ਸਰਪੰਚ ਦਾ ਮੁੰਡਾ
ਦਵਿੰਦਰ ਕੌਰ ਥਿੰਦ
ਇਹ ਗੱਲ 1996 ਦੀ ਹੈ। ਇੱਕ ਪਿੰਡ ਦਾ ਸਰਪੰਚ ਸੀ। ਉਸ ਦਾ ਇੱਕ ਮੁੰਡਾ ਤੇ ਤਿੰਨ ਕੁੜੀਆਂ ਸਨ। ਵੱਡੀਆਂ ਦੋ ਕੁੜੀਆਂ ਵਿਆਹੀਆਂ ਹੋਈਆਂ ਸਨ। ਸਰਪੰਚ ਦੀ ਘਰਵਾਲੀ ਬਿਮਾਰ ਰਹਿੰਦੀ ਸੀ। ਉਹ ਚਾਹੁੰਦਾ ਸੀ ਕਿ ਮੁੰਡੇ ਦਾ ਵਿਆਹ ਕਰ ਲਵੇ ਤਾਂ ਜੋ ਘਰ ਦਾ ਕੰਮ ਕਾਰ ਕਰਨ ਵਾਲੀ ਆ ਜਾਵੇ। ਉਸ ਦਾ ਮੁੰਡਾ ਬਹੁਤ ਸਮਝਦਾਰ ਅਤੇ ਸੋਹਣਾ ਸੀ। ਇਸੇ ਲਈ ਰਿਸ਼ਤੇਦਾਰ, ਪਿੰਡ ਦੇ ਲੋਕ ਰੋਜ਼ ਕੋਈ ਨਾ ਕੋਈ ਰਿਸ਼ਤਾ ਲੈ ਕੇ ਉਸ ਦੇ ਘਰ ਪੁੱਜੇ ਰਹਿੰਦੇ ਸੀ।
ਉਨ੍ਹਾਂ ਦੇ ਨਾਲ ਦੇ ਪਿੰਡ ਵਿੱਚ ਉਸ ਦੇ ਦੋਸਤ ਦੀ ਮਾਂ ਨੇ ਆਪਣੀ ਭਤੀਜੀ ਦੇ ਰਿਸ਼ਤੇ ਦੀ ਗੱਲ ਚਲਾਈ। ਸਰਪੰਚ ਦੇ ਮੁੰਡੇ ਨੇ ਆਪਣੇ ਦੋਸਤ ਨੂੰ ਕਿਹਾ ਕਿ ਪਹਿਲਾਂ ਮੈਂ ਕੁੜੀ ਦੇਖਾਂਗਾ, ਜੇ ਕੁੜੀ ਪਸੰਦ ਆਈ ਤਾਂ ਗੱਲ ਅੱਗੇ ਵਧੇਗੀ।
ਉਸ ਦੇ ਦੋਸਤ ਦੇ ਘਰ ਕੁੜੀ ਦੇਖਣ ਦਾ ਦਿਨ ਮੁਕੱਰਰ ਹੋਣ ’ਤੇ ਜਦੋਂ ਨਿਸ਼ਚਿਤ ਦਿਨ ’ਤੇ ਕੁੜੀ ਵੇਖਣ ਗਿਆ ਤਾਂ ਕੁੜੀ ਨਹਾਉਣ ਗਈ ਬਹੁਤ ਸਮੇਂ ਬਾਅਦ ਬਾਥਰੂਮ ਵਿੱਚੋਂ ਬਾਹਰ ਨਿਕਲੀ। ਉਹ ਚਾਹ ਲੈ ਕੇ ਆਈ ਤਾਂ ਮੁੰਡੇ ਨੇ ਦੇਖਿਆ ਕਿ ਕੁੜੀ ਨੇ ਝਾਵੇਂ ਨਾਲ ਰਗੜ-ਰਗੜ ਕੇ ਮੂੰਹ ਲਾਲ ਕੀਤਾ ਹੋਇਆ ਸੀ।
ਮੁੰਡੇ ਨੇ ਕੁੜੀ ਨੂੰ ਉਸ ਦੀ ਪੜ੍ਹਾਈ ਬਾਰੇ ਪੁੱਛਿਆ ਤਾਂ ਉਹ ਬੋਲੀ ਹੀ ਨਹੀਂ। ਮੁੰਡੇ ਨੂੰ ਇਹ ਗੱਲ ਬਿਲਕੁਲ ਚੰਗੀ ਨਾ ਲੱਗੀ। ਉਸ ਨੇ ਆਪਣੇ ਦੋਸਤ ਨੂੰ ਕਿਹਾ, ‘‘ਮੇਰੀ ਨਾਂਹ ਹੈ। ਕਿਉਂਕਿ ਅੱਜ ਇਹ ਆਪਣੇ ਤਿੰਨਾਂ ਸਾਹਮਣੇ ਜਵਾਬ ਨਹੀਂ ਦੇ ਸਕੀ, ਮੇਰੇ ਤਾਂ ਘਰੇ ਬਹੁਤ ਦੋਸਤ ਆਉਂਦੇ ਜਾਂਦੇ ਰਹਿੰਦੇ ਹਨ, ਮੈਨੂੰ ਇਹੋ ਜਿਹਾ ਜੀਵਨ ਸਾਥੀ ਨਹੀਂ ਚਾਹੀਦਾ ਜੋ ਆਏ ਗਏ ਨੂੰ ਚਾਹ ਪਾਣੀ ਵੀ ਨਾ ਪੁੱਛ ਸਕੇ।’’ ਉਸ ਸਮੇਂ ਸਰਪੰਚ ਦਾ ਮੁੰਡਾ, ਉਸ ਦਾ ਦੋਸਤ ਅਤੇ ਦੋਸਤ ਦੀ ਮਾਂ ਹੀ ਉੱਥੇ ਮੌਜੂਦ ਸਨ।
ਥੋੜ੍ਹੇ ਦਿਨਾਂ ਬਾਅਦ ਸਰਪੰਚ ਦੀ ਸਾਲੀ ਆਈ। ਉਸ ਨੇ ਦੱਸ ਪਾਈ ਕਿ ਬਹੁਤ ਹੀ ਤਕੜਾ ਪਰਿਵਾਰ ਹੈ। ਜਦੋਂ ਉਹ ਵੇਖਣ ਗਏ ਤਾਂ ਵੇਖਿਆ ਕਿ ਕੁੜੀ ਬਹੁਤ ਸੋਹਣੀ ਸੀ। ਕੁੜੀ ਦਾ ਬਾਪ ਫ਼ੌਜ ਵਿੱਚੋਂ ਰਿਟਾਇਰਡ ਸੀ। ਉਸ
ਨੇ ਮੁੰਡੇ ਨੂੰ ਕਿਹਾ, ‘‘ਦੇਖੋ ਕਾਕਾ ਜੀ, ਸਾਡੀ ਕੁੜੀ ਨੇ ਮੱਝਾਂ ਦਾ ਕੰਮ ਨਹੀਂ ਕਰਨਾ, ਚੁੱਲ੍ਹੇ ’ਤੇ ਰੋਟੀ ਨਹੀਂ ਲਾਹੁਣੀ।’’ ਉਸ ਨੇ ਹੋਰ ਬਹੁਤ ਸਾਰੀਆਂ ਸ਼ਰਤਾਂ ਰੱਖੀਆਂ।
ਮੁੰਡੇ ਨੇ ਕਿਹਾ ਕਿ ਸੋਚ ਕੇ ਦੱਸਾਂਗਾ। ਉਹ ਮਨ ਹੀ ਮਨ ਸੋਚ ਰਿਹਾ ਸੀ ਕਿ ਜਦੋਂ ਮੇਰੇ ਨਾਲ ਵਿਆਹੀ ਗਈ ਤਾਂ ਇਹ ਮੇਰੀ ਇੱਜ਼ਤ ਹੋਵੇਗੀ, ਮੈਂ ਵੇਖਣਾ ਹੈ ਕਿ ਕੋਈ ਕੰਮ ਕਰਵਾਉਣਾ ਹੈ ਜਾਂ ਨਹੀਂ।
ਮੁੰਡੇ ਨੂੰ ਹੁਣ ਕੁੜੀ ਵੇਖਣ ਜਾਣਾ ਚੰਗਾ ਲੱਗਣ ਲੱਗਿਆ ਸੀ। ਇੱਕ ਦੱਸ ਉਸ ਦੇ ਮਾਮੇ ਨੇ ਪਾਈ। ਜਦੋਂ ਕੁੜੀ ਵੇਖਣ ਗਿਆ ਤਾਂ ਸਾਰਾ ਕੁਝ ਪਸੰਦ ਆਉਣ ਮਗਰੋਂ ਵਿਚੋਲਾ ਕਹਿਣ ਲੱਗਿਆ ਕਿ ਜੇਕਰ ਮੁੰਡੇ ਨੇ ਕੁੜੀ ਨਾਲ ਕੋਈ ਗੱਲ ਕਰਨੀ ਹੈ ਤਾਂ ਕਰ ਲਵੇ।
ਸਾਰੇ ਬਾਹਰ ਚਲੇ ਗਏ।
‘‘ਤੁਸੀਂ ਕਿੰਨਾ ਪੜ੍ਹੇ ਹੋ?’’ ਮੁੰਡੇ ਨੇ ਕੁੜੀ ਨੂੰ ਗੱਲ ਕਰਨ ਲਈ ਪੁੱਛਿਆ।
“ਬਾਰ੍ਹਵੀਂ ਕੀਤੀ ਹੈ ਜੀ,” ਕੁੜੀ ਨੇ ਜਵਾਬ ਦਿੱਤਾ।
“ਅੱਗੇ ਕਿਉਂ ਨਹੀਂ ਪੜ੍ਹੇ?” ਮੁੰਡੇ ਨੇ ਦੁਬਾਰਾ ਪੁੱਛਿਆ।
