ਵਿਦਵਾਨ ਅਤਰ ਸਿੰਘ ਭਦੌੜ
ਪੰਜਾਬ ਦੇ ਮਾਲਵਾ ਖੇਤਰ ਵਿਚ ਜੋ ਵੱਡੇ ਸਿੱਖ ਘਰਾਣੇ ਹਨ ਉਨ੍ਹਾਂ ਵਿਚ ਭਦੌੜ ਵਾਲੇ ਘਰਾਣੇ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਪਟਿਆਲਾ, ਨਾਭਾ ਅਤੇ ਜੀਂਦ ਰਿਆਸਤਾਂ ਵਾਂਗ ਇਸ ਘਰਾਣੇ ਦਾ ਪਿਛੋਕੜ ਵੀ ਭਾਈ ਫੁੂਲ ਦੇ ਵੰਸ਼ ਨਾਲ ਜੁੜਦਾ ਹੈ। 1857 ਈਸਵੀ ਤੱਕ ਭਦੌੜ ਇਕ ਸੁਤੰਤਰ ਮਿਲਖ ਦੇ ਰੂਪ ਵਿਚ ਸੀ ਪਰ ਅੰਗਰੇਜ਼ ਸਰਕਾਰ ਨੇ ਗਦਰ ਸਮੇਂ ਪਟਿਆਲਾ ਰਿਆਸਤ ਵੱਲੋਂ ਕੀਤੀ ਸੇਵਾ ਦੇ ਇਵਜ਼ ਵਿਚ ਭਦੌੜ ਨੂੰ ਰਿਆਸਤ ਪਟਿਆਲਾ ਦੇ ਅਧੀਨ ਮੰਨ ਲਿਆ। ਅਠਾਰਵੀਂ ਸਦੀ ਦੇ ਆਰੰਭਕ ਸਮੇਂ ਇੱਥੋਂ ਦਾ ਮਾਲਕ ਖੜਕ ਸਿੰਘ ਸੀ। ਵਿੱਦਿਆ ਪ੍ਰੇਮੀ ਅਤੇ ਦਾਨੀ ਸੁਭਾਅ ਵਾਲੇ ਖੜਕ ਸਿੰਘ ਨੇ ਆਪਣੇ ਇਲਾਕੇ ਵਿਚ ਖਰਾਇਤੀ ਸੰਸਥਾਵਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ। ਉਸ ਦੇ ਘਰ 1833 ਵਿਚ ਅਤਰ ਸਿੰਘ ਦਾ ਜਨਮ ਹੋਇਆ। ਖੜਕ ਸਿੰਘ ਨੇ ਆਪਣੇ ਪੁੱਤਰ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਉਸ ਦੀ ਛੋਟੀ ਉਮਰ ਤੋਂ ਹੀ ਉਸ ਨੂੰ ਵਿਦਵਾਨਾਂ ਦੀ ਨਜ਼ਰ ਹੇਠ ਰੱਖਿਆ। ਫਲਸਰੂਪ ਅਤਰ ਸਿੰਘ ਨੇ ਜਵਾਨੀ ਚੜ੍ਹਨ ਤੱਕ ਪੰਜਾਬੀ, ਫਾਰਸੀ ਅਤੇ ਅੰਗਰੇਜ਼ੀ ਵਿਚ ਮੁਹਾਰਤ ਹਾਸਲ ਕਰ ਲਈ। ਸੰਸਕ੍ਰਿਤ ਦੀ ਪੜ੍ਹਾਈ ਉਸ ਨੇ ਬਨਾਰਸ ਰਹਿ ਕੇ ਪ੍ਰਾਪਤ ਕੀਤੀ। ਇੱਥੇ ਉਸ ਨੇ ਸੰਗੀਤ, ਜੋਤਿਸ਼ ਆਦਿ ਕਲਾਵਾਂ ਦੇ ਨਾਲ ਨਾਲ ਪਿੰਗਲ, ਦਰਸ਼ਨ ਆਦਿ ਦਾ ਅਧਿਐਨ ਵੀ ਕੀਤਾ। ਛੇਤੀ ਹੀ ਅਤਰ ਸਿੰਘ ਨੂੰ ਵੱਡੇ ਵਿਦਵਾਨਾਂ ਵਿਚ ਗਿਣਿਆ ਜਾਣ ਲੱਗਾ।
