For the best experience, open
https://m.punjabitribuneonline.com
on your mobile browser.
Advertisement

‘ਆਪ’ ਵੱਲੋਂ ‘ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਪੈਦਲ ਮਾਰਚ

06:31 AM Apr 15, 2024 IST
‘ਆਪ’ ਵੱਲੋਂ ‘ਸੰਵਿਧਾਨ ਬਚਾਓ  ਤਾਨਾਸ਼ਾਹੀ ਹਟਾਓ’ ਪੈਦਲ ਮਾਰਚ
ਚੰਡੀਗੜ੍ਹ ਵਿੱਚ ‘ਆਪ’ ਦੇ ਆਗੂ ਪੈਦਲ ਮਾਰਚ ਕਰਦੇ ਹੋਏ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 14 ਅਪਰੈਲ
‘ਆਪ’ ਨੇ ਅੱਜ ਅੰਬੇਡਕਰ ਜੈਅੰਤੀ ਮੌਕੇ ਚੰਡੀਗੜ੍ਹ ਵਿੱਚ ਮੋਦੀ ਸਰਕਾਰ ਦੀ ਤਾਨਾਸ਼ਾਹੀ ਦੇ ਖ਼ਿਲਾਫ਼ ‘ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਮਾਰਚ ਕੀਤਾ। ਇਸ ਮੌਕੇ ‘ਆਪ’ ਵਰਕਰਾਂ ਨੇ ਸੈਕਟਰ 22 ਵਿੱਚ ਸਥਿਤ ਕਿਰਨ ਸਿਨੇਮਾ ਤੋਂ ਸੈਕਟਰ 23 ਲਾਈਟ ਪੁਆਇੰਟ ਤੱਕ ਪੈਦਲ ਮਾਰਚ ਕੀਤਾ। ਇਸ ਮਾਰਚ ’ਚ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਚੰਡੀਗੜ੍ਹ ਤੇ ਸਹਿ ਇੰਚਾਰਜ ਡਾ. ਐੱਸਐੱਸ ਆਹਲੂਵਾਲੀਆ, ਮੇਅਰ ਕੁਲਦੀਪ ਕੁਮਾਰ ਸਣੇ ‘ਆਪ’ ਕੌਂਸਲਰ ਤੇ ਵਾਲੰਟੀਅਰ ਮੌਜੂਦ ਰਹੇ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਭਾਜਪਾ ਕੋਲ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਭਾਜਪਾ ਦੇ ਕਾਰਜਕਾਲ ਦੌਰਾਨ ਦੇਸ਼ ਵਿਕਾਸ ਪੱਖੋਂ ਬਹੁਤ ਪਿੱਛੇ ਜਾ ਚੁੱਕਾ ਹੈ, ਜਦੋਂ ਕਿ ਦੇਸ਼ ਵਿੱਚ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸੇ ਡਰ ਤੋਂ ਈਡੀ ਦੀ ਮਦਦ ਨਾਲ ਅਰਵਿੰਦ ਕੇਜਰੀਵਾਲ ਅਤੇ ਹੋਰ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪਾਪ ਦਾ ਘੜਾ ਹੁਣ ਲੋਕ ਸਭਾ ਚੋਣਾਂ ਵਿੱਚ ਫੁੱਟ ਜਾਵੇਗਾ।
ਡਾ. ਆਹਲੂਵਾਲੀਆ ਨੇ ਕਿਹਾ ਕਿ ਅੱਜ ‘ਆਪ’ ਵੱਲੋਂ ਪੂਰੇ ਦੇਸ਼ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ‘ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਦੇ ਰੂਪ ਵਿੱਚ ਮਨਾਇਆ ਗਿਆ। ਭਾਜਪਾ ਵੱਲੋਂ ਦੇਸ਼ ਦੇ ਹਰ ਕੋਨੇ ਵਿੱਚ ਸੰਵਿਧਾਨ ਅਤੇ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਭਾਜਪਾ ਦੇਸ਼ ਵਿੱਚ ਸੰਵਿਧਾਨ ਨੂੰ ਬਦਲਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਵੱਖ-ਵੱਖ ਏਜੰਸੀਆਂ ਦਾ ਇਸਤੇਮਾਲ ਕਰ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ, ਜੇਕਰ ਕੋਈ ਆਗੂ ਭਾਜਪਾ ਦੇ ਦਬਾਅ ਹੇਠ ਨਹੀਂ ਆਉਂਦਾ ਤਾਂ ਉਸ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹ ਵਿੱਚ ਬੰਦ ਕੀਤਾ ਜਾ ਰਿਹਾ ਹੈ। ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਮੇਅਰ ਚੋਣ ਦੌਰਾਨ ਭਾਜਪਾ ਵਲੋਂ ਕੀਤੀ ਗਈ ਲੋਕਤੰਤਰ ਦੀ ਹੱਤਿਆ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ, ਜਿਸ ਨੂੰ ਭਾਜਪਾ ਵੱਲੋਂ ਆਪਣੇ ਨਾਮਜ਼ਦ ਕੌਂਸਲਰ ਅਨਿਲ ਮਸ਼ੀਹ, ਹੋਰ ਕੌਂਸਲਰਾਂ ਅਤੇ ਲੋਕ ਸਭਾ ਮੈਂਬਰ ਰਾਹੀਂ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਅਰਵਿੰਦ ਕੇਜਰੀਵਾਲ ਨੂੰ ਈਡੀ ਦੀ ਮਦਦ ਨਾਲ ਝੂਠੇ ਕੇਸ ਵਿੱਚ ਜੇਲ੍ਹ ਅੰਦਰ ਬੰਦ ਕੀਤਾ ਗਿਆ ਹੈ। ਇਸ ਲਈ ਦੇਸ਼ ਦੀ ਜਨਤਾ ਭਾਜਪਾ ਨੂੰ ਕਦੇ ਮਾਫ਼ ਨਹੀਂ ਕਰੇਗੀ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਸਫ਼ਾਇਆ ਹੋਣਾ ਤੈਅ ਹੈ।

Advertisement

Advertisement
Author Image

Advertisement
Advertisement
×