“ਸਾਈਕਲ ’ਤੇ ਰੇਸਾਂ ਲਾਉਂਦਿਆਂ ਡਿੱਗ ਪਈ ਸੀ,’’ ਕੁੜੀ ਬੋਲੀ।
“ਕਿਤੇ ਮੁੰਡਿਆਂ ਨਾਲ ਤਾਂ ਨਹੀਂ ਲਾਉਂਦੀ ਸੀ ਰੇਸਾਂ?” ਮੁੰਡੇ ਨੇ ਕਿਹਾ।
“ਜੇ ਰੇਸਾਂ ਮੁੰਡਿਆਂ ਨਾਲ ਲਾਉਂਦੀ ਵੀ ਹੁੰਦੀ ਤਾਂ ਤੁਹਾਨੂੰ ਥੋੜ੍ਹਾ ਦੱਸਾਂਗੀ,” ਕੁੜੀ ਬੋਲੀ।
ਕੁੜੀ ਦੀ ਗੱਲ ਸੁਣ ਕੇ ਮੁੰਡੇ ਦੇ ਤਾਂ ਪਸੀਨੇ ਛੁੱਟ ਗਏ ਕਿ ਜਿਹੜੀ ਅੱਜ ਇੰਨਾ ਬੋਲਦੀ ਹੈ ਵਿਆਹ ਤੋਂ ਬਾਅਦ ਕੀ ਕਰੇਗੀ।
ਦੋਵਾਂ ਪਰਿਵਾਰਾਂ ਨੇ ਸ਼ਗਨ ਪਾ ਦਿੱਤਾ। ਜਦੋਂ ਗੱਡੀ ਵਿੱਚ ਬੈਠ ਕੇ ਘਰ ਨੂੰ ਆਉਣ ਲੱਗੇ ਤਾਂ ਮੁੰਡੇ ਨੇ ਪੈਸੇ ਗਿਣੇ ਕੁੱਲ ਚਾਰ ਸੌ ਵੀਹ ਰੁਪਏ ਬਣੇ ਸਨ। ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਕਿ ਜਿਹੜਾ ਉਨ੍ਹਾਂ ਆਹ ਲੱਡੂਆਂ ਦਾ ਡੱਬਾ ਦਿੱਤਾ ਹੈ ਉਹ ਪਿੰਡ ਜਾ ਕੇ ਕਿਸੇ ਨੂੰ ਵੰਡਣ ਨਾ ਲੱਗ ਜਾਇਓ, ਮੇਰੀ ਤਾਂ ਨਾਂਹ ਹੈ।
ਮੁੰਡਾ ਆਪ ਆਪਣੀ ਫੀਸ ਭਰਨ ਲਈ ਸ਼ਹਿਰ ਚਲਾ ਗਿਆ। ਉਸ ਦੀ ਮਾਂ ਤੇ ਭੈਣ ਬੁੜ ਬੁੜ ਕਰਦੀਆਂ ਪਿੰਡ ਆ ਗਈਆਂ ਕਿ ਇੰਨੀ ਸੋਹਣੀ ਕੁੜੀ ਸੀ ਪਤਾ ਨਹੀਂ ਕਿਹੜੀ ਜੰਨਤ ਦੀ ਹੂਰ ਨੂੰ ਵਿਆਹ ਕੇ ਲਿਆਵੇਗਾ ਇਹ।
ਪਿੰਡ ਵਿੱਚ ਇੱਕ ਘੁਮਿਆਰ ਸੀ ਜੋ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਸਬਜ਼ੀ ਵੇਚਣੀ ਤਾਂ ਬਹਾਨਾ ਸੀ। ਅਸਲ ਵਿੱਚ ਉਹ ਰਿਸ਼ਤੇ ਕਰਵਾਉਣ ਦਾ ਕੰਮ ਕਰਦਾ ਸੀ। ਉਹ ਵੀ ਅੱਜ ਸੁਵਖਤੇ ਹੀ ਸਰਪੰਚ ਦੇ ਘਰ ਪਹੁੰਚ ਗਿਆ। ਉਹ ਸਰਪੰਚ ਨੂੰ ਆਖਣ ਲੱਗਿਆ ਕਿ ਪਰਿਵਾਰ ਬਹੁਤ ਤਕੜਾ ਹੈ, ਵਿਆਹ ਵਿੱਚ ਬੁਲਟ ਦੇਣਗੇ।