ਖੁਦ ਵਿੱਦਿਆ ਪ੍ਰੇਮੀ ਹੋਣ ਦੇ ਨਾਤੇ ਅਤਰ ਸਿੰਘ ਨੇ ਆਪਣੇ ਪਿੰਡ ਭਦੌੜ ਵਿਚ ਪਾਠਸ਼ਾਲਾ ਖੋਲ੍ਹੀ ਜਿਸ ਵਿਚ ਵਿਦਿਆਰਥੀਆਂ ਕੋਲੋਂ ਕੋਈ ਫੀਸ ਨਹੀਂ ਸੀ ਲਈ ਜਾਂਦੀ ਸਗੋਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਸੀ। ਇਸ ਪਾਠਸ਼ਾਲਾ ਦੇ ਨਾਲ ਉਸ ਨੇ ਲਾਇਬ੍ਰੇਰੀ ਬਣਾਈ ਜੋ ਸਮਾਂ ਪਾ ਕੇ ਅਰਬੀ-ਫਾਰਸੀ, ਸੰਸਕ੍ਰਿਤ, ਪੰਜਾਬੀ ਦੀਆਂ ਦੁਰਲੱਭ ਪੁਸਤਕਾਂ ਦਾ ਭੰਡਾਰ ਬਣੀ। ਅਤਰ ਸਿੰਘ ਦੇ ਵਿਦਿਆ ਪ੍ਰੇਮ ਨੂੰ ਵੇਖਦਿਆਂ ਉਸ ਨੂੰ 1869 ਵਿਚ ਦੇਸੀ ਸਾਹਿਤ, ਭਾਸ਼ਾਵਾਂ ਅਤੇ ਗਿਆਨ ਦੀ ਸੰਭਾਲ ਵਾਸਤੇ ਪੰਜਾਬ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਅੰਜਮਨ-ਏ-ਪੰਜਾਬ ਦਾ ਮੈਂਬਰ ਬਣਾਇਆ ਗਿਆ। ਇਸ ਸਾਲ ਉਸ ਨੂੰ ‘ਏਸ਼ੀਐਟਿਕ ਸੁਸਾਇਟੀ ਆਫ ਬੰਗਾਲ’ ਦਾ ਮੈਂਬਰ ਵੀ ਚੁਣਿਆ ਗਿਆ। 1870 ਵਿਚ ਉਸ ਨੂੰ ਪੰਜਾਬ ਯੂਨੀਵਰਸਿਟੀ ਕਾਲਜ ਦੀ ਸੈਨੇਟ ਦਾ ਮੈਂਬਰ ਨਿਯੁਕਤ ਕੀਤਾ ਗਿਆ। ਅਤਰ ਸਿੰਘ ਨੂੰ ਉਸ ਦੀ ਉਰਦੂ ਫਾਰਸੀ ਵਿਚ ਮੁਹਾਰਤ ਕਰਕੇ ‘ਫਜ਼ਲ-ਉਲ-ਫਜ਼ਲਾ’ ਅਤੇ ਸੰਸਕ੍ਰਿਤ ਦੀ ਵਿਦਵਤਾ ਕਰਕੇ ‘ਮਹਾਮਹੋਉਪਾਧਿਆ’ ਖਿਤਾਬ ਦੇ ਕੇ ਸਨਮਾਨਿਆ ਗਿਆ। ਕਾਲਜ ਪੱਧਰ ’ਤੇ ਪੰਜਾਬੀ ਦਾ ਵਿਸ਼ਾ ਅਤਰ ਸਿੰਘ ਦੇ ਉਪਰਾਲੇ ਨਾਲ ਹੀ ਪੜ੍ਹਾਇਆ ਜਾਣਾ ਸੰਭਵ ਹੋਇਆ। ਵਿਰੋਧੀਆਂ ਦੀ ਦਲੀਲ ਸੀ ਕਿ ਪੰਜਾਬੀ ਵਿਚ ਨਾ ਸਾਹਿਤ ਰਚਿਆ ਗਿਆ ਹੈ, ਨਾ ਪੁੁਸਤਕ ਛਪਦੀ ਹੈ ਇਸ ਲਈ ਅਜਿਹੀ ਭਾਸ਼ਾ ਨੂੰ ਪੜ੍ਹਾਈ ਦੇ ਕੋਰਸ ਵਿਚ ਸ਼ਾਮਲ ਕਰਨ ਦੀ ਕੋਈ ਤੁਕ ਨਹੀਂ ਬਣਦੀ। ਅਤਰ ਸਿੰਘ ਨੇ ਆਪਣੀ ਲਾਇਬ੍ਰੇਰੀ ’ਚੋਂ ਢਾਈ-ਤਿੰਨ ਸੌ ਪ੍ਰਕਾਸ਼ਿਤ ਪੁਸਤਕਾਂ ਅਤੇ ਹੱਥ ਲਿਖਤ ਖਰੜਿਆਂ ਦੀ ਸੂਚੀ ਪੇਸ਼ ਕਰ ਕੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਅਤੇ ਆਪਣੀ ਗੱਲ ਮੰਨਵਾਈ।
1878 ਵਿਚ ਅਤਰ ਸਿੰਘ ਨੇ ਆਪਣੀ ਰਿਹਾਇਸ਼ ਪਿੰਡ ਭਦੌੜ ਦੀ ਥਾਂ ਲੁਧਿਆਣੇ ਸ਼ਹਿਰ ਵਿਚ ਕਰ ਲਈ। ਇਸ ਨਿਵਾਸ ਨੂੰ ‘ਭਦੌੜ ਹਾਊਸ’ ਕਿਹਾ ਜਾਣ ਲੱਗਾ। ਇਸ ਮੌਕੇ ਉਸ ਨੇ ਉਰਦੂ, ਫਾਰਸੀ ਅਤੇ ਅੰਗਰੇਜ਼ੀ ਦੀਆਂ ਬੇਸ਼ਕੀਮਤੀ ਕਿਤਾਬਾਂ ਦਾ ਸੰਗ੍ਰਹਿ ਆਪਣੀ ਲਾਇਬ੍ਰੇਰੀ ਵੀ ਲੁਧਿਆਣੇ ਲੈ ਆਂਦੀ।
ਪੰਜਾਬ ਦਾ ਲੈਫਟੀਨੈਂਟ ਗਵਰਨਰ ਅਤੇ ਸਰਕਾਰ ਦੇ ਹੋਰ ਉੱਚ ਅਧਿਕਾਰੀ ਰਾਜ ਦੀ ਸਿਆਸੀ ਹਾਲਤ ਬਾਰੇ ਅਕਸਰ ਹੀ ਅਤਰ ਸਿੰਘ ਨਾਲ ਸਲਾਹ ਮਸ਼ਵਰਾ ਕਰਦੇ ਰਹਿੰਦੇ ਸਨ। ਉਸ ਦੀ ਰਾਇ ਸਰਕਾਰ ਨੂੰ ਆਪਣੀ ਨੀਤੀ ਘੜਨ ਵਿਚ ਸਹਾਇਕ ਹੁੰਦੀ। ਇਸ ਸੇਵਾ ਬਦਲੇ ਸਰਕਾਰ ਨੇ 1880 ਵਿਚ ਉਸ ਨੂੰ ਸੀਆਈਈ (ਕੰਪੈਨੀਅਨ ਆਫ ਦਿ ਇੰਡੀਅਨ ਐਂਪਾਇਰ) ਦਾ ਖਿਤਾਬ ਦਿੱਤਾ।
ਸਿੱਖੀ ਪ੍ਰੇਮ ਅਤਰ ਸਿੰਘ ਨੂੰ ਵਿਰਸੇ ਵਿਚ ਪ੍ਰਾਪਤ ਹੋਇਆ ਸੀ ਜਿਸ ਸਦਕਾ ਸਿੱਖ ਧਰਮ ਦੇ ਉਥਾਨ ਲਈ ਉਸ ਨੇ ਸਲਾਹੁਣਯੋਗ ਯਤਨ ਕੀਤੇ। ਸਿੱਖ ਧਰਮ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਅਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਮਾਰਗ ’ਤੇ ਪਾਉਣ ਦੀ ਇੱਛਾ ਨਾਲ 