ਸਕਾਲਰਸ਼ਿਪ ਸਕੀਮ ਘੁਟਾਲੇ ਦੀ ਈਡੀ ਕੋਲੋਂ ਜਾਂਚ ਮੰਗੀ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਅਗਸਤ
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਪੈਸੇ ਨਾ ਦੇਣ ’ਤੇ ਸਟੂਡੈਂਟਸ ਸੰਘਰਸ ਮੋਰਚਾ ਨੇ ਡੀਸੀ ਦਫਤਰ ਦਾ ਘਿਰਾਓ ਕੀਤਾ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਨਾਂ ਉੱਤੇ ਜੋ ਘੁਟਾਲਾ ਹੋਇਆ ਉਸ ਦੀ ਜਾਂਚ ਈਡੀ ਕੋਲੋਂ ਕਾਰਵਾਈ ਜਾਵੇ। ਅੱਜ ਦੇ ਸੰਘਰਸ਼ ਦੀ ਅਗਵਾਈ ਕਰਦਿਆਂ ਦੀਪਕ ਬਾਲੀ ਅਤੇ ਨਵਦੀਪ ਦਕੋਹਾ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿਚ ਸੂਬਾ ਸਰਕਾਰ ਨੇ ਆਡਿਟ ਕਰਾਇਆ ਸੀ। ਪੰਜਾਬ ਸਰਕਾਰ ਨੇ ਆਡਿਟ ਦੌਰਾਨ ਮੰਨਿਆ ਸੀ ਕਿ ਇਸ ਸਕੀਮ ਵਿੱਚ ਵਿਦਿਅਕ ਅਦਾਰਿਆਂ ਨੇ 400 ਕਰੋੜ ਦਾ ਘੁਟਾਲਾ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਪੈਸਾ ਹੁਣ ਕਿੱਥੇ ਗਿਆ ਹੈ?
ਉਨ੍ਹਾਂ ਦੱਸਿਆ ਕਿ ਕਈ ਕਾਲਜਾਂ ਅਤੇ ਭ੍ਰਿਸ਼ਟ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਉਹ ਪੈਸਾ ਗਰੀਬ ਵਰਗ ਦੇ ਵਿਦਿਆਰਥੀਆਂ ਨੂੰ ਨਹੀਂ ਮਿਲਿਆ। ਇਸੇ ਕਾਰਨ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਅੱਜ ਖਤਮ ਹੋਣ ਦੇ ਕੰਢੇ ਆ ਪੁੱਜੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਏਜੰਸੀ ਈਡੀ ਇਸ ਦੀ ਨਿਰਪੱਖ ਜਾਂਚ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਜਲੰਧਰ ਵਿੱਚ ਈਡੀ ਦੇ ਅਧਿਕਾਰੀਆਂ ਨੂੰ ਵੀ ਇਸ ਘੁਟਾਲੇ ਦੀ ਜਾਂਚ ਕਰਨ ਲਈ ਮੰਗ ਪੱਤਰ ਦੇਵੇਗੀ।
ਵਰਜੀਤ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਇਸ ਸਕੀਮ ਵਿੱਚ ਹੇਰਾਫੇਰੀ ਕਰਨ ਵਾਲੇ ਵਿਦਿਅਕ ਅਦਾਰਿਆਂ ਵਿਰੁੱਧ ਕਾਰਵਾਈ ਕਰਨਗੇ ਪਰ ਕਾਂਗਰਸ ਸਰਕਾਰ ਦੇ ਮੰਤਰੀ ਵੀ ਇਸ ਵਿੱਚ ਸ਼ਾਮਲ ਹੋ ਗਏ ਹਨ।