ਮੁੰਡੇ ਨੇ ਉਸ ਦੀ ਗੱਲ ਸੁਣ ਕੇ ਆਖਿਆ, “ਤਾਇਆ, ਪਹਿਲਾਂ ਕੁੜੀ ਦਿਖਾ। ਜੇ ਕੁੜੀ ਪਸੰਦ ਆਈ ਤਾਂ ਗੱਲ ਅੱਗੇ ਚੱਲੇਗੀ।”
ਸਰਪੰਚ ਦਾ ਮੁੰਡਾ ਤੇ ਉਸ ਦਾ ਦੋਸਤ ਦੋਵੇਂ ਮੀਟਰ ਰੀਡਰ ਬਣ ਕੇ ਘੁਮਿਆਰ ਤਾਏ ਦੇ ਦੱਸੇ ਅਨੁਸਾਰ ਕੁੜੀ ਦੇ ਘਰ ਚਲੇ ਗਏ। ਇੱਕ ਵੱਡੇ ਸਾਰੇ ਮੰਜੇ ’ਤੇ ਇੱਕ ਬਜ਼ੁਰਗ ਬੈਠਾ ਸੀ। ਉਸ ਦੇ ਨੇੜੇ ਇੱਕ ਕੁੜੀ ਸਿਲਾਈ ਮਸ਼ੀਨ ’ਤੇ ਕੰਮ ਕਰ ਰਹੀ ਸੀ, ਦੂਜੀ ਕੁੜੀ ਕੋਲ ਹੀ ਬੈਠੀ ਸੀ ਅਤੇ ਇੱਕ ਕੁੜੀ ਘਰ ਦੇ ਅੰਦਰੋਂ ਨਿਕਲ ਕੇ ਆਈ।
ਮੁੰਡੇ ਨੇ ਪੁੱਛਿਆ, “ਮੀਟਰ ਕਿੱਥੇ ਹੈ ਜੀ?’’
ਉਸ ਨੇ ਮੀਟਰ ਵੱਲ ਇਸ਼ਾਰਾ ਕੀਤਾ। ਬਿਜਲੀ ਵਾਲਾ ਮੀਟਰ ਸਾਹਮਣੇ ਹੀ ਲੱਗਾ ਸੀ। ਉਹ ਵੇਖਣ ਲੱਗ ਪਿਆ।
“ਕਾਕਾ ਬਿਲ ਬਹੁਤ ਆਉਂਦਾ ਹੈ,” ਬਜ਼ੁਰਗ ਉੱਚੀ ਦੇਣੇ ਬੋਲਿਆ।
ਮੁੰਡਿਆਂ ਦੀਆਂ ਲੱਤਾਂ ਕੰਬਣ ਲੱਗ ਪਈਆਂ।
‘‘ਪਿਛਲਾ ਬਿਲ ਦਿਖਾਉ,’’ ਮੁੰਡੇ ਨੇ ਕਿਹਾ।
ਬਿਲ ਦੇਖ ਕੇ ਉਨ੍ਹਾਂ ਫਟਾਫਟ ਭੱਜਣ ਦੀ ਕੀਤੀ।
ਕੁੜੀਆਂ ਤਿੰਨੋਂ ਹੀ ਸੋਹਣੀਆਂ ਸਨ। ਮੁੰਡੇ ਦੀਆਂ ਲੱਤਾਂ ਕੰਬ ਰਹੀਆਂ ਸਨ ਕਿ ਪਤਾ ਲੱਗਣ ਦੀ ਸੂਰਤ ਵਿੱਚ ਕੁਟਾਪਾ ਬਹੁਤ ਹੋਵੇਗਾ। ਕਿਸੇ ਗੱਲੋਂ ਇਹ ਰਿਸ਼ਤਾ ਵੀ ਸਿਰੇ ਨਹੀਂ ਚੜ੍ਹਿਆ।
ਪਿੰਡ ਦੀ ਇੱਕ ਕੁੜੀ ਸ਼ਹਿਰ ਵਿਆਹੀ ਹੋਈ ਸੀ। ਉਸ ਨੇ ਆਪਣੀ ਰਿਸ਼ਤੇਦਾਰੀ ਵਿੱਚੋਂ ਕੁੜੀ ਦੀ ਗੱਲ ਤੋਰੀ। ਕੁੜੀ ਨੂੰ ਵੇਖਣ ਸਰਪੰਚ ਦਾ ਮੁੰਡਾ, ਉਸ ਦੀ ਮਾਂ, ਛੋਟੀ ਭੈਣ ਅਤੇ ਦੋਸਤ ਵੀ ਨਾਲ ਗਿਆ। ਜਦੋਂ ਕੁੜੀ ਦੇ ਘਰ ਗਏ ਤਾਂ ਵੇਖਿਆ ਕਿ ਉੱਥੇ ਉਨ੍ਹਾਂ ਟੈਂਟ ਲਾ ਕੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਕੁੜੀ ਦਾ ਰੰਗ ਪੱਕਾ ਸੀ, ਮੁੰਡੇ ਨੂੰ ਪਸੰਦ ਨਾ ਆਈ। ਕੁੜੀ ਵਾਲੇ ਸ਼ਗਨ ਪਾਉਣ ਲਈ ਜ਼ੋਰ ਪਾਉਣ ਲੱਗੇ। ਮੁੰਡੇ ਨੇ ਆਪਣੇ ਦੋਸਤ ਨੂੰ ਕਿਹਾ ਕਿ ਬਾਹਰ ਜਾ ਕੇ ਸਕੂਟਰ ਸਟਾਰਟ ਕਰੇ। ਆਪ ਉਹ ਵੱਡੀਆਂ-ਵੱਡੀਆਂ ਪੁਲਾਂਘਾਂ ਪੁੱਟ ਕੇ ਸਕੂਟਰ ’ਤੇ ਜਾ ਬੈਠਿਆ। ਉਸ ਦਿਨ ਤੋਂ ਬਾਅਦ ਉਸ ਦੀ ਮਾਂ ਅਤੇ ਭੈਣ ਨੇ ਉਸ ਨਾਲ ਕੁੜੀ ਵੇਖਣ ਜਾਣ ਤੋਂ ਤੌਬਾ ਕੀਤੀ।
ਸਰਪੰਚ ਆਂਢੀ-ਗੁਆਂਢੀਆਂ ਅਤੇ ਰਿਸ਼ਤੇਦਾਰਾਂ ਤੋਂ ਬਹੁਤ ਦੁਖੀ ਸੀ ਜਿਹੜੇ ਉਸ ਨੂੰ ਹਰ ਵੇਲੇ ਮੁੰਡੇ ਦੇ ਰਿਸ਼ਤੇ ਬਾਰੇ ਤਨਜ਼ ਕਸਦੇ ਰਹਿੰਦੇ ਕਿ ‘ਤੁਹਾਡੀ ਕੀ ਮੰਗ ਹੈ? ਮੁੰਡੇ ਦਾ ਵਿਆਹ ਕਰ ਲਵੋ ਕਿਤੇ ਕੁਆਰਾ ਹੀ ਨਾ ਰੱਖ ਲਿਓ’। ਜਿਹੜਾ ਵੀ ਕੋਈ ਰਿਸ਼ਤਾ ਦੱਸਦਾ, ਮੁੰਡਾ ਕੋਈ ਨਾ ਕੋਈ ਕਮੀ ਕੱਢ ਦਿੰਦਾ, ਨਾਂਹ ਕਰ ਦਿੰਦਾ।
ਇੱਕ ਦਿਨ ਸਰਪੰਚ ਦਾ ਮੁੰਡਾ ਆਪਣੇ ਦੋਸਤ ਦੀ ਦੁਕਾਨ ’ਤੇ ਸ਼ਹਿਰ ਕਿਸੇ ਕੰਮ ਆਇਆ ਸੀ। ਉੱਥੇ ਦੋ ਆਦਮੀ ਹੋਰ ਬੈਠੇ ਸਨ ਜੋ ਉਸ ਦੇ ਦੋਸਤ ਦੇ ਚਾਚੇ ਦੀ ਰਿਸ਼ਤੇਦਾਰੀ ਵਿੱਚੋਂ ਆਏ ਸਨ। ਉਹ ਆਪਣੀ ਬਣ ਰਹੀ ਕੋਠੀ ਲਈ ਟੈਂਕੀਆਂ ਖਰੀਦਣ ਆਏ ਸਨ। ਜਦੋਂ ਉਹ ਦੁਕਾਨ ’ਤੇ ਬੈਠੇ ਚਾਹ ਪੀ ਰਹੇ ਸਨ ਤਾਂ ਇੱਕ ਕਹਿਣ ਲੱਗਿਆ ਕਿ ਆਪਣੇ ਵੱਡੇ ਵੀਰ ਦੀ ਕੁੜੀ ਵਾਸਤੇ ਇਹ ਮੁੰਡਾ ਦੇਖ ਲੈ ਤਾਂ ਉਸ ਦਾ ਦੋਸਤ ਕਹਿੰਦਾ, “ਮੈਂ ਤਾਂ ਮੰਗਿਆ ਹੋਇਆ ਹਾਂ। ਇਹ ਮੇਰਾ ਦੋਸਤ ਹੈ ਇਹ ਦੇਖ ਲਓ।” ਉਸ ਨੇ ਸਰਪੰਚ ਦੇ ਮੁੰਡੇ ਵੱਲ ਇਸ਼ਾਰਾ ਕਰਕੇ ਕਿਹਾ।
ਮੁੰਡੇ ਨੂੰ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, “ਕਾਕਾ, ਵਿਆਹ ਕਰਵਾਉਣਾ ਹੈ?”
