ਜਿਓਂਦ ਵਿੱਚ ‘ਜ਼ਮੀਨ ਬਚਾਓ’ ਮੋਰਚਾ ਜਾਰੀ
ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਬਠਿੰਡਾ/ਰਾਮਪੁਰਾ ਫੂਲ, 28 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿੰਡ ਜਿਉਂਦ ’ਚ ਲੱਗਾ ‘ਜ਼ਮੀਨ ਬਚਾਓ’ ਦਿਨ ਰਾਤ ਦਾ ਪੱਕਾ ਮੋਰਚਾ ਅੱਜ ਨੌਵੇਂ ਦਿਨ ਵੀ ਜਾਰੀ ਰਿਹਾ। ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਜ਼ਿਲ੍ਹਾ ਆਗੂ ਸੁਖਮਿੰਦਰ ਸਿੰਘ ਮਾਖਾ ਨੇ ਕਿਹਾ ਕਿ ਕਾਰਪੋਰੇਟ ਦਾ ਖੇਤੀ ’ਤੇ ਕਬਜ਼ਾ ਕਰਵਾਉਣ ਲਈ ਕੇਂਦਰ ਸਰਕਾਰ ਨਿੱਤ ਨਵੇਂ ਨਿਰਦੇਸ਼ ਜਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਸੈਕਟਰ ਦੀਆਂ ਜ਼ਮੀਨਾਂ ਕਾਰਪੋਰੇਟਾਂ ਨੂੰ ਦੇਣ ਲਈ ਨਵੇਂ ਕਾਨੂੰਨ ਲਿਆ ਰਹੀ ਹੈ। ਉਨ੍ਹਾਂ ਆਖਿਆ ਕਿ ਜਿੱਥੇ ਇੱਕ ਪਾਸੇ ਸੌ ਸਾਲ ਤੋਂ ਕਾਬਜ਼ ਮੁਜਾਰਿਆਂ ਨੂੰ ਜ਼ਮੀਨਾਂ ’ਚੋਂ ਬਾਹਰ ਕਰਨ ਦੇ ਰਾਹ ਤਿਆਰ ਕੀਤੇ ਜਾ ਰਹੇ ਹਨ, ਉੱਥੇ ਪੰਜਾਬ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਬਣਾਉਣ ਦਾ ਵਾਅਦਾ ਕਰਕੇ ਵੀ ਢਾਈ ਸਾਲ ਤੱਕ ਕੋਈ ਖਰੜਾ ਤਿਆਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਚੰਡੀਗੜ੍ਹ ’ਚ ਛੇ ਰੋਜ਼ਾ ਮੋਰਚਾ ਲਗਾ ਕੇ, ਪੰਜਾਬ ਸਰਕਾਰ ਤੋਂ ਨਵੀਂ ਖੇਤੀ ਨੀਤੀ ਦਾ ਖਰੜਾ ਜਨਤਕ ਕਰਵਾਇਆ ਸੀ ਪਰ ਹੁਣ ਰਾਜ ਸਰਕਾਰ, ਕੇਂਦਰ ਸਰਕਾਰ ਵੱਲੋਂ ਭੇਜੇ ਨਵੇਂ ਮੰਡੀਕਰਨ ਖਰੜੇ ਨੂੰ ਰੱਦ ਕਰਨ ਲਈ ਤਿਆਰ ਨਹੀਂ।
ਉਨ੍ਹਾਂ ਕਿਹਾ ਕਿ ਭਾਵੇਂ ਮੀਡੀਆ ਨੂੰ ਦਿੱਤੇ ਬਿਆਨਾਂ ਵਿੱਚ ਖਰੜਾ ਰੱਦ ਕਰਨ ਦੀ ਗੱਲ ਕੀਤੀ ਗਈ, ਪਰ ਵਿਧਾਨ ਸਭਾ ’ਚ ਮਤਾ ਪਾਸ ਕਰਕੇ ਨਵਾਂ ਮੰਡੀਕਰਨ ਖਰੜਾ ਰੱਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਪੱਖ ’ਚ ਕਾਨੂੰਨ ਨਹੀਂ ਬਣਾ ਰਹੀ, ਸਗੋਂ ਲੋਕ ਵਿਰੋਧੀ ਅਤੇ ਕਾਰਪੋਰੇਟਾਂ ਦੇ ਹੱਕ ’ਚ ਕਾਨੂੰਨ ਲਿਆ ਕੇ ਕਾਰਪੋਰੇਟਾਂ ਪ੍ਰਤੀ ਵਫ਼ਾਦਾਰੀ ਪੇਸ਼ ਕੀਤੀ ਜਾ ਰਹੀ ਹੈ।
ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਵੀ ਮੋਰਚੇ ਦੌਰਾਨ ਸੰਬੋਧਨ ਕੀਤਾ। ਇਸ ਮੌਕੇ ਕਰਮਜੀਤ ਕੌਰ ਜਿਉਂਦ, ਉੱਤਮ ਸਿੰਘ ਰਾਮਾਨੰਦੀ, ਕੁਲਦੀਪ ਸਿੰਘ, ਜਗਸੀਰ ਸਿੰਘ ਜਵਾਹਰ ਕੇ, ਸੁਖਮਿੰਦਰ ਸਿੰਘ, ਸੁਖਪਾਲ ਸਿੰਘ, ਅਜੈਬ ਸਿੰਘ ਆਦਿ ਆਗੂ ਹਾਜ਼ਰ ਸਨ।