ਗੈਸ ਪਾਈਪਲਾਈਨ ਪਾਉਣ ਲਈ ਪੁੱਟੇ ਟੋਏ ’ਚ ਫਸੀ ਸਕੂਲ ਬੱਸ
ਨਿੱਜੀ ਪੱੱਤਰ ਪ੍ਰੇਰਕ
ਕੋਟਕਪੂਰਾ, 7 ਜੁਲਾਈ
ਸ਼ਹਿਰ ਦੇ ਇੱਕ ਨਿੱਜੀ ਸਕੂਲ ਦੀ ਵਿਦਿਆਰਥੀਆਂ ਨੂੰ ਲਿਆ ਰਹੀ ਬੱਸ ਅੱਜ ਇੱਕ ਟੋਏ ਵਿੱਚ ਫਸ ਗਈ ਹਾਲਾਂਕਿ ਇਸ ਕਿਸੇ ਤਰ੍ਹਾਂ ਦੇ ਵੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਪਿਛੇ ਕਾਰਨ ਇੱਕ ਪ੍ਰਾਈਵੇਟ ਗੈਸ ਕੰਪਨੀ ਵੱਲੋਂ ਆਪਣੀ ਗੈਸ ਪਾਈਪਲਾਈਨ ਵਿਛਾਉਣ ਲਈ ਸੜਕਾਂ ਪੁੱਟਣ ਮਗਰੋਂ ਉਨ੍ਹਾਂ ਦੀ ਰਿਪੇਅਰ ਨਾ ਕਰਨਾ ਦੱਸਿਆ ਰਿਹਾ ਹੈ। ਦੂਜੇ ਪਾਸੇ ਮਾਮਲੇ ਸਬੰਧੀ ਪੁਲੀਸ ਨੇ ਗੈਸ ਏਜੰਸੀ ਦੇ ਮੈਨੇਜਰ ਨੂੰ ਹਿਰਾਸਤ ’ਚ ਲਿਆ ਹੈ।
ਜਾਣਕਾਰੀ ਅਨੁਸਾਰ ਫ਼ਰੀਦਕੋਟ ਰੋਡ ’ਤੇ ਸਥਿਤ ਨਿੱਜੀ ਸਕੂਲ ਦੀ ਬੱਸ ਆਲੇ-ਦੁਆਲੇ ਦੇ ਪਿੰਡਾਂ ’ਚੋਂ ਵਿਦਿਆਰਥੀਆਂ ਨੂੰ ਸਕੂਲ ਲਿਆ ਆ ਰਹੀ ਸੀ। ਬੱਸ ’ਚ ਉਸ ਸਮੇਂ ਤਕਰੀਬਨ 45 ਵਿਦਿਆਰਥੀ ਸਨ। ਬੱਸ ਚਾਲਕ ਨੇ ਦੱਸਿਆ ਕਿ ਗੈਸ ਕੰਪਨੀ ਵੱਲੋਂ ਆਨੰਦ ਨਗਰ ਵਿੱਚ ਗੈਸ ਪਾਈਪਲਾਈਨ ਪਾਉਣ ਲਈ ਵੱਡਾ ਟੋਆ ਪੁੱਟਿਆ ਹੋਇਆ ਸੀ ਜਦ ਉਹ ਬੱਸ ਲੈ ਲੰਘਣ ਲੱਗਿਆ ਤਾਂ ਬੱਸ ਟੋਏ ’ਚ ਫਸ ਗਈ। ਸਕੂਲ ਪ੍ਰਿੰਸੀਪਲ ਰਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਸਕੂਲ ਖੁੱਲ੍ਹਣ ਤੋਂ ਪਹਿਲਾਂ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਰਸਤਾ ਠੀਕ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸੇ ਦੌਰਾਨ ਸਿਟੀ ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਨੂੰ ਤੁਰੰਤ ਰੋਡ ਠੀਕ ਕਰਵਾਉਣ ਦੀ ਚਿਤਾਵਨੀ ਦਿੱਤੀ।