ਵਣ ਅਫਸਰ ਬਲਜੀਤ ਸਿੰਘ ਦੀ ‘ਰੇਂਜ’ ’ਚ ਆਈ ਸਰਪੰਚੀ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ
ਪੰਜਾਬ ਦੀ ਸਿਆਸਤ ’ਚ ਚਰਚਿਤ ਸਿਆਸਤਦਾਨ ਮਰਹੂਮ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ੍ਹ ਦੇ ਜੱਦੀ ਪਿੰਡ ਮਰਾੜ੍ਹ ਕਲਾਂ ਦੇ ਸਰਪੰਚ, ਸੇਵਾਮੁਕਤ ਵਣ ਰੇਂਜ ਅਫਸਰ ਬਲਜੀਤ ਸਿੰਘ ਚੁਣੇ ਗਏ ਹਨ। ਉਹ ਫਰਵਰੀ 2022 ’ਚ ਜੰਗਲਾਤ ਵਿਭਾਗ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਤੇ 84 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ੍ਹ ਨੇ ਵੀ ਆਪਣਾ ਸਿਆਸੀ ਸਫਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ। ਬਲਜੀਤ ਸਿੰਘ ਨੇ ਚੋਣਾਂ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਉਨ੍ਹਾਂ 34 ਸਾਲ ਨੌਕਰੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਪਿੰਡ ਦੀ ਬਿਹਤਰੀ ਲਈ ਪਿੰਡ ਵਿੱਚ ਹੀ ਰਹਿ ਕੇ ਕੰਮ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਮਰਾੜ੍ਹ ਪਰਿਵਾਰ ਦੇ ਮੌਜੂਦਾ ਮੁਖੀ ਰਾਜਬਲਵਿੰਦਰ ਸਿੰਘ ਮਰਾੜ੍ਹ ਦੀ ਰਹਿਨੁਮਾਈ ਹੇਠ ਚੋਣ ਲੜੀ ਹੈ। ਉਨ੍ਹਾਂ ਦੇ ਪਿੰਡ ’ਚ 9 ਪੰਚਾਇਤ ਮੈਂਬਰ ਹਨ ਜਿਨ੍ਹਾਂ ’ਚੋਂ 2 ਬਿਨਾਂ ਮੁਕਾਬਲੇ ਜਿੱਤੇ ਗਏ ਤੇ ਬਾਕੀ ਚੋਣ ਮੁਕਾਬਲੇ ’ਚ ਜੇਤੂ ਹੋਏ। ਸਾਰਿਆਂ ਦਾ ਉਨ੍ਹਾਂ ਨੂੰ ਸਮਰਥਨ ਹਾਸਲ ਹੈ। ਪਿੰਡ ਵਿੱਚ ਨਾਮਜ਼ਦਗੀਆਂ ਮੌਕੇ ਜਾਂ ਵੋਟਾਂ ਵੇਲੇ ਕੋਈ ਝਗੜਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਚੋਣ ਮਰਾੜ੍ਹ ਪਰਿਵਾਰ ਦੀ ਰਹਿਨੁਮਾਈ ਹੇਠ ਲੜੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਪਿੰਡ ਦਾ ਵਿਕਾਸ ਕਰਨਾ, ਪੀਣ ਵਾਲੇ ਪਾਣੀ, ਗਲੀਆਂ-ਸੜਕਾਂ, ਨਸ਼ਾ ਮੁਕਤੀ, ਸਿਹਤ ਤੇ ਸਿੱਖਿਆ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਾਉਣਾ ਹੈ। ਉਹ ਆਪਣੀ ਸਰਕਾਰੀ ਅਫਸਰ ਵਾਲੀ ਸੂਝ-ਬੂਝ ਦੀ ਵਰਤੋਂ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਰਨਗੇ। ਸੁਖਦਰਸ਼ਨ ਸਿੰਘ ਮਰਾੜ੍ਹ ਦੇ ਸੇਵਾ ਮੁਕਤ ਪੁਲੀਸ ਅਧਿਕਾਰੀ ਪੁੱਤਰ ਰਾਜਬਲਵਿੰਦਰ ਸਿੰਘ ਮਰਾੜ੍ਹ ਨੇ ਕਿਹਾ ਕਿ ਬਲਜੀਤ ਸਿੰਘ ਪਾਰਟੀਬਾਜ਼ੀ ਤੋਂ ਉਪਰ ਉਠਕੇ ਸਮੂਹ ਪਿੰਡ ਦੇ ਵਿਕਾਸ ਲਈ ਕੰਮ ਕਰਨ। ਉਨ੍ਹਾਂ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ।