ਦੇਸ਼ ਨੂੰ ਤਾਨਸ਼ਾਹਾਂ ਤੋਂ ਬਚਾਉਣਾ ਸਭ ਤੋਂ ਵੱਡੀ ਚੁਣੌਤੀ: ਕਰਮਜੀਤ ਅਨਮੋਲ
ਸ਼ਗਨ ਕਟਾਰੀਆ
ਜੈਤੋ, 14 ਅਪਰੈਲ
ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਇਸ ਵਕਤ ਤਾਨਾਸ਼ਾਹ ਹਾਕਮਾਂ ਤੋਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਫ਼ਾਸ਼ੀਵਾਦ ਤਾਕਤਾਂ ਸੱਤਾ ’ਤੇ ਮੁੜ ਕਾਬਜ਼ ਹੋਣ ਲਈ ਜਦੋਂ ਜ਼ੋਰ ਅਜ਼ਮਾਇਸ਼ ’ਚ ਰੁੱਝੀਆਂ ਹੋਣ ਤਾਂ ਦੇਸ਼ ਭਗਤ ਅਗਵਾਈ ਕਰਨ ਲਈ ਅੱਗੇ ਆਉਂਦੇ ਹਨ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਅਨਮੋਲ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਨੇ ਆਪਣੇ ਰਾਜਕਾਲ ਦੌਰਾਨ ਫ਼ਿਰਕੂ ਰਾਜਨੀਤੀ ਨੂੰ ਵਿਆਪਕ ਹਵਾ ਦਿੱਤੀ ਅਤੇ ਉੱਥੇ ਦੂਜੇ ਪਾਸੇ ਮਹਿੰਗਾਈ ਨੇ ਗਰੀਬਾਂ ਦਾ ਲੱਕ ਤੋੜਿਆ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਵਧੀ ਅਤੇ ਗਰੀਬ ਹੋਰ ਗਰੀਬ ਹੋਇਆ। ਇਸੇ ਦੌਰਾਨ ਭੁੱਖਮਰੀ, ਬਿਮਾਰੀ ਤੇ ਗੁਰਬਤ ਵਰਗੀਆਂ ਅਲਾਮਤਾਂ ਨੇ ਸਿਰ ਚੁੱਕਿਆ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਲਈ ਲੜਨ ਵਾਲੇ ਹਰ ਸ਼ਖ਼ਸ ਦੀ ਜ਼ੁਬਾਨ ਬੰਦ ਕਰਨ ਲਈ ਹਾਕਮਾਂ ਨੇ ਆਪਣੀਆਂ ਸੱਤਾ ਸ਼ਕਤੀਆਂ ਦਾ ਰੱਜ ਕੇ ਦੁਰਉਪਯੋਗ ਕੀਤਾ। ਉਨ੍ਹਾਂ ਪੰਜਾਬ ਕਾਂਗਰਸ ਦੀ ਦਸ਼ਾ ਨੂੰ ਤਰਸਯੋਗ ਦੱਸਦਿਆਂ ਕਿਹਾ ਕਿ ਇਸ ਪਾਰਟੀ ਦੇ ਸੱਤਰ ਪ੍ਰਤੀਸ਼ਤ ਆਗੂ ਨਿੱਜੀ ਮੁਫ਼ਾਦਾਂ ਖ਼ਾਤਰ ਭਾਜਪਾ ’ਚ ਚਲੇ ਗਏ ਅਤੇ ਹੁਣ ਕਾਂਗਰਸ ਦਾ ਬਾਕੀ ਕੋਈ ਵੀ ਵਜੂਦ ਨਹੀਂ ਬਚਿਆ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ‘ਬਾਦਲ ਪਰਿਵਾਰ ਪ੍ਰਾਈਵੇਟ ਲਿਮਟਿਡ ਕੰਪਨੀ’ ਕਹਿੰਦਿਆਂ, ਇਸ ’ਤੇ ਪੰਜਾਬ ਦੇ ਹਿੱਤ ਭਾਜਪਾ ਕੋਲ ਗਹਿਣੇ ਧਰਨ ਦੇ ਦੋਸ਼ ਲਾਏ।
ਸ੍ਰੀ ਅਨਮੋਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੇ 13 ਮਹੀਨਿਆਂ ਦੌਰਾਨ ਪੰਜਾਬੀਆਂ ਦਾ ਇਸ ਅੰਦੋਲਨ ਵਿੱਚ ਅਹਿਮ ਮੁਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ’ਚ ਕਰੀਬ ਸਾਢੇ ਸੱਤ ਸੌ ਕਿਸਾਨ ਸ਼ਹੀਦ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਉਹ ਮੈਂਬਰ ਪਾਰਲੀਮੈਂਟ ਬਣ ਕੇ, ਕਿਸਾਨੀ ਜਨ ਜੀਵਨ ਨੂੰ ਉੱਚਾ ਚੁੱਕਣਾ ਉਨ੍ਹਾਂ ਦੀ ਤਰਜੀਹ ਹੋਵੇਗਾ।
ਇਸ ਮੌਕੇ ਹਲਕਾ ਜੈਤੋ ਦੇ ਵਿਧਾਇਕ ਇੰਜ. ਅਮੋਲਕ ਸਿੰਘ, ਦਿ ਟਰੱਕ ਅਪ੍ਰੇਟਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਐਡਵੋਕੇਟ ਹਰਸਿਮਰਨ ਮਲਹੋਤਰਾ, ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੱਧੂ ਤੇ ਸਤਿੰਦਰ ਢਿੱਲੋਂ ਸਮੇਤ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ।
