For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਦੇ ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, ਛੇ ਬੱਚਿਆਂ ਦੀ ਮੌਤ

07:16 AM Apr 12, 2024 IST
ਹਰਿਆਣਾ ਦੇ ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ  ਛੇ ਬੱਚਿਆਂ ਦੀ ਮੌਤ
ਸੜਕ ਹਾਦਸੇ ’ਚ ਨੁਕਸਾਨੀ ਹੋਈ ਸਕੂਲ ਬੱਸ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਗੁਰਦੀਪ ਸਿੰਘ ਭੱਟੀ/ਪੀਟੀਆਈ
ਟੋਹਾਣਾ/ਚੰਡੀਗੜ੍ਹ, 11 ਅਪਰੈਲ
ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਅੱਜ ਈਦ ਵਾਲੇ ਦਿਨ ਛੁੱਟੀ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੂੰ ਸਕੂਲ ਲਿਜਾ ਰਹੀ ਬੱਸ ਦਰੱਖਤ ਨਾਲ ਟਕਰਾਉਣ ਮਗਰੋਂ ਪਲਟ ਗਈ। ਇਸ ਹਾਦਸੇ ਵਿੱਚ ਛੇ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂਕਿ 37 ਹੋਰ ਜ਼ਖ਼ਮੀ ਗਏ। ਮ੍ਰਿਤਕਾਂ ਵਿੱਚ ਦੋ ਸਕੇ ਭਰਾ ਸਨ। ਜ਼ਖ਼ਮੀਆਂ ਵਿੱਚੋਂ ਕਈ ਵਿਦਿਆਰਥੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਹਿੰਦਰਗੜ੍ਹ ਦੇ ਐੱਸਪੀ ਅਰਸ਼ ਵਰਮਾ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਤੇ ਬੱਸ ਡਰਾਈਵਰ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਬੱਸ ਡਰਾਈਵਰ ਕਥਿਤ ਨਸ਼ੇ ਵਿੱਚ ਸੀ ਅਤੇ ਵਾਹਨ ਕੋਲ ਫਿੱਟਨੈੱਸ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਵੀ ਨਹੀਂ ਸਨ। ਹਸਪਤਾਲ ਵਿੱਚ ਜ਼ਖ਼ਮੀ ਬੱਚਿਆਂ ਦਾ ਹਾਲ-ਚਾਲ ਪੁੱਛਣ ਪੁੱਜੀ ਸਿੱਖਿਆ ਮੰਤਰੀ ਸੀਮਾ ਤ੍ਰਿਖਾ ਨੇ ਕਿਹਾ ਕਿ ਸਭ ਤੋਂ ਵੱਡੀ ਗ਼ਲਤੀ ਇਹ ਰਹੀ ਕਿ ਈਦ ਦੇ ਤਿਉਹਾਰ ਮੌਕੇ ਛੁੱਟੀ ਵਾਲੇ ਦਿਨ ਸਕੂਲ ਖੁੱਲ੍ਹਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਕੂਲ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਸਤਿਅਮ ਸ਼ਰਮਾ (16), ਯੁਵਰਾਜ (13), ਯਕੁਸ਼ (13), ਵੰਸ਼ ਉਰਫ਼ ਗੋਲੂ (15), ਰਿੰਕੀ ਉਰਫ਼ ਚੀਕੂ (14) ਅਤੇ ਆਸ਼ੂ (14) ਵਜੋਂ ਹੋਈ ਹੈ। ਇਹ ਹਾਦਸਾ ਸਵੇਰੇ ਲਗਪਗ 8.30 ਵਜੇ ਕਨੀਨਾ-ਦਾਦਰੀ ਮਾਰਗ ’ਤੇ ਉਂਹਾਣੀ ਨੇੜੇ ਉਸ ਸਮੇਂ ਵਾਪਰਿਆ ਜਦੋਂ ਕਿਸੇ ਵਾਹਨ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਿਆਂ ਸਕੂਲੀ ਬੱਸ ਦਰੱਖਤ ਨਾਲ ਟਕਰਾਉਣ ਮਗਰੋਂ ਪਲਟ ਗਈ। ਜਾਣਕਾਰੀ ਮੁਤਾਬਕ ਈਦ ਦੇ ਤਿਉਹਾਰ ਮੌਕੇ ਪ੍ਰਾਈਵੇਟ ਸਕੂਲ ਜੀ.ਐੱਲ. ਪਬਲਿਕ ਸਕੂਲ ਕਨੀਨਾ ਦੇ ਪ੍ਰਬੰਧਕਾਂ ਵੱਲੋਂ ਛੁੱਟੀ ਨਹੀਂ ਕੀਤੀ ਗਈ ਸੀ। ਇਸ ਬੱਸ ਵਿੱਚ ਲਗਪਗ 45 ਬੱਚੇ ਸਵਾਰ ਸਨ। ਉਂਹਾਣੀ ਦੇ ਮਹਿਲਾ ਕਾਲਜ ਨੇੜੇ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਗਈ ਅਤੇ ਡਰਾਈਵਰ ਧਰਮਿੰਦਰ ਨੇ ਛਾਲ ਮਾਰ ਦਿੱਤੀ। ਇਸ ਦੌਰਾਨ ਬੱਸ ਪਲਟਣ ਮਗਰੋਂ ਬੱਚਿਆਂ ’ਚ ਹਾਹਾਕਾਰ ਮੱਚ ਗਿਆ।

Advertisement

ਹਾਦਸੇ ਵਾਲੀ ਥਾਂ ’ਤੇ ਜਮ੍ਹਾਂ ਹੋਏ ਲੋਕ। -ਫੋਟੋ: ਪੀਟੀਆਈ

ਚਸ਼ਮਦੀਦਾਂ ਮੁਤਾਬਕ ਜ਼ਖ਼ਮੀ ਬੱਚੇ ਪਾਣੀ ਮੰਗਦਿਆਂ ਵਿਲਖ ਰਹੇ ਸਨ। ਰਾਹਗੀਰਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਨੇ ਜਾਮ ਲਾ ਦਿੱਤਾ। ਪੁਲੀਸ ਨੇ ਦੱਸਿਆ ਕਿ ਡਰਾਈਵਰ ਨੂੰ ਘਟਨਾ ਸਥਾਨ ਤੋਂ ਫੜਿਆ ਗਿਆ ਹੈ। ਪੁਲੀਸ ਨੇ ਸਕੂਲ ਪ੍ਰਿੰਸੀਪਲ ਦੀਪਤੀ ਅਤੇ ਸਕੂਲ ਦੇ ਇੱਕ ਹੋਰ ਅਧਿਕਾਰੀ ਹੁਸ਼ਿਆਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇੱਕ ਵਿਦਿਆਰਥੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਰਾਈਵਰ ਤੇਜ਼ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ ਅਤੇ ਬੱਸ ਬੇਕਾਬੂ ਹੋ ਗਈ। ਹਰਿਆਣਾ ਦੇ ਆਵਾਜਾਈ ਮੰਤਰੀ ਅਸੀਮ ਗੋਇਲ ਨੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਹੋਣ ਮਗਰੋਂ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਅਸੀਮ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਮੇਟੀ ਬਣਾ ਕੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ ਘਟਨਾ ਦੀ ਵਿਸਥਾਰਿਤ ਜਾਂਚ ਕਰਵਾਈ ਜਾਵੇ। ਕਮੇਟੀ ਵਿੱਚ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਨੂੰ ਹਾਲ ਹੀ ਵਿੱਚ ਜੁਰਮਾਨਾ ਕੀਤਾ ਗਿਆ ਸੀ ਕਿਉਂਕਿ ਉਸ ਕੋਲ ਕੁਝ ਲੋੜੀਂਦੇ ਦਸਤਾਵੇਜ਼ ਨਹੀਂ ਸਨ ਅਤੇ ਤੱਥ ਇਹ ਹੈ ਕਿ ਬੱਸ ਅਜੇ ਵੀ ਚੱਲ ਰਹੀ ਸੀ। ਇਹ ਸਕੂਲ ਪ੍ਰਬੰਧਕਾਂ ਦੀ ਵੱਡੀ ਅਣਗਹਿਲੀ ਹੈ। ਮੰਤਰੀ ਨੇ ਕਿਹਾ ਕਿ ਸਬੰਧਤ ਜ਼ਿਲ੍ਹਾ ਟਰਾਂਸਪੋਰਟ ਅਫਸਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਵਿੱਚ ਖੇਤਰ ਦੇ ਮੋਟਰ ਵਾਹਨ ਇੰਸਪੈਕਟਰ ਦੀ ਗ਼ਲਤੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਗੋਇਲ ਨੇ ਕਿਹਾ, “ਅਸੀਂ ਦਸਤਾਵੇਜ਼ਾਂ ਦੀ ਕਮੀ ਕਾਰਨ ਬੱਸ ਦਾ 15,500 ਰੁਪਏ ਦਾ ਚਲਾਨ ਕੀਤਾ ਸੀ, ਪਰ ਸਪੱਸ਼ਟ ਤੌਰ ’ਤੇ ਇਸ ਮਾਮਲੇ ਵਿੱਚ ਸਕੂਲ ਪ੍ਰਬੰਧਕਾਂ ਦੀ ਗ਼ਲਤੀ ਪਾਈ ਗਈ ਹੈ।’’ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਾਰੀਆਂ ਸਕੂਲੀ ਬੱਸਾਂ ਦੀ ਫਿਟਨੈੱਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਵੱਲੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਰਕੁਲਰ ਜਾਰੀ ਕੀਤਾ ਜਾਵੇਗਾ। ਮਹਿੰਦਰਗੜ੍ਹ ਦੀ ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਖ਼ਮੀ ਬੱਚਿਆਂ ਦਾ ਬਿਹਤਰ ਇਲਾਜ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਹਨ ਚਾਲਕ ਅਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਡਰਾਈਵਰ ਦੇ ਨਸ਼ੇ ਵਿੱਚ ਹੋਣ ਸਬੰਧੀ ਪੁੱਛੇ ਜਾਣ ’ਤੇ ਮਹਿੰਦਰਗੜ੍ਹ ਦੇ ਐੱਸਪੀ ਵਰਮਾ ਨੇ ਕਿਹਾ, ‘‘ਅਸੀਂ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਹੀ ਅਸੀਂ ਪੁਸ਼ਟੀ ਕਰ ਸਕਾਂਗੇ ਕਿ ਉਹ ਨਸ਼ੇ ਵਿੱਚ ਸੀ ਜਾਂ ਨਹੀਂ।’’ ਐੱਸਪੀ ਨੇ ਕਿਹਾ ਕਿ ਕੁੱਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਸ ਚਾਲਕ ਲਾਪ੍ਰਵਾਹੀ ਨਾਲ ਵਾਹਨ ਚਲਾ ਰਿਹਾ ਸੀ। ਉਧਰ, ਵੱਖ-ਵੱਖ ਸਿਆਸੀ ਆਗੂਆਂ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਘਟਨਾ ਨੂੰ ਦੁਖਦਾਈ ਦੱਸਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। -ਪੀਟੀਆਈ

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੁੱਖ ਪ੍ਰਗਟ

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਵਾਪਰੇ ਦਿਲ ਕੰਬਾਊ ਬੱਸ ਹਾਦਸੇ ਵਿੱਚ ਮਾਰੇ ਗਏ ਸਕੂਲੀ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਮੁਰਮੂ ਨੇ ਇਸ ‘ਡੂੰਘੇ ਸਦਮੇ’ ਦੌਰਾਨ ਪੀੜਤ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਪ੍ਰਾਰਥਨਾ ਕੀਤੀ ਹੈ। ਰਾਸ਼ਟਰਪਤੀ ਨੇ ‘ਐਕਸ’ ’ਤੇ ਲਿਖਿਆ, ‘‘ਪ੍ਰਮਾਤਮਾ ਪੀੜਤ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਇਸ ਡੂੰਘੇ ਸਦਮੇ ਵਿੱਚ ਭਾਣਾ ਮੰਨਣ ਦਾ ਬਲ ਬਖ਼ਸ਼ਣ। ਮੈਂ ਜ਼ਖ਼ਮੀ ਬੱਚਿਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×