚੇ ਹੋਣ ਤੋਂ ਬਾਅਦ ਉਹਨਾਂ ਨੂੰ ਹੋਰ ਯੋਗਦਾਨ ਪਾਉਣ ਲਈ ਕਿਹਾ ਗਿਆ।
ਕਪੂਰਥਲਾ ਦੇ ਸੂਤਰਾਂ ਨੇ ਦੱਸਿਆ ਕਿ ਹਰੇਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀਪੀਈਓ) ਨੂੰ ਉਨ੍ਹਾਂ ਦੇ ਸਬੰਧਤ ਬਲਾਕਾਂ ਲਈ 20,000 ਰੁਪਏ ਜੁਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸੇ ਤਰ੍ਹਾਂ, ਇਸ ਦੇ 17 ਬਲਾਕਾਂ ਵਾਲੇ ਜਲੰਧਰ ਵਿੱਚ ਅਧਿਆਪਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੁੱਖ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਆਪਣੀ ਜੇਬ ਵਿੱਚੋਂ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਨਕੋਦਰ ਦੇ ਇੱਕ ਅਧਿਆਪਕ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਸੈਂਟਰ ਹੈੱਡ ਟੀਚਰ (ਸੀਐਚਟੀਜ਼) ਨੇ ਇਸ ਮੁੱਦੇ ’ਤੇ ਇੱਕ ਮੀਟਿੰਗ ਤੋਂ ਬਾਅਦ ਉਨ੍ਹਾਂ ਨੂੰ ਖੇਡਾਂ ਲਈ ਨਿੱਜੀ ਤੌਰ ’ਤੇ ਵਿੱਤੀ ਸਹਾਇਤਾ ਕਰਨ ਲਈ ਨਿਰਦੇਸ਼ ਦਿੱਤੇ ਹਨ।
ਦੂਜੇ ਪਾਸੇ ਡੀਈਓ ਪ੍ਰਾਇਮਰੀ ਕੁਲਤਰਨਜੀਤ ਸਿੰਘ ਨੇ ਫੰਡ ਇਕੱਠਾ ਕਰਨ ਲਈ ਆਪਣੇ ਦਫ਼ਤਰ ਤੋਂ ਅਜਿਹੀਆਂ ਹਦਾਇਤਾਂ ਜਾਰੀ ਹੋਣ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਸ ਨੇ ਦੱਸਿਆ ਕਿ ਬੀਪੀਈਓ ਖੇਡਾਂ ਲਈ ਜ਼ਿੰਮੇਵਾਰ ਹਨ ਅਤੇ ਸਾਰੇ ਖਰਚਿਆਂ ਦੇ ਦਸਤਾਵੇਜ਼ ਉਨ੍ਹਾਂ ਦੇ ਦਫਤਰ ਵਿੱਚ ਜਮ੍ਹਾਂ ਕਰਾਏ ਗਏ ਬਿੱਲਾਂ ਦੀ ਰਾਸ਼ੀ ਫੰਡ ਜਾਰੀ ਹੋਣ ਤੋਂ ਬਾਅਦ ਨਿਪਟਾਰਾ ਕਰ ਦਿੱਤਾ ਜਾਵੇਗਾ।
ਕੀ ਕਹਿੰਦੇ ਨੇ ਕਪੂਰਥਲਾ ਦੇ ਡੀਈਓ ਪ੍ਰਾਇਮਰੀ
ਕਪੂਰਥਲਾ ਦੇ ਡੀਈਓ ਪ੍ਰਾਇਮਰੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਡੀਈਓ, ਬੀਪੀਈਓਜ਼ ਅਤੇ ਅਧਿਆਪਕਾਂ ਨੇ ਖੇਡਾਂ ਲਈ ਖੁਸ਼ੀ ਨਾਲ ਫੰਡ ਇਕੱਠਾ ਕਰਨ ਲਈ ਹਾਮੀ ਭਰੀ ਸੀ। ਉਨ੍ਹਾਂ ਅੱਗੇ ਕਿਹਾ ਕਿ ਖੇਡ ਵਿਭਾਗ ਨੇ ਪਹਿਲਾਂ ਹੀ ਖਾਤੇ ਦੇ ਵੇਰਵਿਆਂ ਦੀ ਮੰਗ ਕੀਤੀ ਸੀ ਅਤੇ ਉਹ ਉਮੀਦ ਕਰਦੇ ਹਨ ਕਿ ਫੰਡ ਜਲਦੀ ਜਾਰੀ ਕਰ ਦਿੱਤੇ ਜਾਣਗੇ, ਇਹ ਯਕੀਨੀ ਬਣਾਉਣ ਲਈ ਕਿ ਯੋਗਦਾਨ ਪਾਉਣ ਵਾਲਿਆਂ ਨੂੰ ਉਸ ਅਨੁਸਾਰ ਅਦਾਇਗੀ ਕੀਤੀ ਜਾਵੇਗੀ।