ਸਿੱਖਾਂ ਦਾ ਮਾੜਾ ਅਕਸ ਪੇਸ਼ ਕਰਦੇ ਦ੍ਰਿਸ਼ ਹਟਾਏ ਜਾਣ: ਹਰਸਿਮਰਤ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ):
ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਮੰਗ ਕੀਤੀ ਹੈ ਕਿ ਫਿਲਮ ‘ਐਮਰਜੈਂਸੀ’ ਵਿਚ ਸਿੱਖਾਂ ਦਾ ਮਾੜਾ ਅਕਸ ਪੇਸ਼ ਕਰਦੇ ਦ੍ਰਿਸ਼ਾਂ ਕਾਰਨ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਅਤੇ ਸਮਾਜ ਵਿੱਚ ਬੇਚੈਨੀ ਪੈਦਾ ਹੋਣ ਦੇ ਆਸਾਰ ਹਨ, ਇਸ ਲਈ ਇਨ੍ਹਾਂ ਨੂੰ ਫਿਲਮ ਵਿੱਚੋਂ ਤੁਰੰਤ ਹਟਾਇਆ ਜਾਵੇ। ਉਹ ਅੱਜ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਸਨ। ਇਸ ਤੋਂ ਪਹਿਲਾਂ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਫਿਲਮ ’ਤੇ ਇਤਰਾਜ਼ ਜ਼ਾਹਿਰ ਕਰ ਚੁੱਕੇ ਹਨ। ਸਰਬਜੀਤ ਸਿੰਘ ਖ਼ਾਲਸਾ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਜੇ ਦੇਸ਼ ਭਗਤ ਸਿੱਖ ਕੌਮ, ਜਿਸ ਨੇ ਭਾਰਤ ਨੂੰ ਆਜ਼ਾਦੀ ਲੈ ਕੇ ਦਿੱਤੀ ਅਤੇ ਦੇਸ਼ ਦੇ ਅਨਾਜ ਭੰਡਾਰ ਭਰੇ, ਦਾ ਮਾੜਾ ਅਕਸ ਪੇਸ਼ ਕੀਤਾ ਗਿਆ ਤਾਂ ਇਹ ਮੰਨਿਆ ਜਾਵੇਗਾ ਕਿ ਅਜਿਹਾ ਝੂਠਾ ਪ੍ਰਾਪੇਗੰਡਾ ਫੈਲਾਉਣ ਵਿੱਚ ਕੇਂਦਰ ਸਰਕਾਰ ਦਾ ਵੀ ਹੱਥ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੰਗਨਾ ਰਣੌਤ ਨੇ ਪਹਿਲਾਂ ਵੀ ਕਿਸਾਨੀ ਸੰਘਰਸ਼ ਵਿੱਚ ਭਾਗ ਲੈਣ ਵਾਲੀਆਂ ਸਿੱਖ ਮਾਵਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਸੀ। ਉਨ੍ਹਾਂ ਕਿਹਾ ਕਿ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਦੇ ਕਈ ਕਿਰਦਾਰ ਪੇਸ਼ ਕੀਤੇ ਗਏ ਹਨ। ਚੰਗਾ ਹੁੰਦਾ ਕਿ ਫਿਲਮ ਦੇ ਨਿਰਮਾਤਾ ਫਿਲਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਖਾਉਂਦੇ ਅਤੇ ਸਿੱਖ ਕੌਮ ਦੀ ਸਹਿਮਤੀ ਵੀ ਲੈਂਦੇ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਲਿਖਤੀ ਨੋਟੀਫਿਕੇਸ਼ਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਉਨ੍ਹਾਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਦਾ ਵਿਰੋਧ ਕੀਤਾ। ਉਨ੍ਹਾਂ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦੇ ਸਮੇਂ ਵਿੱਚ ਵਾਰ-ਵਾਰ ਤਬਦੀਲੀ ਕਰਨ ਦੀ ਵੀ ਨਿਖੇਧੀ ਕੀਤੀ।