ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਮਹਿਕਾਂ ਬਿਖੇਰਦਾ ਸੰਪੰਨ
ਪੱਤਰ ਪ੍ਰੇਰਕ
ਮਾਛੀਵਾੜਾ, 20 ਨਵੰਬਰ
ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਦੀ ਛਤਰ-ਛਾਇਆ ਹੇਠ ਸ੍ਰੀ ਭੈਣੀ ਸਾਹਿਬ ਵਿਖੇ ਦੋ ਦਿਨਾ ਤੋਂ ਚੱਲ ਰਿਹਾ 11ਵਾਂ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਮਹਿਕਾਂ ਬਿਖੇਰਦਾ ਸੰਪੰਨ ਹੋ ਗਿਆ। ਦੇਸ਼ ਭਰ ਤੋਂ ਆਏ ਸੰਗੀਤਕਾਰਾਂ ਨੇ ਇਸ ਸਮਾਰੋਹ ਵਿਚ ਸ਼ਾਮਲ ਹਜ਼ਾਰਾਂ ਸੰਗੀਤ ਪ੍ਰੇਮੀਆਂ ਦਾ ਆਪਣੀ ਕਲਾ ਨਾਲ ਮਨ ਮੋਹ ਲਿਆ। ਪ੍ਰਸਿੱਧ ਤਲਬਾ ਵਾਦਕ ਸੰਜੂ ਸਹਾਏ ਨੇ ਤਬਲਾ ਸੋਲੋ ਦਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨਾਲ ਹਰਮੋਨੀਅਮ ’ਤੇ ਤਨਮੇ ਦੇਵਚਕੇ ਅਤੇ ਸਾਰੰਗੀ ’ਤੇ ਵਿਨਾਇਕ ਸਹਾਏ ਨੇ ਸਾਥ ਦਿੱਤਾ। ਇਸ ਵੇਲੇ ਅੰਤਰਰਾਸ਼ਟਰੀ ਪੱਧਰ ਦੇ ਸਰੋਦਵਾਦਕ ਉਸਤਾਦ ਅਮਜ਼ਦ ਅਲੀ ਖਾਨ ਨੇ ਆਪਣੀਆਂ ਧੁਨਾਂ ਬਿਖੇਰੀਆਂ ਤਾਂ ਦਰਸ਼ਕਾਂ ਨੇ ਤਾੜੀਆਂ ਨਾਲ ਇਸਦਾ ਸਵਾਗਤ ਕੀਤਾ। ਉਨ੍ਹਾਂ ਨਾਲ ਸੱਤਿਆਜੀਤ ਤਲਵਰਕਰ ਤੇ ਅਨੁਬੱਤ ਚੈਟਰਜੀ ਵੀ ਮੌਜੂਦ ਸਨ। ਉਸਤਾਦ ਅਮਜ਼ਦ ਅਲੀ ਖਾਨ ਨੇ ਕਿਹਾ ਕਿ ਸ੍ਰੀ ਭੈਣੀ ਸਾਹਿਬ ਵਿਚ ਸੰਗੀਤ ਦਾ ਦਰਿਆ ਵਹਿ ਰਿਹਾ ਹੈ ਅਤੇ ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਸਮਾਰੋਹ ਵਿਚ ਭਾਗ ਲੈਣ ਦਾ ਮੌਕਾ ਮਿਲਿਆ। ਸਤਿਗੁਰੂ ਉਦੈ ਸਿੰਘ ਨੇ ਕਿਹਾ ਕਿ ਸੰਗੀਤ ਪ੍ਰਮਾਤਮਾ ਨੂੰ ਮਿਲਣ ਦਾ ਮਾਰਗ ਹੈ ਅਤੇ ਸਤਿਗੁਰੂ ਜਗਜੀਤ ਸਿੰਘ ਨੇ ਹਮੇਸ਼ਾ ਸੰਗੀਤ ਨੂੰ ਪ੍ਰਫੁਲਿੱਤ ਕਰਨ ਅਤੇ ਬੱਚਿਆਂ ਨੂੰ ਬਾਣੀ ਨਾਲ ਜੋੜਨ ਲਈ ਉਪਰਾਲੇ ਕੀਤੇ। ਇਸ ਮੌਕੇ ਮਾਤਾ ਗੁਰਸ਼ਰਨ ਕੌਰ, ਸਤਨਾਮ ਸਿੰਘ, ਸੰਤ ਰਣਜੀਤ ਸਿੰਘ, ਤਰਸੇਮ ਚੰਦ ਅਗਰਵਾਲ ਅਤੇ ਪ੍ਰੈੱਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਵੀ ਮੌਜੂਦ ਸਨ।