ਜਲ ਬਚਾਓ ਤੇ ਦਸਤ ਰੋਕੋ ਮੁਹਿੰਮ ਆਰੰਭੀ
ਪੱਤਰ ਪ੍ਰੇਰਕ
ਰਤੀਆ, 25 ਜੁਲਾਈ
ਗ੍ਰਾਮ ਪੰਚਾਇਤ ਅਲੀਪੁਰ ਬਰੋਟਾ ਦੇ ਸਰਕਾਰੀ ਹਾਈ ਸਕੂਲ ਅਤੇ ਆਂਗਣਵਾੜੀ ਸੈਂਟਰ ਵਿੱਚ ਜਨ ਸਿਹਤ ਇੰਜਨੀਅਰਿੰਗ ਵਿਭਾਗ ਅਤੇ ਵਾਟਰ ਐਂਡ ਸੈਨੀਟੇਸ਼ਨ ਸਪੋਰਟ ਆਰਗੇਨਾਈਜੇਸ਼ਨ ਵੱਲੋਂ ‘ਜਲ ਬਚਾਓ ਮੁਹਿੰਮ’ ਅਤੇ ‘ਦਸਤ ਰੋਕੋ ਮੁਹਿੰਮ’ ਤਹਿਤ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਵਿਭਾਗ ਵੱਲੋਂ ਬਲਾਕ ਰਿਸੋਰਸ ਕੋਆਰਡੀਨੇਟਰ ਕੁਲਦੀਪ ਸਿੰਘ ਨੇ ਪਾਣੀ ਦੀ ਸੰਭਾਲ, ਪਾਣੀ ਦੀ ਗੁਣਵੱਤਾ ਅਤੇ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ।
ਉਨ੍ਹਾਂ ਨੇ ਸ਼ਾਮਲ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਭਰਨ ਤੋਂ ਬਾਅਦ ਟੂਟੀਆਂ ਬੰਦ ਕਰਨ ਅਤੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਵੇ। ਪਾਣੀ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਟੂਟੀ ਦੇ ਆਲੇ-ਦੁਆਲੇ ਸਫ਼ਾਈ ਰੱਖੀ ਜਾਵੇ ਤਾਂ ਜੋ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਨਾਲ ਦਸਤ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ, ਜਿਸ ਕਾਰਨ ਉਲਟੀਆਂ ਅਤੇ ਦਸਤ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਪਾਣੀ ਦੀ ਘਾਟ ਪੂਰੀ ਕਰਨ ਲਈਊ ਓਆਰਐੱਸ ਦੇ ਘੋਲ ਨੂੰ ਪੀਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਪਾਣੀ ਦੀ ਗੁਣਵੱਤਾ ਦਾ ਪਤਾ ਲਗਾਉਣ ਲਈ ਕਲੋਰੀਨ ਟੈਸਟ ਬਾਰੇ ਜਾਣਕਾਰੀ ਦਿੱਤੀ ਅਤੇ ਜਲ ਘਰਾਂ ਤੋਂ ਆਉਣ ਵਾਲੇ ਪਾਣੀ ਨੂੰ ਹਮੇਸ਼ਾ ਕਲੋਰੀਨ ਯੁਕਤ ਪਾਣੀ ਪੀਣ ’ਤੇ ਜ਼ੋਰ ਦਿੱਤਾ। ਇਸ ਮੌਕੇ ਅਧਿਆਪਕ ਰੀਤੂ ਪੰਨੂ, ਮਹਿੰਦਰ ਸਿੰਘ, ਸਤਨਾਮ ਸਿੰਘ, ਆਂਗਣਵਾੜੀ ਵਰਕਰ ਰੇਣੂ, ਹੈਲਪਰ ਸੁਨੀਤਾ, ਮੋਨਿਕਾ, ਰੋਸ਼ਨੀ, ਆਖਰੀ, ਬਬਲੀ, ਸੁਨੀਤਾ ਰਾਣੀ ਆਦਿ ਔਰਤਾਂ ਹਾਜ਼ਰ ਸਨ।