ਸਕੂਲ ਖੇਡਾਂ: ਵਾਲੀਬਾਲ ’ਚ ਤਰਨ ਤਾਰਨ ਦੀਆਂ ਕੁੜੀਆਂ ਤੇ ਐੱਸਬੀਐੱਸ ਨਗਰ ਦੇ ਮੁੰਡੇ ਮੋਹਰੀ
ਜੋਗਿੰਦਰ ਸਿੰਘ ਮਾਨ
ਮਾਨਸਾ, 9 ਨਵੰਬਰ
68ਵੀਆਂ ਪੰਜਾਬ ਸਕੂਲ ਖੇਡਾਂ ਦੇ ਰਾਜ ਪੱਧਰ ਦੇ ਵਾਲੀਬਾਲ ਦੇ ਮੁਕਾਬਲੇ ਰੈਨੇਸਾਂ ਸਕੂਲ ਮਾਨਸਾ ਵਿੱਚ ਅੱਜ ਸਮਾਪਤ ਹੋ ਗਏ। ਅੰਡਰ-14 ਲੜਕੇ ਅਤੇ ਲੜਕੀਆਂ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਮੁੰਡਿਆਂ ਅਤੇ ਤਰਨ ਤਾਰਨ ਦੀਆਂ ਜਾਈਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ 22 ਜ਼ਿਲ੍ਹਿਆਂ ਦੀਆਂ ਟੀਮਾਂ ਸਮੇਤ ਸਪੋਰਟਸ ਸਕੂਲ ਘੁੱਦਾ ਵਿੰਗ, ਪੀਆਈਐੱਸ ਮੁਹਾਲੀ ਵਿੰਗ ਦੀਆਂ ਟੀਮਾਂ ਨੇ ਮੁਕਾਬਲਿਆਂ ਵਿੱਚ ਭਾਗ ਲਿਆ। ਫਸਵੇਂ ਮੁਕਾਬਲਿਆਂ ਦੌਰਾਨ ਬਰਨਾਲਾ ਜ਼ਿਲ੍ਹੇ ਦੀ ਕੁੜੀਆਂ ਦੀ ਟੀਮ ਨੇ ਦੂਜਾ ਸਥਾਨ, ਬਠਿੰਡਾ ਜ਼ਿਲ੍ਹੇ ਦੀ ਟੀਮ ਨੇ ਤੀਸਰੀ ਪੁਜ਼ੀਸ਼ਨ ਪ੍ਰਾਪਤ ਕੀਤੀ। ਇਸੇ ਤਰ੍ਹਾਂ ਲੜਕਿਆਂ ਦੇ ਮੁਕਾਬਲਿਆਂ ਵਿੱਚ ਪੀਆਈਐਸ ਮੁਹਾਲੀ ਵਿੰਗ ਨੇ ਦੂਜਾ ਸਥਾਨ ਅਤੇ ਜ਼ਿਲ੍ਹਾ ਮਾਨਸਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰਾਜ ਪੱਧਰ ’ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਸਾਰੀਆਂ ਨੂੰ ਟੀਮਾਂ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਟੇਟ ਟੂਰਨਾਮੈਂਟ ਕਮੇਟੀ ਨੇ ਰਾਜ ਪੱਧਰ ਦੇ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਖੇਡ ਕਮੇਟੀ ਅਤੇ ਦਾ ਰੈਨੇਸਾਂ ਸਕੂਲ ਮਾਨਸਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਸਟੇਟ ਪੱਧਰ ਦੇ ਮੁਕਾਬਲੇ ਰੈਨੇਸਾਂ ਸਕੂਲ ਦੇ ਖੇਡ ਮੈਦਾਨ ਵਿੱਚ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ ਨੂੰ ਤਰਜੀਹ ਦੇਣ ਨਾਲ਼ ਬੱਚੇ ਸਰੀਰਕ ਤੌਰ ’ਤੇ ਵੀ ਤੰਦਰੁਸਤ ਰਹਿੰਦੇ ਹਨ ਅਤੇ ਖੇਡਾਂ ਦੀਆਂ ਪ੍ਰਾਪਤੀਆਂ ਕਾਰਨ ਸਕੂਲ ਅਤੇ ਮਾਪਿਆਂ ਦਾ ਨਾਮ ਵੀ ਰੌਸ਼ਨ ਕਰਦੇ ਹਨ। ਇਸ ਮੌਕੇ ਹਰਪ੍ਰੀਤ ਸਿੰਘ ਅਬੋਹਰ, ਕੇਵਲ ਸਿੰਘ, ਹਰਦੀਪ ਸਿੰਘ, ਰੇਸ਼ਮ ਸਿੰਘ, ਹਰਵੰਤ ਸਿੰਘ, ਰਾਕੇਸ਼ ਕੁਮਾਰ ਵੀ ਮੌਜੂਦ ਸਨ।