ਸਕੂਲ ਖੇਡਾਂ: ਬੈਡਮਿੰਟਨ ਵਿੱਚ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਦੀ ਜੇਤੂ ਸ਼ੁਰੂਆਤ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 7 ਅਕਤੂਬਰ
68ਵੀਆਂ ਸਕੂਲਾਂ ਖੇਡਾਂ ਦੇ ਨੈਸ਼ਨਲ ਸਟਾਈਲ ਕਬੱਡੀ ਤੇ ਬੈਡਮਿੰਟਨ ਦੇ ਰਾਜ ਪੱਧਰੀ ਮੁਕਾਬਲੇ ਅੱਜ ਇੱਥੇ ਸੈਕਟਰ 78 ਦੇ ਬਹੁਮੰਤਵੀ ਖੇਡ ਭਵਨ ਵਿੱਚ ਆਰੰਭ ਹੋਏ। ਖੇਡ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਕੀਤਾ। ਬੈਡਮਿੰਟਨ ਦੇ ਲੜਕਿਆਂ ਦੇ 17 ਸਾਲ ਵਰਗ ਵਿੱਚ ਜਲੰਧਰ ਜ਼ਿਲ੍ਹੇ ਦੀ ਟੀਮ ਨੇ ਜ਼ਿਲ੍ਹਾ ਮੋਗਾ ਨੂੰ ਹਰਾ ਕੇ ਉਦਘਾਟਨੀ ਮੈਚ ਆਪਣੇ ਨਾਂ ਕੀਤਾ। ਇਸ ਵਰਗ ਦੇ ਹੋਰ ਮੈਚਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਟੀਮ ਨੂੰ ਅਤੇ ਹੁਸ਼ਿਆਰਪੁਰ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਹਰਾਇਆ। ਪਹਿਲੇ ਦਿਨ ਹੋਏ 19 ਸਾਲ ਵਰਗ ਦੇ ਮੈਚ ਵਿੱਚ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਪਟਿਆਲਾ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ। ਇਸੇ ਦੌਰਾਨ ਹੋਏ ਕਬੱਡੀ ਨੈਸ਼ਨਲ ਸਟਾਈਲ ਦੇ ਲੜਕੀਆਂ ਦੇ 17 ਸਾਲ ਵਰਗ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਟੀਮ ਨੇ ਗੁਰਦਾਸਪੁਰ ਨੂੰ, ਫਰੀਦਕੋਟ ਨੇ ਫਤਿਹਗੜ੍ਹ ਸਾਹਿਬ ਨੂੰ, ਫਾਜ਼ਿਲਕਾ ਨੇ ਪਠਾਨਕੋਟ, ਰੂਪਨਗਰ ਨੇ ਕਪੂਰਥਲਾ ਅਤੇ ਪਟਿਆਲਾ ਨੇ ਲੁਧਿਆਣਾ ਦੀਆਂ ਟੀਮਾਂ ਨੂੰ ਹਰਾਇਆ।
ਤਾਇਕਵਾਂਡੋ ਮੁਕਾਬਲੇ ਸ਼ੁਰੂ
ਪਠਾਨਕੋਟ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਅਗਵਾਈ ਹੇਠ ਕੈਂਬਰਿਜ ਇੰਟਰਨੈਸ਼ਨਲ ਸਕੂਲ ਸ਼ਾਹਪੁਰਕੰਡੀ ਵਿੱਚ 68ਵੇਂ ਅੰਤਰ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਪੰਜ ਰੋਜ਼ਾ ਖੇਡ ਮੁਕਾਬਲੇ ਸ਼ੁਰੂ ਹੋ ਗਏ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕਮਲਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਨੇ ਦੱਸਿਆ ਕਿ ਅੰਡਰ-19 (ਲੜਕੇ/ਲੜਕੀਆਂ) ਦੇ ਇਹ ਮੁਕਾਬਲੇ 11 ਅਕਤੂਬਰ ਤੱਕ ਚੱਲਣਗੇ ਅਤੇ ਇਸ ਵਿੱਚ 23 ਜ਼ਿਲ੍ਹਿਆਂ ਦੇ 300 ਖਿਡਾਰੀ ਭਾਗ ਲੈ ਰਹੇ ਹਨ।