ਕੋਟਕਪੂਰਾ: ਕਰਮਜੀਤ ਅਨਮੋਲ ਵੱਲੋਂ ਚੋਣ ਪ੍ਰਚਾਰ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮਆਦਮੀ ਫਿਰਨੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਅੱਜ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡਾਂ ਵਿੱਚ ਆਪਣਾ ਚੋਣ ਪ੍ਰਚਾਰ ਕੀਤਾ। ਇਸ ਸਮੇਂ ਉਨ੍ਹਾਂ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਮੌਜੂਦ ਸਨ। ਸ੍ਰੀ ਅਨਮੋਲ ਨੇ ਅੱਜ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੀ ਰਿਹਾਇਸ਼ ਤੋਂ ਚੋਣ ਪ੍ਰਚਾਰ ਦਾ ਸਫ਼ਰ ਸ਼ੁਰੂ ਕੀਤਾ ਜਿਸ ਉਪਰੰਤ ਕੋਠੇ ਥੇਹ ਵਾਲੇ,ਦੇਵੀਵਾਲਾ, ਸਿਰਸਿੜੀ, ਨੱਥੇ ਵਾਲਾ, ਚਮੇਲੀ, ਨੰਗਲ, ਧੂੜਕੋਟ, ਮੰਡਵਾਲਾ, ਚੰਦਬਾਜਾ ਵਿਖੇ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪਨੂੰ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹਨ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਰਹਿ ਕੇ ਕੰਮ-ਕਾਜ ਕਰਨ।ਇਸ ਮੌਕੇ ਗੁਰਮੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਮਨਪ੍ਰੀਤ ਸਿੰਘ ਧਾਲੀਵਾਲ ਸਮੇਤ ਹੋਰ ਆਗੂ ਮੌਜੂਦ ਸਨ।
‘ਆਪ’ ਉਮੀਦਵਾਰ ਅਨਮੋਲ ਦੇ ਹੱਕ ’ਚ ਮੋਟਰਸਾਈਕਲ ਰੈਲੀ
ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਇੱਕ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਹਲਕੇ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਾਰੇ ਆਗੂਆਂ ਨੇ ਸ਼ਮੂਲੀਅਤ ਕੀਤੀ। ਧਰਮਕੋਟ ਦੀ ਅਨਾਜ ਮੰਡੀ ਤੋਂ ਸੈਂਕੜੇ ਮੋਟਰਸਾਈਕਲਾਂ ਨਾਲ ਵਿਧਾਇਕ ਢੋਸ ਨੇ ਰੈਲੀ ਦੀ ਆਰੰਭਤਾ ਕੀਤੀ ਜੋ ਕਿ ਪੜਾਅ ਵਾਰ ਵੱਖ ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਦੁਪਹਿਰ ਵੇਲੇ ਇੱਥੇ ਪੁੱਜੀ। ਰੈਲੀ ਦੇ ਇੱਥੇ ਪੁੱਜਣ ’ਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਅਤੇ ਬਲਾਕ ਪ੍ਰਧਾਨ ਸ਼ਹਿਰੀ ਭੁਪੇਸ਼ ਗਰਗ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਢੋਸ ਨੇ ਕਿਹਾ ਕਿ ਉਹ ਅੱਜ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਥ ਮਜ਼ਬੂਤ ਕਰਨ ਦਾ ਸੁਨੇਹਾ ਲੈ ਕੇ ਆਏ ਹਨ। ਇਸ ਮੌਕੇ ‘ਆਪ’ ਬਲਾਕ ਯੂਥ ਆਗੂ ਸ਼ੇਖਰ ਬਾਂਸਲ ਨੇ ਵਿਧਾਇਕ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ।