ਵਿਅੰਗਕਾਰ ਨਿਰੰਜਣ ਸ਼ਰਮਾ ਦਾ ਦੇਹਾਂਤ
ਖੇਤਰੀ ਪ੍ਰਤੀਨਿਧ
ਬਰਨਾਲਾ, 3 ਫਰਵਰੀ
ਪੰਜਾਬੀ ਲੇਖਕ ਤੇ ਵਿਅੰਗਕਾਰ ਨਿਰੰਜਣ ਸ਼ਰਮਾ ਸੇਖਾ (92) ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਪਿੰਡ ਸੇਖਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਨਿਰੰਜਣ ਸ਼ਰਮਾ ਪੰਜਾਬੀ ਸਾਹਿਤ ਦੇ ਵਿਅੰਗਕਾਰ ਸਨ। ਡਾਕਟਰੀ ਕਿੱਤੇ ਦੇ ਨਾਲ-ਨਾਲ ਉਨ੍ਹਾਂ ਨੇ ਵਿਅੰਗ ਦੀਆਂ ਪੁਸਤਕਾਂ ‘ਕੱਚ ਦੇ ਟੁਕੜੇ’, ‘ਆਪ ਹੁਦਰੀਆਂ’, ਪੰਜਾਬੀ ਸਾਹਿਤ ਦੀ ਝੋਲੀ ਦੀ ਝੋਲੀ ਪਾਈਆਂ। ਉਨ੍ਹਾਂ ਨੂੰ ‘ਹਾਸ ਵਿਅੰਗ ਅਕਾਦਮੀ ਪੰਜਾਬ’ ਵੱਲੋਂ ‘ਪਿਆਰਾ ਸਿੰਘ ਦਾਤਾ ਯਾਦਗਾਰੀ ਐਵਾਰਡ’ ਅਤੇ ਬਾਰੂ ਰਾਮ ਯਾਦਗਾਰੀ ਸ਼ਬਦ ਤ੍ਰਿੰਜਣ ਵੈੱਲਫੇਅਰ ਤੇ ਕਲਚਰਲ ਸੁਸਾਇਟੀ ਬਠਿੰਡਾ ਵੱਲੋਂ ‘ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ ਵਿਅੰਗ ਪੁਰਸਕਾਰ’ ਸਣੇ ਕਈ ਹੋਰ ਕਈ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਆ ਗਿਆ।
ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਦੇਵਕੀ ਦੇਵੀ, ਤਿੰਨ ਧੀਆਂ ਅਤੇ ਦੋ ਪੁੱਤਰ ਹਨ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 9 ਫਰਵਰੀ ਨੂੰ ਪਿੰਡ ਸੇਖਾ ਦੇ ਡੇਰਾ ਬਾਬਾ ਟਹਿਲ ਦਾਸ ਵਿੱਚ ਹੋਵੇਗਾ। ਪੰਜਾਬ ਰਤਨ ਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਤੇ ਹੋਰਨਾਂ ਨੇ ਸ੍ਰੀ ਸ਼ਰਮਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।