ਪੰਚਾਇਤੀ ਗ੍ਰਾਂਟ ’ਚ 10.53 ਲੱਖ ਰੁਪਏ ਦਾ ਘੁਟਾਲਾ
ਪੱਤਰ ਪ੍ਰੇਰਕ
ਤਰਨ ਤਾਰਨ, 30 ਅਗਸਤ
ਝਬਾਲ ਇਲਾਕੇ ਦੇ ਪਿੰਡ ਠੱਠੀ ਸੋਹਲ ਵਿੱਚ ਵਿਕਾਸ ਦੇ ਕੰਮਾਂ ਲਈ ਬੀਤੇ ਪੰਜ ਸਾਲ ਦੌਰਾਨ ਸਰਕਾਰ ਵੱਲੋਂ ਜਾਰੀ ਕੀਤੀਆਂ ਗ੍ਰਾਟਾਂ ਵਿੱਚ 10.53 ਲੱਖ ਰੁਪਏ ਦੀਆਂ ਕਥਿਤ ਬੇਨਿਯਮੀਆਂ ਸਾਹਮਣੇ ਆਈਆਂ ਹਨ| ਇਸ ਸਬੰਧੀ ਪੁਲੀਸ ਨੇ ਤਤਕਾਲੀ ਸਰਪੰਚ ਤੇ ਦੋ ਬਲਾਕ ਸਕੱਤਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਬਾਰੇ ਪਿੰਡ ਦੇ ਸਕੱਤਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ| ਡੀਸੀ ਨੇ ਇਸ ਬਾਰੇ ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਧਿਕਾਰੀ (ਡੀਡੀਪੀਓ) ਨੂੰ ਜਾਂਚ ਕਰਨ ਦੇ ਹੁਕਮ ਕੀਤੇ ਸਨ| ਡੀਡੀਪੀਓ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਪਿੰਡ ਦੇ ਉਸ ਵੇਲੇ ਦੇ ਸਰਪੰਚ ਅਤੇ ਉਸ ਅਰਸੇ ਦੌਰਾਨ ਸਬੰਧਤ ਗੰਡੀਵਿੰਡ ਬਲਾਕ ਦੇ ਮਾਰਚ 2019 ਤੋਂ ਲੈ ਕੇ ਦਸੰਬਰ 2023 ਤੱਕ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਰਹੇ ਦੋ ਅਧਿਕਾਰੀਆਂ ਨੇ ਮਿਲ ਕੇ ਸਰਕਾਰ ਵੱਲੋਂ ਭੇਜੀਆਂ ਗ੍ਰਾਟਾਂ ’ਚ ਕਥਿਤ ਮਿਲੀਭੁਗਤ ਕਰਕੇ 10.53 ਲੱਖ ਰੁਪਏ ਦਾ ਘਪਲਾ ਕੀਤਾ ਸੀ| ਡੀਡੀਪੀਓ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਝਬਾਲ ਪੁਲੀਸ ਨੇ ਉਸ ਵੇਲੇ ਦੇ ਸਰਪੰਚ ਅਤੇ ਦੋ ਬਲਾਕ ਸਕੱਤਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।