ਚੀਨ ਵਿੱਚ ਸਕੂਲ ਦੇ ਜਿਮ ਦੀ ਛੱਤ ਡਿੱਗੀ; 11 ਹਲਾਕ
ਪੇਈਚਿੰਗ/ਹਾਰਬਨਿ: ਚੀਨੇ ਹੇਲੌਂਗਜਿਆਂਗ ਪ੍ਰਾਂਤ ਦੇ ਕਿਕੀਹਾਰ ਸ਼ਹਿਰ ਵਿੱਚ ਇਕ ਸਕੂਲ ’ਚ ਜਿਮ ਦੀ ਛੱਤ ਢਹਿਣ ਕਾਰਨ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਂਤ ਦੇ ਫਾਇਰ ਤੇ ਰੈਸਕਿਊ ਵਿਭਾਗ ਮੁਤਾਬਕ ਇਹ ਛੱਤ ਐਤਵਾਰ ਨੂੰ ਬਾਅਦ ਦੁਪਹਿਰ 2.56 ਵਜੇ ਡਿੱਗਣ ਦੀ ਖ਼ਬਰ ਮਿਲੀ ਹੈ। ਲੌਂਗਸ਼ਾ ਜ਼ਿਲ੍ਹੇ ਦੇ ਨੰਬਰ-34 ਮਿਡਲ ਸਕੂਲ ’ਚ ਕਰੀਬ 1200 ਵਰਗ ਮੀਟਰ ਦੇ ਖੇਤਰ ਵਿੱਚ ਬਣੇ ਜਿਮ ਦੀ ਛੱਤ ਐਤਵਾਰ ਨੂੰ ਜਦੋਂ ਡਿੱਗੀ, ਉਸ ਸਮੇਂ ਉਸ ਵਿੱਚ 19 ਵਿਅਕਤੀ ਸਨ। ਨਗਰ ਨਿਗਮ ਦੇ ਭਾਲ ਤੇ ਬਚਾਅ ਮੁੱਖ ਦਫ਼ਤਰ ਨੇ ਦੱਸਿਆ ਕਿ ਚਾਰ ਵਿਅਕਤੀ ਇਸ ਹਾਦਸੇ ਵਿੱਚ ਬੱਚ ਗਏ ਜਦਕਿ 15 ਜਣੇ ਫਸ ਗਏ। ਸਰਕਾਰੀ ਨਿਊਜ਼ ਏਜੰਸੀ ਸ਼ਨਿਹੁਆ ਦੀ ਖ਼ਬਰ ਮੁਤਾਬਕ ਅੱਜ ਸਵੇਰ ਤੱਕ ਮਲਬੇ ਹੇਠ ਦੱਬੇ ਸਾਰੇ 15 ਵਿਅਕਤੀਆਂ ਨੂੰ ਬਾਹਰ ਕੱਢ ਲਿਆ ਗਿਆ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਨਿੇੜੇ ਹੀ ਇਕ ਵਿਦਿਅਕ ਇਮਾਰਤ ਬਣਾ ਰਹੇ ਕਾਮਿਆਂ ਨੇ ਜਿਮ ਦੀ ਛੱਤ ’ਤੇ ਨਾਜਾਇਜ਼ ਢੰਗ ਨਾਲ ਪਰਲਾਈਟ (ਨਿਰਮਾਣ ਕਾਰਜਾਂ ’ਚ ਇਸਤੇਮਾਲ ਹੋਣ ਵਾਲੀ ਸਮੱਗਰੀ) ਰੱਖ ਦਿੱਤਾ ਸੀ ਅਤੇ ਮੀਂਹ ਵਿੱਚ ਭਿੱਜਣ ਕਾਰਨ ਪਰਲਾਈਟ ਦਾ ਵਜ਼ਨ ਵਧ ਗਿਆ, ਜਿਸ ਕਾਰਨ ਛੱਤ ਡਿੱਗ ਗਈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ਨਿਹੁਆ ਦੀ ਖ਼ਬਰ ਮੁਤਾਬਕ ਨਿਰਮਾਣ ਕੰਪਨੀ ਦੇ ਇੰਚਾਰਜ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਹੈ। -ਪੀਟੀਆਈ