1873 ਵਿਚ ਅੰਮ੍ਰਿਤਸਰ ਵਿਚ ਸਿੰਘ ਸਭਾ ਦੀ ਸਥਾਪਨਾ ਕਰਨ ਵਾਲੇ ਸਿੱਖ ਮੁਖੀਆਂ ਵਿਚ ਅਤਰ ਸਿੰਘ ਵੀ ਸ਼ਾਮਲ ਸੀ। ਉਹ ਕੰਵਰ ਬਿਕ੍ਰਮ ਸਿੰਘ ਕਪੂਰਥਲਾ ਅਤੇ ਭਾਈ ਗੁਰਮੁਖ ਸਿੰਘ ਦੇ ਵਿਚਾਰਾਂ ਦਾ ਹਮਾਇਤੀ ਸੀ। 1884 ਵਿਚ ਉਸ ਨੇ ਲੁਧਿਆਣੇ ਵਿਚ ਸਿੰਘ ਸਭਾ ਦੀ ਸਥਾਪਨਾ ਕੀਤੀ। ਜਦੋਂ ਅੰਤਰ-ਵਿਰੋਧਾਂ ਕਾਰਨ ਸਿੰਘ ਸਭਾ ਗੈਰ-ਸਰਗਰਮ ਹੋ ਗਈ ਤਾਂ ਲਾਹੌਰ ਵਿਚ ਸਥਾਪਤ ਕੀਤੇ ਖਾਲਸਾ ਦੀਵਾਨ ਵਿਚ ਪ੍ਰਧਾਨ ਦੀ ਜ਼ਿੰਮੇਵਾਰੀ ਅਤਰ ਸਿੰਘ ਨੂੰ ਸੌਂਪੀ ਗਈ। ਭਾਈ ਜਵਾਹਰ ਸਿੰਘ ਦਾ ਆਰੀਆ ਸਮਾਜ ਨੂੰ ਛੱਡ ਕੇ ਸਿੰਘ ਸਭਾ ਵਿਚ ਕਾਰਜਸ਼ੀਲ ਹੋਣਾ ਵੀ ਅਤਰ ਸਿੰਘ ਦੀ ਪ੍ਰੇਰਨਾ ਕਾਰਨ ਸੰਭਵ ਹੋ ਸਕਿਆ। ਉਸ ਦੀ ਸਰਪ੍ਰਸਤੀ ਸਦਕਾ ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ ਆਦਿ ਵਿਰੋਧੀਆਂ ਦੇ ਹਮਲਿਆਂ ਤੋਂ ਬਚਣ ਦੇ ਸਮਰੱਥ ਹੋਏ। ਖਾਲਸਾ ਦੀਵਾਨ ਲਾਹੌਰ ਵੱਲੋਂ ਆਮ ਸਿੱਖ ਸੰਗਤ ਦੀ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸਾਂਝ ਪਵਾਉਣ ਵਾਸਤੇ ‘ਖਾਲਸਾ ਅਖਬਾਰ’ ਬਣਾਉਣ ਦੀ ਵਿਉਂਤ ਬਣੀ ਤਾਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਬਣਾਈ ਕਮੇਟੀ ਦਾ ਪ੍ਰਧਾਨ ਅਤਰ ਸਿੰਘ ਨੂੰ ਚੁਣਿਆ ਗਿਆ। ਉਸ ਦੀ ਅਗਵਾਈ ਹੇਠ ਹੀ ‘ਖਾਲਸਾ ਪ੍ਰੈੱਸ’ ਸ਼ੁਰੂ ਕੀਤੀ ਗਈ। ਇਨ੍ਹਾਂ ਕਾਰਜਾਂ ਵਾਸਤੇ ਉਸ ਨੇ ਦੀਵਾਨ ਦੀ ਮਾਇਕ ਮਦਦ ਵੀ ਕੀਤੀ।