“ਹਾਂ ਜੀ, ਜ਼ਰੂਰ ਕਰਵਾਉਣਾ ਹੈ,” ਮੁੰਡੇ ਨੇ ਹਾਮੀ ਭਰੀ।
“ਕੁੜੀ ਕਿਹੋ ਜਿਹੀ ਚਾਹੀਦੀ ਹੈ?”
“ਪੜ੍ਹੀ ਲਿਖੀ ਤੇ ਸੋਹਣੀ ਚਾਹੀਦੀ ਹੈ,” ਉਹ ਬੋਲਿਆ।
“ਜੇ ਤੂੰ 19 ਏਂ ਤਾਂ ਸਾਡੀ ਕੁੜੀ 21 ਹੈ,” ਆਦਮੀ ਨੇ ਕਿਹਾ।
“21 ਹੀ ਚੱਲੂ,” ਮੁੰਡਾ ਬੋਲਿਆ।
“ਕਾਕਾ, ਜ਼ਮੀਨ ਕਿੰਨੀ ਆਉਂਦੀ ਹੈ ਤੈਨੂੰ?” ਉਸ ਨੇ ਕਿਹਾ।
“10 ਕਿੱਲੇ ਆਉਂਦੇ ਨੇ ਜੀ,” ਮੁੰਡੇ ਨੇ ਉੱਤਰ ਦਿੱਤਾ।
“ਅਸੀਂ ਆਏ ਹੋਏ ਹਾਂ ਇੱਧਰ। ਚੱਲ ਫਿਰ ਦਿਖਾ ਲਿਆ ਜ਼ਮੀਨ ਜਾਇਦਾਦ,” ਹੁਣ ਦੂਸਰਾ ਆਦਮੀ ਬੋਲਿਆ।
“ਮੈਨੂੰ ਕਚਹਿਰੀ ਕੰਮ ਹੈ ਜੀ, ਤੁਸੀਂ ਮੇਰੇ ਦੋਸਤ ਨੂੰ ਲੈ ਜਾਓ,” ਮੁੰਡੇ ਨੇ ਕਿਹਾ।
ਉਨ੍ਹਾਂ ਨੂੰ ਸਾਰਾ ਕੁਝ ਪਸੰਦ ਆ ਗਿਆ। ਉਨ੍ਹਾਂ ਕੁੜੀ ਦਿਖਾਉਣ ਦਾ ਦਿਨ ਨਿਯਤ ਕੀਤਾ।
ਤੈਅ ਦਿਨ ਜਦੋਂ ਮੁੰਡੇ ਨੇ ਆਪਣੀ ਮਾਂ ਨੂੰ ਨਾਲ ਜਾਣ ਲਈ ਕਿਹਾ ਤਾਂ ਉਹ ਕਹਿੰਦੀ, ‘‘ਮੈਂ ਨਹੀਂ ਜਾਂਦੀ ਤੇਰੇ ਨਾਲ। ਤੂੰ ਤਾਂ ਕੁੜੀ ਦੇਖ ਕੇ ਜਵਾਬ ਦੇ ਦਿੰਦਾ ਏਂ ਸਾਨੂੰ ਉੱਥੋਂ ਉੱਠਣਾ ਔਖਾ ਹੋ ਜਾਂਦਾ ਏ।’’
ਫਿਰ ਉਸ ਨੇ ਆਪਣੀ ਵਿਆਹੀ ਭੈਣ ਨੂੰ ਫੋਨ ਕੀਤਾ ਕਿ ਮੈਂ ਘੰਟੇ ਵਿੱਚ ਤੇਰੇ ਕੋਲ ਆ ਰਿਹਾ ਹਾਂ, ਆਪਾਂ ਕੁੜੀ ਵੇਖਣ ਜਾਣਾ ਏ, ਤੂੰ ਤਿਆਰ ਹੋ ਜਾ।
ਮੁੰਡਾ, ਉਸ ਦੀ ਭੈਣ ਅਤੇ ਉਸ ਦਾ ਦੋਸਤ ਅਜੇ ਰਾਹ ਵਿੱਚ ਹੀ ਸਨ ਕਿ ਦੋਸਤ ਨੂੰ ਫੋਨ ਆ ਗਿਆ ਕਿ ਤੁਸੀਂ ਪਿੰਡ ਨਾ ਆਇਓ, ਸ਼ਹਿਰ ਆ ਜਾਇਓ ਗੁਰਦੁਆਰਾ ਸਾਹਿਬ ਵਿੱਚ।’’
ਮੁੰਡਾ ਤਿੜਕ ਗਿਆ, ‘‘ਮੈਂ ਨਹੀਂ ਜਾਂਦਾ। ਜੇ ਮੈਨੂੰ ਕੁੜੀ ਨਾ ਪਸੰਦ ਆਈ ਤਾਂ ਗੁਰੂਘਰ ਵਿੱਚ ਮੈਂ ਜਵਾਬ ਨਹੀਂ ਦੇ ਸਕਦਾ।”
