ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਸਤਿ ਸ੍ਰੀ ਅਕਾਲ ਜੀ... ਮੈਂ ਤੁਹਾਡੇ ਹਲਕੇ ਦਾ ਉਮੀਦਵਾਰ ਬੋਲ ਰਿਹੈਂ’

07:40 AM Jun 01, 2024 IST

ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ (ਮੁਹਾਲੀ), 31 ਮਈ
ਚੋਣ ਪ੍ਰਚਾਰ ਦੇ ਖ਼ਤਮ ਹੋਣ ਮਗਰੋਂ ਅਤੇ ਵੋਟਾਂ ਪੈਣ ਲਈ ਕੁਝ ਘੰਟਿਆਂ ਦਾ ਸਮਾਂ ਰਹਿਣ ਦੇ ਬਾਵਜੂਦ ਅੱਜ ਸਾਰਾ ਦਿਨ ਵੋਟਰਾਂ ਨੂੰ ਮੋਬਾਈਲ ਫੋਨਾਂ ਉੱਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਆਵਾਜ਼ ਵਿੱਚ ਰਿਕਾਰਡ ਕੀਤੇ ਸੁਨੇਹੇ ਸੁਣਾਉਣ ਲਈ ਫੋਨਾਂ ਦੀਆਂ ਘੰਟੀਆਂ ਵੱਜਦੀਆਂ ਰਹੀਆਂ। ਹਰ ਉਮੀਦਵਾਰ ਦੀ ਫੋਨ ਕਾਲ ‘ਸਤਿ ਸ੍ਰੀ ਅਕਾਲ’ ਤੋਂ ਆਰੰਭ ਹੁੰਦੀ ਅਤੇ ਫ਼ਿਰ ਆਖਿਆ ਜਾਂਦਾ ਹੈ, ‘ਮੈਂ ਤੁਹਾਡੇ ਹਲਕੇ ਦਾ ਉਮੀਦਵਾਰ ਬੋਲ ਰਿਹਾ ਹਾਂ। ਪਹਿਲੀ ਜੂਨ ਨੂੰ ਮੇਰੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਆਪਣੀ ਕੀਮਤੀ ਵੋਟ ਪਾਉ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ’ ਕਹਿ ਕੇ ਸਮਾਪਤ ਹੁੰਦੀ ਰਹੀ।
ਵੋਟਰਾਂ ਕੋਲ ਅੱਜ ਇੱਕ ਦਿਨ ਵਿੱਚ ਹੀ ਇੱਕ-ਇੱਕ ਉਮੀਦਵਾਰ ਦੇ ਕਈ-ਕਈ ਵਾਰ ਫੋਨ ਉਪਰੋਕਤ ਅਪੀਲਾਂ ਸੁਣਾਉਣ ਲਈ ਆਉਂਦੇ ਰਹੇ। ਕੌਮੀ ਪਾਰਟੀਆਂ ਦੇ ਉਮੀਦਵਾਰਾਂ ਵਿੱਚੋਂ ਇੱਕ ਵੱਲੋਂ ਸੰਵਿਧਾਨ ਨੂੰ ਬਚਾਉਣ ਦਾ ਹੋਕਾ ਅਤੇ ਦੂਜੀ ਧਿਰ ਵੱਲੋਂ ਚਾਰ ਸੌ ਦਾ ਅੰਕੜਾ ਪਾਰ ਕਰਨ ਲਈ ਵੀ ਇਨ੍ਹਾਂ ਮੋਬਾਈਲ ਸੁਨੇਹਿਆਂ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ। ਵੋਟਰਾਂ ਕੋਲ ਆਪਣੀ ਆਖਰੀ ਪਹੁੰਚ ਬਣਾਉਣ ਲਈ ਏਵੀਐੱਮਜ਼ ਉੱਤੇ ਆਪਣੇ ਨਿਸ਼ਾਨ ਵਾਲੇ ਨੰਬਰ ਨੂੰ ਵੀ ਉਮੀਦਵਾਰਾਂ ਵੱਲੋਂ ਖੂਬ ਪ੍ਰਚਾਰਿਆ ਜਾ ਰਿਹਾ ਹੈ। ਉਮੀਦਵਾਰ ਆਪਣੀ ਆਵਾਜ਼ ਵਿੱਚ ਆਪਣੇ ਬਾਰੇ, ਆਪਣੀ ਪਾਰਟੀ ਬਾਰੇ, ਵੋਟਿੰਗ ਮਸ਼ੀਨ ਦੇ ਬੈਲਟ ਪੇਪਰ ਉੱਤੇ ਆਪਣੇ ਚੋਣ ਨਿਸ਼ਾਨ ਦੇ ਨੰਬਰ ਬਾਰੇ ਦੱਸ ਕੇ ਆਪਣੇ ਆਪ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ। ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਅੱਜ ਪੋਲਿੰਗ ਬੂਥ ਲਾਉਣ ਲਈ, ਏਜੰਟ ਬਣਨ ਲਈ, ਵੋਟਰਾਂ ਨੂੰ ਪਰਚੀਆਂ ਦੇਣ ਲਈ ਵੋਟਰ ਲਿਸਟਾਂ ਅਤੇ ਹੋਰ ਸਮੱਗਰੀ ਆਪਣੇ ਬੂਥ ਪੱਧਰ ਦੇ ਹਮਾਇਤੀਆਂ ਕੋਲ ਪਹੁੰਚਾਉਣ ਲਈ ਪੂਰੀ ਸਰਗਰਮੀ ਵਿਖਾਈ ਜਾਂਦੀ ਰਹੀ। ਉੱਧਰ ਵੋਟਰਾਂ ਦੀ ਆਖਰੀ ਸਮੇਂ ਤੱਕ ਬਣੀ ਹੋਈ ਚੁੱਪ ਅਤੇ ਜੇਠ ਮਹੀਨੇ ਦੀ ਲਗਾਤਾਰ ਵਧ ਰਹੀ ਤਪਸ਼ ਨੇ ਉਮੀਦਵਾਰਾਂ ਅਤੇ ਰਾਜਸੀ ਪਾਰਟੀਆਂ ਦੀ ਚਿੰਤਾ ਵਧਾਈ ਹੋਈ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਸੱਤਰ ਪਾਰ ਦਾ ਅੰਕੜਾ ਪੂਰਾ ਕਰਨ ਲਈ ਬੀਐਲਓਜ਼ ਨੂੰ ਬੂਥ ਲੈਵਲ ਕਮੇਟੀਆਂ ਦੀ ਮੱਦਦ ਨਾਲ ਹਰ ਘਰ ਵਿੱਚ ਦਸਤਕ ਦੇ ਕੇ ਵੋਟਰਾਂ ਨੂੰ ਆਪਣੇ ਲੋਕਤੰਤਰਿਕ ਹੱਕ ਦੀ ਵਰਤੋਂ ਕਰਨ ਲਈ ਪ੍ਰੇਰਨ ਲਈ ਆਖਿਆ ਜਾ ਰਿਹਾ ਹੈ।

Advertisement

Advertisement