ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੌਰਭ ਜੋਸ਼ੀ ਨੇ ਕੁਲਦੀਪ ਕੁਮਾਰ ’ਤੇ ਲਾਏ ਗੰਭੀਰ ਦੋਸ਼

11:27 AM Jul 14, 2024 IST

ਮੁਕੇਸ਼ ਕੁਮਾਰ
ਚੰਡੀਗੜ੍ਹ, 13 ਜੁਲਾਈ
ਚੰਡੀਗੜ੍ਹ ਨਗਰ ਨਿਗਮ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਕਿਉਂਕਿ ਭਾਜਪਾ ਦੇ ਸੀਨੀਅਰ ਕੌਂਸਲਰ ਸੌਰਭ ਜੋਸ਼ੀ ਨੇ ਮੇਅਰ ਕੁਲਦੀਪ ਕੁਮਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਮੇਅਰ ਦੇ ਕਥਿਤ ਦੁਰਵਿਹਾਰ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਕੌਂਸਲਰ ਜੋਸ਼ੀ ਨੇ ਚੰਡੀਗੜ੍ਹ ਪ੍ਰਸ਼ਾਸਕ ਅਤੇ ਸਲਾਹਕਾਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਹੈ। ਮੰਗ ਪੱਤਰ ਵਿੱਚ ਜੋਸ਼ੀ ਨੇ ਮੇਅਰ ’ਤੇ ਮਨਮਾਨੀ, ਤਾਨਾਸ਼ਾਹੀ ਵਿਹਾਰ ਦੇ ਦੋਸ਼ ਲਾਏ ਹਨ। ਉਨ੍ਹਾਂ ਨਗਰ ਨਿਗਮ ਹਾਊਸ ਦੀ 9 ਜੁਲਾਈ ਨੂੰ ਹੋਈ ਮਾਸਿਕ ਮੀਟਿੰਗ ਦੌਰਾਨ ਵਾਪਰੀ ਘਟਨਾ ਤੋਂ ਬਾਅਦ ਕਿਹਾ ਕਿ 2022 ਵਿੱਚ ਉਨ੍ਹਾਂ ਨੂੰ ਭਾਜਪਾ ਵੱਲੋਂ ਮੇਅਰ ਚੋਣਾਂ ਲਈ ਚੋਣ ਏਜੰਟ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੇਅਰ ਕੁਲਦੀਪ ਕੁਮਾਰ ਦੀ ਉਨ੍ਹਾਂ ਨਾਲ ਦੁਸ਼ਮਣੀ ਉਸ ਸਮੇਂ ਹੋਰ ਵਧ ਗਈ, ਜਦੋਂ ਸਾਲ 2024 ’ਚ ਮੇਅਰ ਦੇ ਅਹੁਦੇ ਲਈ ਕੁਲਦੀਪ ਕੁਮਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਦੋਂ ਅਦਾਲਤ ਨੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨ ਦਿੱਤਾ ਤਾਂ ਉਸ ਨੇ ਉਨ੍ਹਾਂ ਪ੍ਰਤੀ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜ਼ਾਹਿਰ ਕੀਤੀ। ਸੌਰਭ ਜੋਸ਼ੀ ਨੇ ਨਗਰ ਨਿਗਮ ਹਾਊਸ ਦੀਆਂ ਮੀਟਿੰਗਾਂ ਦੌਰਾਨ ਮੇਅਰ ’ਤੇ ਅਪਸ਼ਬਦ ਬੋਲਣ ਅਤੇ ਸਖ਼ਤ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੱਸਿਆ ਕਿ ਮੇਅਰ ਦੀਆਂ ਹਦਾਇਤਾਂ ’ਤੇ ਨਿਗਮ ਦੇ ਜਨਰਲ ਹਾਊਸ ਦੀ ਕਾਰਵਾਈ ਦੌਰਾਨ ਮਾਰਸ਼ਲਾਂ ਵੱਲੋਂ ਉਨ੍ਹਾਂ ਨਾਲ ਧੱਕਾ ਵੀ ਕੀਤਾ ਗਿਆ, ਜੋ ਕੈਮਰੇ ਵਿੱਚ ਰਿਕਾਰਡ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬੀਤੀ 9 ਜੁਲਾਈ ਨੂੰ ਹੋਈ ਮੀਟਿੰਗ ਦੌਰਾਨ ਮੇਅਰ ਦੇ ਹੁਕਮਾਂ ’ਤੇ ਮਾਰਸ਼ਲਾਂ ਵੱਲੋਂ ਫਿਰ ਧੱਕਾ-ਮੁੱਕੀ ਕੀਤੀ ਗਈ, ਜਿਸ ਕਾਰਨ ਉਸ ਦੀਆਂ ਪਸਲੀਆਂ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਐਮਰਜੈਂਸੀ ਮੈਡੀਕਲ ਕਰਵਾਉਣ ਲਈ ਹਸਪਤਾਲ ਜਾਣਾ ਪਿਆ ਅਤੇ ਡਾਕਟਰਾਂ ਵੱਲੋਂ ਇਲਾਜ ਉਪਰੰਤ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ।