ਮੁੰਡੇ ਦੀ ਭੈਣ ਨੇ ਉਸ ਨੂੰ ਗੁਰਦੁਆਰਾ ਸਾਹਿਬ ਵਿੱਚ ਕੁੜੀ ਵੇਖਣ ਲਈ ਬੜੀ ਮੁਸ਼ਕਿਲ ਨਾਲ ਮਨਾਇਆ।
ਮੁੰਡੇ ਨੇ ਗੁਰੂਘਰ ਆ ਕੇ ਅਰਦਾਸ ਕੀਤੀ, ‘‘ਮਾਲਕਾ ਮਿਹਰ ਕਰੀਂ, ਸਿਰ ’ਤੇ ਹੱਥ ਰੱਖੀਂ।’’
ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਉਪਰੰਤ ਉਹ ਉਸ ਕਮਰੇ ਵਿੱਚ ਚਲੇ ਗਏ ਜਿੱਥੇ ਕੁੜੀ ਵਾਲੇ ਬੈਠੇ ਸਨ।
ਕੁੜੀ ਦਾ ਪਿਤਾ, ਚਾਚਾ, ਚਾਚੀ, ਭੂਆ ਅਤੇ ਫੁੱਫੜ ਅੰਦਰ ਸਨ। ਕੁੜੀ ਦੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ।
‘‘ਕਾਕਾ, ਤੇਰੀ ਕੀ ਕੁਆਲੀਫਿਕੇਸ਼ਨ ਹੈ?’’ ਕੁੜੀ ਦੇ ਬਾਪ ਨੇ ਪੁੱਛਿਆ।
ਮੁੰਡੇ ਨੂੰ ਸ਼ਾਇਦ ਸੁਣਿਆ ਨਹੀਂ ਸੀ।
ਜਦੋਂ ਉਨ੍ਹਾਂ ਦੁਬਾਰਾ ਪੁੱਛਿਆ ਤਾਂ ਕੁੜੀ ਨੇ ਕਿਹਾ ਕਿ ਤੁਹਾਡੀ ਪੜ੍ਹਾਈ ਬਾਰੇ ਪੁੱਛ ਰਹੇ ਹਨ।
ਉਸ ਨੇ ਕੁੜੀ ਦੀ ਚੀਰਮੀ ਵਿੱਚ ਆਏ ਇੱਕ ਦੋ ਚਿੱਟੇ ਵਾਲ ਵੇਖ ਕੇ ਆਪਣੀ ਭੈਣ ਨੂੰ ਕਿਹਾ, “ਕੁੜੀ ਦੇ ਵਾਲ ਤਾਂ ਚਿੱਟੇ ਹਨ।”
“ਪੜ੍ਹੀ ਲਿਖੀ ਏ, ਸੋਹਣੀ ਏ ਹੋਰ ਤੈਨੂੰ ਕੀ ਚਾਹੀਦਾ ਏ ਚੁੱਪ ਕਰ ਜਾ ਇੱਥੇ ਹੀ,” ਉਸ ਦੀ ਭੈਣ ਨੇ ਹੌਲੀ ਜਿਹੀ ਕਿਹਾ।
ਕੁੜੀ ਵਾਲੇ ਕਹਿਣ ਲੱਗੇ, ‘‘ਸਾਨੂੰ ਮੁੰਡਾ ਪਸੰਦ ਹੈ। ਜੇਕਰ ਮੁੰਡੇ ਨੇ ਕੁੜੀ ਨੂੰ ਕੁਝ ਪੁੱਛਣਾ ਹੈ ਤਾਂ ਪੁੱਛ ਸਕਦਾ ਹੈ।’’ ਇਹ ਕਹਿ ਕੇ ਸਾਰੇ ਕਮਰੇ ਤੋਂ ਬਾਹਰ ਚਲੇ ਗਏ।
“ਸਾਡੇ ਘਰ ਗੈਸ ਨਹੀਂ ਹੈ ਚੁੱਲ੍ਹੇ ’ਤੇ ਕੰਮ ਕਰਨਾ ਪਊ,” ਉਸ ਨੇ ਆਪਣੀ ਭੈਣ ਦੀ ਹਾਜ਼ਰੀ ਵਿੱਚ ਕੁੜੀ ਤੋਂ ਪੁੱਛਿਆ।
