ਟਿੱਕਰਤਾਲ ਵਿੱਚ ਸਕੂਲ ਬੱਸ ਹਾਦਸਾਗ੍ਰਸਤ; 25 ਬੱਚੇ ਜ਼ਖ਼ਮੀ
ਪੀਪੀ ਵਰਮਾ
ਪੰਚਕੂਲਾ, 19 ਅਕਤੂਬਰ
ਨਨਕਾਣਾ ਸਾਹਿਬ ਪਬਲਿਕ ਸਕੂਲ ਮਾਲੇਰਕੋਟਲਾ ਦੀ ਬੱਸ ਅੱਜ ਬਾਅਦ ਦੁਪਹਿਰ ਮੋਰਨੀ ਦੇ ਟਿੱਕਰਤਾਲ ’ਚ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 25 ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋ ਗਏ। ਬੱਸ ਵਿੱਚ 45 ਬੱਚੇ ਸਵਾਰ ਸਨ ਜਿਹੜੇ ਆਪਣੇ ਸਕੂਲ ਦੇ ਸਟਾਫ ਨਾਲ ਟਿੱਕਟਤਾਲ ਘੁੰਮਣ ਆਏ ਸਨ।
ਇਹ ਹਾਦਸਾ ਉਦੋਂ ਹੋਇਆ, ਜਦੋਂ ਬੱਸ ਬੱਚਿਆਂ ਨੂੰ ਵਾਪਸ ਲੈ ਕੇ ਆ ਰਹੀ ਸੀ। ਜ਼ਖ਼ਮੀਆ ਵਿੱਚੋਂ ਇੱਕ ਵਿਅਕਤੀ ਵਿਨੋਦ ਛਾਬੜਾ ਦੀ ਹਾਲਤ ਕਾਫੀ ਗੰਭੀਰ ਹੈ, ਜਿਸ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਸੈਕਟਰ-6 ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਪੰਚਕੂਲਾ ਦੀ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਅਤੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਜਤਿੰਦਰ ਨੇ ਦੱਸਿਆ ਕਿ ਹੋਰ ਮਰੀਜ਼ਾਂ ਦੀ ਹਾਲਤ ਵੀ ਗੰਭੀਰ ਹੋ ਸਕਦੀ ਹੈ ਕਿਉਂਕਿ ਕਈ ਮਰੀਜ਼ਾਂ ਦੇ ਟੈਸਟਾਂ ਦੀ ਰਿਪੋਰਟ ਹਾਲੇ ਆਉਣੀ ਹੈ। ਸਭ ਤੋਂ ਪਹਿਲਾਂ ਆਸ-ਪਾਸ ਦੇ ਲੋਕਾਂ ਨੇ ਡਿੱਗੀ ਹੋਈ ਬੱਸ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ। ਜ਼ਖ਼ਮੀ ਹੋਏ ਬੱਚੇ ਅੱਠਵੀਂ ਤੋਂ 12ਵੀਂ ਦੇ ਵਿਦਿਆਰਥੀ ਹਨ। ਹਾਦਸੇ ਦੌਰਾਨ ਪਿੰਡ ਵਾਲਿਆਂ ਨੇ ਪਹਿਲਾਂ ਬੱਚਿਆਂ ਨੂੰ ਮੋਰਨੀ ਦੇ ਪ੍ਰਾਇਮਰੀ ਹੈਲਥ ਸੈਂਟਰ ਦਾਖ਼ਲ ਕਰਵਾਇਆ, ਜਿੱਥੋਂ ਇਨ੍ਹਾਂ ਬੱਚਿਆਂ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਜਿਹੜੇ ਬੱਚੇ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕੀਤੇ ਗਏ ਉਨ੍ਹਾਂ ’ਚ ਵੀਰਦਵਿੰਦਰ ਸਿੰਘ, ਜਪਜੀਤ ਸਿੰਘ, ਵੀਰਕਰਨ ਸਿੰਘ, ਜਸਕਰਨ, ਸੁਖਜੀਤ, ਰਣਵੀਰ ਸਿੰਘ, ਦਲਜੋਤ ਸਿੰਘ, ਜਪਜੀਤ, ਕਰਨਵੀਰ, ਵਿਕਰਮ, ਧਰਮਿੰਦਰ, ਜਗਦੀਪ ਸਿੰਘ, ਧਰਮਿੰਦਰ ਸਿੰਘ ਤੇ ਸਤਨਾਮ ਸਿੰਘ ਸ਼ਾਮਲ ਸਨ। ਸਿਵਲ ਸਰਜਨ ਵੱਲੋਂ ਹਾਦਸੇ ਵਾਲੀ ਥਾਂ ਉੱਤੇ ਤੁਰੰਤ ਐਂਬੂਲੈਂਸਾਂ ਭੇਜੀਆਂ ਗਈਆਂ, ਜਿੱਥੇ ਉਨ੍ਹਾਂ ਮੁੱਢਲੀ ਸਹਾਇਤਾ ਦੇ ਕੇ ਪੰਚਕੂਲਾ ਹਸਪਤਾਲ ਵਿੱਚ ਲਿਆਂਦਾ ਗਿਆ। ਪੰਚਕੂਲਾ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਕਈ ਜ਼ਖ਼ਮੀ ਬੱਚਿਆਂ ਨੇ ਦੱਸਿਆ ਕਿ ਬੱਸ ਦਾ ਕੋਈ ਪੁਰਜਾ ਟੁੱਟ ਗਿਆ, ਜਿਸ ਕਾਰਨ ਬੱਸ ਮਿੱਟੀ ਦੇ ਢੇਰ ਉੱਤੇ ਜਾ ਚੜ੍ਹੀ ਅਤੇ ਉੱਥੋਂ ਖੱਡ ਵਿੱਚ ਪਲਟ ਗਈ।
ਸਾਰੇ ਵਿਦਿਆਰਥੀ ਠੀਕ-ਠਾਕ: ਪ੍ਰਿੰਸੀਪਲ
ਅਮਰਗੜ੍ਹ (ਪੱਤਰ ਪ੍ਰੇਰਕ): ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਦੀ ਬੱਸ ਦੇ ਹਾਦਸਾਗ੍ਰਸਤ ਹੋਣ ਸਬੰਧੀ ਪ੍ਰਿੰਸੀਪਲ ਇਸ਼ਿਤਾ ਅਰੋੜਾ ਤੇ ਸੈਕਟਰੀ ਸੁਖਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਠੀਕ ਠਾਕ ਹਨ। ਜ਼ਖ਼ਮੀ ਵਿਦਿਆਰਥੀਆਂ ਨੂੰ ਮੁਢਲੀ ਸਹਾਇਤਾ ਦੇਣ ਮਗਰੋਂ ਵਾਪਿਸ ਲਿਆਂਦਾ ਜਾ ਰਿਹਾ ਹੈ। ਡਰਾਈਵਰ ਨੂੰ ਇਲਾਜ ਲਈ ਪੀਜੀਆਈ ਹਸਪਤਾਲ ਚੰਡੀਗੜ੍ਹ ਭਰਤੀ ਕਰਵਾਇਆ ਗਿਆ ਹੈ।