ਐੱਸਸੀ ਕਮਿਸ਼ਨ ਦੇ ਮੈਂਬਰਾਂ ਵੱਲੋਂ ਪਿੰਡ ਧੁਲੇਤਾ ਦਾ ਦੌਰਾ
ਨਰਿੰਦਰ ਸਿੰਘ ਢੋਟਰ
ਗੁਰਾਇਆ, 22 ਅਗਸਤ
ਨੇੜਲੇ ਪਿੰਡ ਧੁਲੇਤਾ ਵਾਸੀ ਤੀਰਥ ਰਾਮ ਵੱਲੋਂ ਐੱਸਸੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਐੱਸਸੀ ਮੁਹੱਲੇ ਵਿੱਚ ਜੋ ਛੱਪੜ ਹੈ ਉਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਅਧਾਰ ’ਤੇ ਅੱਜ ਐੱਸਸੀ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਤੇਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ’ਤੇ ਐੱਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਗਿਆਨ ਚੰਦ ਦੀਵਾਲੀ ਅਤੇ ਪ੍ਰਭ ਦਿਆਲ ਨੇ ਮੌਕਾ ਦੇਖਣ ਲਈ ਧੁਲੇਤਾ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਗੁਰਾਇਆ ਸਾਹਿਬ ਦਿਆਲ, ਬੀਡੀਪੀਓ ਫਿਲੌਰ ਰਣਜੀਤ ਸਿੰਘ ਤੇ ਸਮਾਜ ਸੇਵਕ ਸੰਜੀਵ ਹੀਰ ਵੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਕਿਹਾ ਕਿ ਇਸ ਛੱਪੜ ਦੇ ਕਾਰਨ ਕਾਫੀ ਗੰਦਗੀ ਫੈਲੀ ਹੋਈ ਹੈ, ਜਿਸ ਨਾਲ ਭਿਆਨਕ ਬਿਮਾਰੀਆ ਫੈਲਣ ਦਾ ਖਦਸ਼ਾ ਹੈ। ਅੱਜ ਜਦੋਂ ਉਨ੍ਹਾਂ ਮੌਕੇ ’ਤੇ ਆ ਕੇ ਦੇਖਿਆ ਤਾਂ ਪਾਇਆ ਗਿਆ ਕਿ ਲੋਕਾਂ ਦੀ ਇਹ ਸਮੱਸਿਆ ਸੱਚਮੁੱਚ ਕਾਫੀ ਗੰਭੀਰ ਹੈ, ਜਿਸ ’ਤੇ ਤੁਰੰਤ ਐਕਸ਼ਨ ਲੈਂਦੇ ਹੋਏ ਉਨ੍ਹਾਂ ਮੌਕੇ ’ਤੇ ਮੌਜੂਦ ਅਧਿਕਾਰੀਆ ਨੂੰ ਇਸ ਸਮੱਸਿਆ ਜਲਦ ਹੱਲ ਕਰਨ ਦੀ ਹਦਾਇਤ ਕੀਤੀ ਹੈ।