ਕੁੜੀ ਕੁਝ ਨਾ ਬੋਲੀ।
“ਸਾਡੇ ਘਰ ਮੱਝਾਂ ਵੀ ਨੇ ਸੰਨ੍ਹੀ ਰਲਾਉਣੀ ਪਊ,” ਉਸ ਨੇ ਫਿਰ ਕਿਹਾ।
ਕੁੜੀ ਪਹਿਲਾਂ ਚੁੱਪ ਰਹੀ, ਥੋੜ੍ਹੀ ਦੇਰ ਬਾਅਦ ਕਹਿਣ ਲੱਗੀ ਕਿ ਮੈਂ ਸਿੱਖ ਲਵਾਂਗੀ।
ਉਸ ਦੀ ਭੈਣ ਨੇ ਕੁੜੀ ਅਤੇ ਕੁੜੀ ਵਾਲਿਆਂ ਨੇ ਉਸ ਨੂੰ ਸ਼ਗਨ ਪਾ ਦਿੱਤਾ। ਉਸ ਦਿਨ ਤੋਂ ਬਾਅਦ ਆਉਂਦੇ ਐਤਵਾਰ ਨੂੰ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਮੰਗਣੀ ਤੈਅ ਕਰ ਦਿੱਤੀ ਗਈ।
ਅੱਜ ਸਰਪੰਚ ਨੇ ਸੁਖ ਦਾ ਸਾਹ ਲਿਆ ਸੀ ਕਿਉਂ ਜੋ ਉਹ ਆਪਣੇ ਮੁੰਡੇ ਦਾ ਮੰਗਣਾ ਕਰਨ ਗਏ ਸੀ ਅਤੇ ਆਨੰਦ ਕਾਰਜ ਕਰਵਾ ਕੇ ਕੁੜੀ ਨਾਲ ਹੀ ਲੈ ਆਏ ਸੀ।
ਚਲੋ ਇਹ ਪਹੇਲੀ ਵੀ ਮੈਂ ਸੁਲਝਾ ਦਿੰਦੀ ਹਾਂ, ਤੁਸੀਂ ਸੋਚਦੇ ਹੋਵੋਗੇ ਕਿ ਇਹ ਸਰਪੰਚ ਦਾ ਮੁੰਡਾ ਕਿਹੋ ਜਿਹਾ ਇਨਸਾਨ ਹੈ?
ਦਰਅਸਲ ਉਹ ਚਾਹੁੰਦਾ ਸੀ ਕਿ ਉਸ ਦੀ ਜੀਵਨ ਸਾਥਣ ਇਹੋ ਜਿਹੀ ਹੋਵੇ ਜੋ ਉਸ ਨੂੰ ਸਮਝੇ ਅਤੇ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੀ ਹੋਵੇ। ਇਹ ਸ਼ਖ਼ਸ ਕੋਈ ਹੋਰ ਨਹੀਂ, ਮੇਰਾ ਜੀਵਨ ਸਾਥੀ ਹੈ। ਸਾਡੇ ਵਿਆਹ ਨੂੰ 27 ਸਾਲ ਹੋ ਗਏ ਹਨ। ਮੇਰੇ ਪੇਕੇ ਅਤੇ ਸਹੁਰੇ ਪਰਿਵਾਰ ਵਿੱਚ ਪੜ੍ਹੀਆਂ ਲਿਖੀਆਂ ਤਾਂ ਬਹੁਤ ਕੁੜੀਆਂ ਨੇ, ਪਰ ਮੇਰੇ ਪਤੀ ਦੀ ਵਧੀਆ ਸੋਚ ਹੋਣ ਕਾਰਨ ਮੈਂ ਆਪਣੇ ਪੇਕੇ ਸਹੁਰਿਆਂ ਵਿੱਚੋਂ ਇਕੱਲੀ ਔਰਤ ਹਾਂ ਜੋ ਇਸ ਸਮੇਂ ਪੰਜਾਬ ਸਰਕਾਰ ਦੇ ਅਹਿਮ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੀ ਹਾਂ।
ਸੰਪਰਕ: 84278-33552