ਪੰਜਾਬ ਸਰਕਾਰ ਵੱਲੋਂ ਦਰਬਾਰ ਸਾਹਿਬ ਸਮੂਹ ਦੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਨਿਗਰਾਨੀ ਕਰਨ ਲਈ ਇਕ ਅੱਠ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। 1886 ਵਿਚ ਅਤਰ ਸਿੰਘ ਨੂੰ ਇਸ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ।
ਸਿੱਖਿਆ ਦੇ ਖੇਤਰ ਵਿਚ ਸਿੱਖ ਕੌਮ ਦੀ ਭਲਾਈ ਵਾਸਤੇ ਕੀਤੇ ਜਾ ਰਹੇ ਕਾਰਜਾਂ ਵਿਚ ਅਤਰ ਸਿੰਘ ਮੋਹਰੀਆਂ ਵਿਚ ਰਹੇ। ਖਾਲਸਾ ਕਾਲਜ ਬਣਾਉਣ ਲਈ 1890 ਵਿਚ ਬਣੀ ‘ਕਾਲਜ ਅਸਥਾਪਨ ਕਮੇਟੀ’ ਵਿਚ ਉਸ ਨੂੰ ਮੀਤ ਪ੍ਰਧਾਨ ਅਤੇ ਇਕੱਠੇ ਹੋਣ ਵਾਲੇ ਫੰਡ ਦੀ ਸੰਭਾਲ ਵਾਸਤੇ ਟਰੱਸਟੀ ਬਣਾਇਆ ਗਿਆ। ਕਾਲਜ ਦੀ ਸਥਾਪਨਾ ਹੋਣ ਪਿੱਛੋਂ ਉਸ ਨੂੰ ਕਾਲਜ ਕੌਂਸਲ ਵਿਚ ਵੀ ਇਹੋ ਜ਼ਿੰਮੇਵਾਰੀ ਸੌਂਪੀ ਗਈ।
ਇਹ ਸਹੀ ਹੈ ਕਿ ਸਾਹਿਤਕ ਖੇਤਰ ਵਿਚ ਅਤਰ ਸਿੰਘ ਦਾ ਵਧੇਰੇ ਕੰਮ ਅੰਗਰੇਜ਼ੀ ਵਿਚ ਹੈ ਪਰ ਇਹ ਘੱਟ ਮਹੱਤਵਪੂਰਨ ਨਹੀਂ। ਜਦ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਵੱਲੋਂ ਕਹੇ ਜਾਣ ’ਤੇ ਈਸਾਈ ਮਿਸ਼ਨਰੀ ਟਰੰਪ ਵੱਲੋਂ ਕੀਤੇ ਗੁਰੂ ਗ੍ਰੰਥ ਸਾਹਬ ਦੇ ਅੰਗਰੇਜ਼ੀ ਅਨੁਵਾਦ ਨੂੰ ਸਹੀ ਨਾ ਮੰਨਿਆ ਗਿਆ ਤਾਂ ਇਹ ਕੰਮ ਅਤਰ ਸਿੰਘ ਨੇ ਕਰਨਾ ਸ਼ੁਰੂ ਕੀਤਾ। ਉਸ ਨੇ ਗੁਰਬਾਣੀ ਦੇ ਚੋਣਵੇਂ ਭਾਗ ਦੇ ਨਾਲ ਦਸਮ ਗ੍ਰੰਥ ਦਾ ਵੱਡਾ ਹਿੱਸਾ ਵੀ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਸੌ ਸਾਖੀ, ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਆਦਿ ਦੇ ਅੰਗਰੇਜ਼ੀ ਅਨੁਵਾਦ ਤੋਂ ਇਲਾਵਾ ਉਸ ਨੇ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਯਾਤਰਾਵਾਂ ਬਾਰੇ ਸਾਖੀ ਪੋਥੀ ‘ਦਿ ਟ੍ਰੈਵਲਜ਼ ਆਫ ਗੁਰੂ ਤੇਗ ਬਹਾਦਰ ਐਂਡ ਗੁਰੂ ਗੋਬਿੰਦ ਸਿੰਘ’ ਨਾਂ ਦੇ ਕੇ ਪ੍ਰਕਾਸ਼ਿਤ ਕਰਵਾਈ। ਆਪਣੇ ਪੁਰਖਿਆਂ ਦਾ ਇਤਿਹਾਸ ‘ਤਵਾਰੀਖ ਸਿੱਧੂ ਬੈਰਾੜਾਂ ਅਤੇ ਖਾਨਦਾਨ ਫੂਲ’ ਉਸ ਨੇ ਉਰਦੂ ਵਿਚ ਲਿਖਿਆ ਜੋ ਇਸ ਵਿਸ਼ੇ ਬਾਰੇ ਬਹੁਮੁੱਲੀ ਜਾਣਕਾਰੀ ਦਾ ਭੰਡਾਰ ਹੈ।
ਅਤਰ ਸਿੰਘ ਨੇ ਜਿਊਂਦੇ ਜੀ ਆਪਣੀ ਸਾਰੀ ਲਾਇਬ੍ਰੇਰੀ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਦੇ ਹਵਾਲਾ ਕਰ ਦਿੱਤੀ। ਉਸ ਦਾ ਦੇਹਾਂਤ 10 ਜੂਨ 1896 ਨੂੰ ਲੁਧਿਆਣੇ ਵਿਚ ਹੋਇਆ। ਅਤਰ ਸਿੰਘ ਦੀ ਸਿੱਖ ਸਮਾਜ ਨੂੰ ਬਹੁ-ਪੱਖੀ ਦੇਣ ਦਾ ਜ਼ਿਕਰ ‘ਖਾਲਸਾ ਅਖਬਾਰ’ ਨੇ ਆਪਣੇ 19 ਜੂਨ 1896 ਦੇ ਅੰਕ ਵਿਚ ਇਹ ਲਿਖ ਕੇ ਕੀਤਾ, ‘‘ਸਰ ਸਰਦਾਰ ਅਤਰ ਸਿੰਘ ਸਾਹਿਬ ਨੇ ਆਪਣੀ ਸਾਰੀ ਉਮਰ ਏਡੇ ਵੱਡੇ ਰਈਸ ਹੋ ਕੇ ਅੱਜਕੱਲ੍ਹ ਦੇ ਸਰਦਾਰਾਂ ਵਾਂਗ ਸ਼ਰਾਬ, ਕਬਾਬ, ਵੇਸ਼ਿਆਂ ਅਤੇ ਕੁੱਤਿਆਂ ਦੇ ਪਾਲਨ ਵਿਚ ਖਰਚ ਨਹੀਂ ਕੀਤੀ ਸੀ ਸਗੋਂ ਇਸ ਤੋਂ ਬਿਨਾਂ ਵਿੱਦਿਆ ਦੇ ਹਾਸਲ ਕਰਨੇ, ਸਰਕਾਰ ਨੂੰ ਸਮੇਂ ਸਮੇਂ ਮਦਦ ਦੇ ਕੇ ਅਤੇ ਹਰ ਇਕ ਦੇਸੀ ਸ਼ੋਭਨੀਯ ਕਮੇਟੀਆਂ ਦੇ ਮੈਂਬਰ ਹੋ ਕੇ ਖਾਲਸਾ ਕੌਮ ਦੀ ਭਲਾਈ ਵਿਚ ਖਰਚ ਕੀਤੀ ਸੀ ਜਿਸ ’ਤੇ ਇਨ੍ਹਾਂ ਦੀ ਇੱਜ਼ਤ ਖਾਲਸਾ ਕੌਮ ਅਤੇ ਸਰਕਾਰ ਦੇ ਦਿਲ ਵਿਚ ਅੱਛੀ ਤਰ੍ਹਾਂ ਹੋਇ ਰਹੀ ਸੀ।’’
ਸੰਪਰਕ: 94170-49417