ਸਾਊਦੀ ਅਰਬ: Journalist ਨੂੰ ਸੱਤ ਸਾਲ ਜੇਲ੍ਹ ’ਚ ਰੱਖਣ ਮਗਰੋਂ ਫਾਂਸੀ ਦਿੱਤੀ
ਦੁਬਈ, 15 ਜੂਨ
ਸਾਊਦੀ ਆਬ ਵਿੱਚ 2018 ’ਚ ਗ੍ਰਿਫ਼ਤਾਰ ਕੀਤੇ ਗਏ ਅਤਿਵਾਦ ਅਤੇ ਰਾਜਧ੍ਰੋਹ ਦੇ ਦੋਸ਼ੀ ਇਕ ਪ੍ਰਮੁੱਖ ਪੱਤਰਕਾਰ ਨੂੰ ਫਾਂਸੀ ਦੇ ਦਿੱਤੀ ਗਈ ਹੈ। ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸਰਕਾਰੀ ਸਾਊਦੀ ਪ੍ਰੈੱਸ ਏਜੰਸੀ ਮੁਤਾਬਕ, ਦੇਸ਼ ਦੀ ਸਿਖ਼ਰਲੀ ਅਦਾਲਤ ਨੇ ਪੱਤਰਕਾਰ ਤੁਰਕੀ ਅਲ-ਜਾਸੇਰ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ, ਜਿਸ ਮਗਰੋਂ ਸ਼ਨਿਚਰਵਾਰ ਨੂੰ ਉਸ ਨੂੰ ਫਾਂਸੀ ਦੇ ਦਿੱਤੀ ਗਈ। ਅਧਿਕਾਰੀਆਂ ਨੇ 2018 ਵਿੱਚ ਅਲ-ਜਾਸੇਰ ਦੇ ਘਰ ’ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਕੰਪਿਊਟਰ ਅਤੇ ਫੋਨ ਜ਼ਬਤ ਕਰ ਲਏ ਸਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਸ ਖ਼ਿਲਾਫ਼ ਮੁਕੱਦਮੇ ਦੀ ਸੁਣਵਾਈ ਕਦੋਂ ਹੋਈ ਅਤੇ ਕਿੰਨਾ ਸਮਾਂ ਚੱਲੀ ਸੀ।
ਨਿਊਯਾਰਕ ਸਥਿਤ ‘ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ ਮੁਤਾਬਕ, ਸਾਊਦੀ ਅਧਿਕਾਰੀਆਂ ਨੇ ਕਿਹਾ ਕਿ ਅਲ-ਜਾਸੇਰ ‘ਐਕਸ’ ਉੱਤੇ ਇਕ ਸੋਸ਼ਲ ਮੀਡੀਆ ਅਕਾਊਂਟ ਲਈ ਜ਼ਿੰਮੇਵਾਰ ਸੀ, ਜਿਸ ’ਤੇ ਸਾਊਦੀ ਰਾਜਘਰਾਣਿਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏਸਨ।
ਅਲ-ਜਾਸੇਰ ’ਤੇ ਅਤਿਵਾਦੀਆਂ ਅਤੇ ਅਤਿਵਾਦੀ ਜਥੇਬੰਦੀਆਂ ਬਾਰੇ ਕਈ ਵਿਵਾਦਤ ਟਵੀਟ ਪੋਸਟ ਕਰਨ ਦਾ ਦੋਸ਼ ਵੀ ਸੀ। ਉਸ ਨੇ 2013 ਤੋਂ 2015 ਤੱਕ ਇਕ ਨਿੱਜੀ ਬਲੌਗ ਚਲਾਇਆ ਸੀ ਅਤੇ ਉਹ 2011 ਵਿੱਚ ਮੱਧ ਏਸ਼ੀਆ ਨੂੰ ਹਿਲਾ ਦੇਣ ਵਾਲੇ ਅਰਬ ਸਪਰਿੰਗ ਅੰਦੋਲਨਾਂ, ਮਹਿਲਾ ਅਧਿਕਾਰਾਂ ਅਤੇ ਭ੍ਰਿਸ਼ਟਾਚਾਰ ਬਾਰੇ ਆਪਣੇ ਲੇਖਾਂ ਲਈ ਮਸ਼ਹੂਰ ਸੀ। -ਏਪੀ