ਸਰਕਾਰੀ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫ਼ੇ ਵੰਡੇ
ਜੈਸਮੀਨ ਭਾਰਦਵਾਜ
ਨਾਭਾ, 22 ਸਤੰਬਰ
ਡਾਕਟਰ ਇੰਦਰਜੀਤ ਸੋਹੀ ਚੈਰੀਟੇਬਲ ਟਰੱਸਟ ਅਤੇ ਕਮਿਊਨਿਟੀ ਡਿਵੈਲਪਮੈਂਟ ਫਾਊਂਡੇਸ਼ਨ ਨਾਭਾ ਵੱਲੋਂ ਸਾਂਝੇ ਤੌਰ ’ਤੇ ਹੋਣਹਾਰ ਵਿਦਿਆਰਥਣਾਂ ਨੂੰ ਸਿੱਖਿਆ ਜਾਰੀ ਰੱਖਣ ਲਈ ਵਜ਼ੀਫੇ ਦਿੱਤੇ ਗਏ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ 11ਵੀਂ ਅਤੇ 12ਵੀਂ ਕਲਾਸ ਦੀਆਂ ਹੋਣਹਾਰ ਤੇ ਲੋੜਵੰਦ ਵਿਦਿਆਰਥਣਾਂ ਨੂੰ ਇੱਕ ਲੱਖ 12 ਹਜ਼ਾਰ ਰੁਪਏ ਦੀ ਰਕਮ ਵੰਡੀ ਗਈ। ਇਸ ਵਜ਼ੀਫ਼ਾ ਵੰਡ ਸਮਾਰੋਹ ਦੌਰਾਨ ਡਾਕਟਰ ਇੰਦਰਜੀਤ ਸਿੰਘ ਡਾਕਟਰ ਇੰਦਰਜੀਤ ਸੋਹੀ ਟਰੱਸਟ ਵੱਲੋਂ ਸੇਵਾਮੁਕਤ ਹੈੱਡਮਾਸਟਰ ਬਰਨਾਲਾ ਬਿਕਰ ਸਿੰਘ ਔਲਖ ਨੇ ਭਾਸ਼ਣ ਦੌਰਾਨ ਔਰਤਾਂ ਦੇ ਸ਼ਸ਼ਤੀਕਰਨ ਬਾਰੇ ਚਰਚਾ ਕੀਤੀ ਅਤੇ ਲੜਕੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਸੀਡੀਐਫ ਦੇ ਮੈਂਬਰ ਸੁਰਿੰਦਰ ਗਰਗ ਨੇ ਦੱਸਿਆ ਕਿ ਸਾਡੇ ਸਮਾਜ ਵਿੱਚ ਵਿੱਤੀ ਕਾਰਨਾਂ ਕਰ ਕੇ ਕੁੜੀਆਂ ਦੀ ਪੜ੍ਹਾਈ ਨਾ ਛੁੱਟੇ, ਇਸ ਮਕਸਦ ਨਾਲ ਇਹ ਉਪਰਾਲਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਾਰਗ ਦਰਸ਼ਨ ਅਤੇ ਕੋਚਿੰਗ ਵਿੱਚ ਵੀ ਸੰਸਥਾ ਆਪਣਾ ਯੋਗਦਾਨ ਦਿੰਦੀ ਹੈ। ਸਕੂਲ ਦੇ ਪ੍ਰਿੰਸੀਪਲ ਸ਼ਲਿੰਦਰ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।