ਸਰਪੰਚੀ ਚੋਣਾਂ: ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਧੱਕੇਸ਼ਾਹੀ ਦੇ ਦੋਸ਼
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 6 ਅਕਤੂਬਰ
ਅੱਜ ਇੱਥੇ ਵੱਖ-ਵੱਖ ਪ੍ਰੈੱਸ ਕਾਨਫਰੰਸਾਂ ਦੌਰਾਨ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਵੱਲੋਂ ਸੱਤਾਧਾਰੀ ਧਿਰ ’ਤੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਵਿੱਚ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਸ਼ਹਿ ’ਤੇ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਵਿਰੋਧੀ ਧਿਰ ਨਾਲ ਸਬੰਧਤ ਸਰਪੰਚ ਅਤੇ ਪੰਚੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਬਿਨਾਂ ਕਿਸੇ ਅਧਾਰ ਤੋਂ ਰੱਦ ਕਰ ਦਿੱਤੇ ਗਏ ਹਨ।
ਉਕਤ ਆਗੂਆਂ ਨੇ ਕਿਹਾ ਕਿ ਪਿੰਡ ਘਰਾਚੋਂ, ਸੰਗਤਪੁਰਾ ਅਤੇ ਨਦਾਮਪੁਰ ਸਮੇਤ ਬਹੁਤ ਸਾਰੇ ਪਿੰਡਾਂ ਵਿੱਚ ਆਪਣੇ ਚਹੇਤਿਆਂ ਨੂੰ ਜਿਤਾਉਣ ਲਈ ਇਹ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਲਕਾ ਵਿਧਾਇਕ ਭਰਾਜ ਵੱਲੋਂ ਬੀਡੀਪੀਓ ਭਵਾਨੀਗੜ੍ਹ ’ਤੇ ਪੰਚਾਇਤੀ ਚੋਣਾਂ ਦੌਰਾਨ ਦਬਾਅ ਪਾਉਣ ਲਈ ਉਸ ਨੂੰ ਮੀਡੀਆ ਸਾਹਮਣੇ ਜ਼ਲੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਸ਼ਰੇਆਮ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ ਅਤੇ ਉਹ ਇਸ ਧੱਕੇਸ਼ਾਹੀ ਖ਼ਿਲਾਫ਼ ਹਰ ਫਰੰਟ ’ਤੇ ਲੜਾਈ ਲੜਣਗੇ।
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੰਚਾਇਤੀ ਚੋਣ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੀ ਦਖ਼ਲਅੰਦਾਜ਼ੀ ਨਹੀਂ ਕੀਤੀ ਜਾ ਰਹੀ।
ਭਰਾਜ ਨੇ ਬੀਡੀਪੀਓ ਦੀ ਸਰਕਾਰੀ ਗੱਡੀ ਦੀ ਤਲਾਸ਼ੀ ਕਰਵਾਈ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਸ਼ਿਕਾਇਤ ਦੇ ਆਧਾਰ ’ਤੇ ਬੀਤੀ ਸ਼ਾਮ ਐੱਸਡੀਐੱਮ ਭਵਾਨੀਗੜ੍ਹ ਦੇ ਦਫ਼ਤਰ ਵਿੱਚ ਮੀਡੀਆ ਵਿੱਚ ਲਾਈਵ ਹੋ ਕੇ ਬੀਡੀਪੀਓ ਭਵਾਨੀਗੜ੍ਹ ਬਲਜੀਤ ਸਿੰਘ ਸੋਹੀ ਦੀ ਸਰਕਾਰੀ ਗੱਡੀ ਦੀ ਤਲਾਸ਼ੀ ਕਰਵਾਈ। ਇਸ ਮੌਕੇ ਵਿਧਾਇਕ ਭਰਾਜ ਨੇ ਕਿਹਾ ਕਿ 5 ਅਕਤੂਬਰ ਨੂੰ ਕਾਗਜ਼ਾਂ ਦੀ ਪੜਤਾਲ ਵਾਲੇ ਦਿਨ ਬੀਡੀਪੀਓ ਬਲਜੀਤ ਸਿੰਘ ਸੋਹੀ ਆਪਣੇ ਦਫਤਰ ਵਿੱਚੋਂ ਗਾਇਬ ਰਹੇ। ਇਸ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ। ਇਸੇ ਦੌਰਾਨ ਪਿੰਡ ਫੱਗੂਵਾਲਾ ਦੇ ਲਖਵਿੰਦਰ ਸਿੰਘ ਵੱਲੋਂ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਕਿ ਬੀਡੀਪੀਓ ਸੋਹੀ ਸਰਕਾਰੀ ਗੱਡੀ ਸਮੇਤ ਫੱਗੂਵਾਲਾ ਵਿੱਚ ਇੱਕ ਨਿੱਜੀ ਹਾਊਸ ਵਿੱਚ ਬੈਠੇ ਹਨ। ਉਨ੍ਹਾਂ ਵੱਲੋਂ ਉਕਤ ਸ਼ਿਕਾਇਤ ’ਤੇ ਬੀਡੀਪੀਓ ਦੀ ਸਰਕਾਰੀ ਗੱਡੀ ਦੀ ਐੱਸਡੀਐੱਮ ਰਵਿੰਦਰ ਬਾਂਸਲ ਅਤੇ ਡੀਐੱਸਪੀ ਰਾਹੁਲ ਕੌਸਲ ਦੀ ਦੇਖ ਰੇਖ ਹੇਠ ਜਾਂਚ ਕਰਵਾਈ ਗਈ ਹੈ। ਬੀਡੀਪੀਓ ਬਲਜੀਤ ਸਿੰਘ ਸੋਹੀ ਨੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਰਹੇ ਹਨ।