ਇਰਾਨ ਦੇ ਦੋ ਗੁਪਤ ਫੌਜੀ ਅੱਡੇ ਤਬਾਹ ਹੋਣ ਦੀਆਂ ਸੈਟੇਲਾਈਟ ਤਸਵੀਰਾਂ ਨਸ਼ਰ
ਦੁਬਈ, 27 ਅਕਤੂਬਰ
ਇਰਾਨ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ ਤਹਿਰਾਨ ਦੇ ਬਾਹਰਵਾਰ ਦੋ ਗੁਪਤ ਫੌਜੀ ਅੱਡੇ ਤਬਾਹ ਹੋਣ ਦੀਆਂ ਸੈਟੇਲਾਈਟ ਤਸਵੀਰਾਂ ਨਸ਼ਰ ਹੋਈਆਂ ਹਨ। ਇਨ੍ਹਾਂ ’ਚੋਂ ਇਕ ਅੱਡੇ ਬਾਰੇ ਮਾਹਿਰ ਆਖਦੇ ਰਹੇ ਹਨ ਕਿ ਇਹ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨਾਲ ਜੁੜਿਆ ਹੋਇਆ ਸੀ ਜਦਕਿ ਦੂਜਾ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨਾਲ ਸਬੰਧਤ ਸੀ।
ਇਰਾਨ ਦੇ ਪਾਰਚਿਨ ਫੌਜੀ ਅੱਡੇ ਦੀਆਂ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਜਿਥੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਨੂੰ ਖ਼ਦਸ਼ਾ ਹੈ ਕਿ ਇਰਾਨ ਨੇ ਵੱਡੇ ਧਮਾਕਿਆਂ ਦਾ ਪ੍ਰੀਖਣ ਕਰਕੇ ਪਰਮਾਣੂ ਹਥਿਆਰ ਬਣਾਉਣ ਦੀ ਤਿਆਰੀ ਕੀਤੀ ਸੀ। ਦੂਜਾ ਨੁਕਸਾਨ ਖੋਜਿਰ ਫੌਜੀ ਅੱਡੇ ’ਤੇ ਹੋਇਆ ਦੇਖਿਆ ਜਾ ਸਕਦਾ ਹੈ ਜਿਥੇ ਮਾਹਿਰਾਂ ਦਾ ਮੰਨਣਾ ਹੈ ਕਿ ਸੁਰੰਗ ’ਚ ਮਿਜ਼ਾਈਲਾਂ ਤਿਆਰ ਕੀਤੀਆਂ ਜਾਂਦੀਆਂ ਸਨ। ਉਂਜ ਇਰਾਨੀ ਫੌਜ ਨੇ ਖੋਜਿਰ ਜਾਂ ਪਾਰਚਿਨ ’ਚ ਕਿਸੇ ਵੀ ਨੁਕਸਾਨ ਤੋਂ ਇਨਕਾਰ ਕੀਤਾ ਹੈ।
ਖਮੇਨੀ ਨੇ ਜਵਾਬੀ ਹਮਲੇ ਬਾਰੇ ਨਾ ਕੀਤੀ ਕੋਈ ਟਿੱਪਣੀ
ਇਰਾਨ ਦੇ ਸਿਖਰਲੇ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਕਿਹਾ ਕਿ ਇਜ਼ਰਾਇਲੀ ਹਮਲੇ ਨੂੰ ਨਾ ਤਾਂ ਅਣਗੌਲਿਆ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਫੌਰੀ ਜਵਾਬੀ ਹਮਲੇ ਦੇ ਕੋਈ ਸੰਕੇਤ ਨਹੀਂ ਦਿੱਤੇ ਹਨ। ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਇਲੀ ਹਮਲੇ ’ਚ ਇਰਾਨ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਉਹ ਆਪਣਾ ਟੀਚਾ ਹਾਸਲ ਕਰਨ ’ਚ ਕਾਮਯਾਬ ਰਹੇ ਹਨ। -ਏਪੀ