Advertisement

ਹਾਊਸ ’ਚ ਹੰਗਾਮਾ ਕਰਨ ’ਤੇ ਬਾਹਰ ਕੱਢਿਆ: ਮੇਅਰ ਕੁਲਦੀਪ

ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਸ਼ਹਿਰ ਦੇ ਮੇਅਰ ਦਾ ਅਹੁਦਾ ਸੰਭਾਲਿਆ ਹੈ, ਭਾਜਪਾ ਦੇ ਕੌਂਸਲਰ ਨਗਰ ਨਿਗਮ ਦੀ ਲਗਪਗ ਹਰ ਮੀਟਿੰਗ ਵਿੱਚ ਜਾਣਬੁੱਝ ਕੇ ਰੌਲਾ ਪਾਉਂਦੇ ਹਨ ਅਤੇ ਹਾਊਸ ਦਾ ਮਾਹੌਲ ਖਰਾਬ ਕਰਦੇ ਹਨ। ਮੇਅਰ ਕੁਲਦੀਪ ਕੁਮਾਰ ਨੇ ਸਪੱਸ਼ਟ ਕੀਤਾ ਕਿ ਨਗਰ ਨਿਗਮ ਦੀ ਪਿਛਲੀ ਮੀਟਿੰਗ ਵਿੱਚ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਲੈ ਕੇ ਭਾਜਪਾ ਕੌਂਸਲਰਾਂ ਨੇ ਹੰਗਾਮਾ ਕੀਤਾ ਸੀ। ਸਾਰੇ ਭਾਜਪਾ ਕੌਂਸਲਰ ਆਪਣੀਆਂ ਸੀਟਾਂ ਤੋਂ ਉੱਠ ਕੇ ਹਾਲ ਦੇ ਵਿਚਕਾਰ ਆ ਕੇ ਰੌਲਾ ਪਾਉਣ ਲੱਗੇ ਅਤੇ ਨਗਰ ਨਿਗਮ ਦੀ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਉਸ ਨੇ ਕਈ ਵਾਰ ਭਾਜਪਾ ਕੌਂਸਲਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕੀਤੀ ਪਰ ਜਦੋਂ ਕਿਸੇ ਵੀ ਭਾਜਪਾ ਕੌਂਸਲਰ ਨੇ ਉਸ ਦੀ ਇਕ ਵੀ ਅਪੀਲ ਵੱਲ ਧਿਆਨ ਨਾ ਦਿੱਤਾ ਤਾਂ ਉਨ੍ਹਾਂ ਨੇ ਮਾਰਸ਼ਲਾਂ ਨੂੰ ਹੁਕਮ ਦਿੱਤੇ ਕਿ ਭਾਜਪਾ ਕੌਂਸਲਰਾਂ ਨੂੰ ਨਿਯਮਾਂ ਅਨੁਸਾਰ ਬਾਹਰ ਕੱਢਿਆ ਜਾਵੇ। ਭਾਜਪਾ ਕੌਂਸਲਰਾਂ ਨੇ ਮਾਰਸ਼ਲਾਂ ਨਾਲ ਕਾਫੀ ਦੇਰ ਤੱਕ ਹੱਥੋਪਾਈ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਉਥੇ ਹੀ ਨਗਰ ਨਿਗਮ ਦੀ ਮੀਟਿੰਗ ਖਤਮ ਕਰਨ ਲਈ ਮਜਬੂਰ ਹੋਣਾ ਪਿਆ।

Advertisement
Advertisement
Advertisement