ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਨੇ ਮਜ਼ਦੂਰ ਔਰਤਾਂ ਦੇ ਮਸਲੇ ਵਿਚਾਰੇ
ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਮਾਰਚ
ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਵੱਲੋਂ ਕੌਮਾਂਤਰੀ ਮਜ਼ਦੂਰ ਔਰਤ ਦਿਵਸ ਮੌਕੇ ਪਿੰਡ ਚੰਗਾਲੀਵਾਲਾ ’ਚ ਵਿਚਾਰ ਚਰਚਾ ਰੱਖੀ ਗਈ ਅਤੇ ਚਾਰਟ ਗੈਲਰੀ ਲਗਾਈ ਗਈ ਜਿਸ ਦਾ ਸਾਰਾ ਪ੍ਰਬੰਧ ਪਿੰਡ ਦੀਆਂ ਕੁੜੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਵੱਖ ਵੱਖ ਕੁੜੀਆਂ ਨੇ ਮਜ਼ਦੂਰ ਔਰਤ ਦਿਵਸ ਦੇ ਇਤਿਹਾਸ ਤੇ ਅੱਜ ਦੇ ਸਮੇਂ ਵਿੱਚ ਔਰਤਾਂ ਦੀ ਸਥਿਤੀ ਆਦਿ ਵਿਸ਼ਿਆਂ ’ਤੇ ਵਿਸਥਾਰ ਵਿੱਚ ਗੱਲ ਕੀਤੀ। ਇਸ ਤੋਂ ਇਲਾਵਾ ਗੀਤ ਤੇ ਕਵਿਤਾਵਾਂ ਦੀ ਪੇਸ਼ਕਾਰੀ ਵੀ ਹੋਈ। ਇਸ ਮੌਕੇ ਲਾਇਬ੍ਰੇਰੀ ਦੀਆਂ ਮੈਂਬਰਾਂ ਮਨਪ੍ਰੀਤ ਕੌਰ, ਨਵਦੀਪ ਕੌਰ, ਵੀਰਪਾਲ ਕੌਰ ਤੇ ਕੁਲਵਿੰਦਰ ਕੌਰ ਨੇ ਦੱਸਿਆ ਕਿ 1908 ਵਿੱਚ ਅਮਰੀਕਾ ਦੀ ਕੱਪੜਾ ਫੈਕਟਰੀ ਵਿੱਚ ਕੰਮ ਦੀਆਂ ਹਾਲਤਾਂ ’ਚ ਸੁਧਾਰ ਅਤੇ ਕੰਮ ਦੇ ਘੰਟੇ ਘਟਾ ਕੇ ਬਰਾਬਰ ਤਨਖਾਹ ਜਿਹੇ ਮੁੱਦਿਆਂ ’ਤੇ ਔਰਤਾਂ ਵੱਲੋਂ ਹੜਤਾਲ ਕੀਤੀ ਗਈ ਜਿਸ ਨੂੰ ਕੁਚਲ ਦਿੱਤਾ ਗਿਆ। ਬਾਅਦ ਵਿੱਚ ਇਸ ਦਿਨ ਨੂੰ ਕੌਮਾਂਤਰੀ ਮਜਦੂਰ ਔਰਤ ਦਿਵਸ ਵਜੋਂ ਮਨਾਇਆ ਜਾਣ ਲੱਗਾ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਮਰਦਾਂ ਦੇ ਮੁਕਾਬਲੇ ਜ਼ਿਆਦਾ ਕੰਮ ਕਰਦੀਆਂ ਹਨ। ਔਰਤ ਹੁਣ ਦੂਜੇ ਦਰਜੇ ਦੀ ਨਾ ਰਹਿ ਕੇ ਮਰਦ ਦੇ ਬਰਾਬਰ ਆ ਖੜੀ ਹੈ। ਇਸ ਲਈ ਆਪਣੇ ਲਈ ਇਹ ਦਿਨ ਮਨਾਉਣੇ ਮਹੱਤਵਪੂਰਨ ਹੋ ਗਏ ਹਨ।
ਕੌਮਾਂਤਰੀ ਇਸਤਰੀ ਦਿਵਸ ਮੌਕੇ ਸਮਾਗਮ
ਸੰਗਰੂਰ (ਖੇਤਰੀ ਪ੍ਰਤੀਨਿਧ): ਸਥਾਨਕ ਲਾਈਫ ਗਾਰਡ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿੱਚ ਕੌਮਾਂਤਰੀ ਇਸਤਰੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਵੱਲੋਂ ਇਹ ਸਮਾਗਮ ਸੰਸਥਾ ਦੀ ਡਾਇਰੈਕਟਰ ਪਰਵਿੰਦਰ ਕੌਰ ਅਤੇ ਪ੍ਰਿੰਸੀਪਲ ਡਾ. ਚਮਨਦੀਪ ਕੌਰ ਦੀ ਅਗਵਾਈ ਅਤੇ ਸਟੱਡੀ ਸਰਕਲ ਦੇ ਗੁਰਮੇਲ ਸਿੰਘ ਤੇ ਇਸਤਰੀ ਕੌਂਸਲ ਦੀ ਸਕੱਤਰ ਹਰਵਿੰਦਰ ਕੌਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਸਮਾਗਮ ਵਿਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਕੌਮੀ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਇਕੋਟੀ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਡਾ: ਸੁਖਦੀਪ ਕੌਰ ਪ੍ਰਿੰਸੀਪਲ ਅਕਾਲ ਐਜੂਕੇਸ਼ਨ ਕਾਲਜ ਮਸਤੂਆਣਾ ਸਾਹਿਬ, ਡਾ. ਸੁਖਵਿੰਦਰ ਸਿੰਘ ਚੇਅਰਮੈਨ, ਪੋ੍. ਗਗਨਦੀਪ ਕੌਰ ਸੈਸਕੈਚਵਨ ਯੂਨੀਵਰਸਿਟੀ ਕੈਨੇਡਾ ਅਤੇ ਰਾਜਦੀਪ ਕੌਰ ਡਾਇਟੀਸ਼ੀਅਨ ਕੈਨੇਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।