ਖਣਨ ਦੇ ਦੋਸ਼ਾਂ ਹੇਠ ਸਰਪੰਚ ਮੁਅੱਤਲ
ਨਿੱਜੀ ਪੱਤਰ ਪ੍ਰੇਰਕ
ਘਨੌਰ, 18 ਜੁਲਾਈ
ਹਲਕਾ ਘਨੌਰ ਅਧੀਨ ਪੈਂਦੇ ਪਿੰਡ ਚਮਾਰੂ ਦੀ ਸਰਪੰਚ ਸੁਖਵਿੰਦਰ ਕੌਰ ਨੂੰ ਇਕ ਸ਼ਿਕਾਇਤ ਦੇ ਆਧਾਰ ’ਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸਰਪੰਚ ਉਪਰ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰਨ ਅਤੇ ਸਰਕਾਰੀ ਪਾਣੀ ਦੀ ਟੈਂਕੀ ਦੇ ਬਿਲਾਂ ਦੀ ਅਦਾਇਗੀ ਵਿੱਚ ਗਬਨ ਦੇ ਦੋਸ਼ ਲਗਾਏ ਗਏ ਹਨ। ਸਰਪੰਚ ਖਿਲਾਫ ਪਿੰਡ ਦੇ ਹੀ ਵਾਸੀ ਸ਼ੇਰ ਸਿੰਘ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ੰਭੂ ਨੂੰ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਮਾਈਨਿੰਗ ਡਿਵੀਜ਼ਨ ਪਟਿਆਲਾ ਦੇ ਐਗਜ਼ੀਕਿਊਟਿਵ ਕਮ ਜ਼ਿਲ੍ਹਾ ਮਾਈਨਿੰਗ ਅਫਸਰ ਪਟਿਆਲਾ ਵੱਲੋਂ ਮੌਕੇ ਦੀ ਜਾਂਚ ਕਰਕੇ ਸਰਪੰਚ ਵੱਲੋਂ ਕੁੱਲ 28 ਲੱਖ 79 ਹਜ਼ਾਰ 146 ਰੁਪਏ ਦੀ ਰਿਕਵਰੀ ਪਾਈ ਗਈ। ਮਹਿਲਾ ਸਰਪੰਚ ਨੂੰ 15 ਦਨਿਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਪਰ ਉਹ ਜਵਾਬ ਨਾ ਦੇ ਸਕੀ। ਇਸ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਪਟਿਆਲਾ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਸੁਖਵਿੰਦਰ ਕੌਰ ਸਰਪੰਚ ਵੱਲੋਂ ਪਿੰਡ ਵਿੱਚ ਮੌਜੂਦ ਪਾਣੀ ਵਾਲੀ ਟੈਂਕੀਆਂ ਤੋਂ ਘਰਾਂ ਨੂੰ ਸਪਲਾਈ ਹੁੰਦੇ ਪਾਣੀ ਦੇ ਕੁਨੈਕਸ਼ਨਾਂ ਦੀ ਅਦਾਇਗੀ ਦੀ ਰਾਸ਼ੀ ਦਾ ਇੰਦਰਾਜ਼ ਜੀਪੀਡਬਲਿਊਐੱਸ ਕਮੇਟੀ ਦੀ ਕਾਰਵਾਈ ਰਜਿਸਟਰ ਵਿੱਚ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਮਤਾ ਪਾਇਆ ਗਿਆ ਹੈ। ਪ੍ਰਾਪਤ ਸਟੇਟਮੈਂਟ ਅਨੁਸਾਰ 1 ਲੱਖ 30 ਹਜ਼ਾਰ ਰੁਪਏ ਦੀਆਂ ਅਦਾਇਗੀਆਂ ਸਬੰਧੀ ਵੀ ਸਰਪੰਚ ਵੱਲੋਂ ਕੋਈ ਵੀ ਪੁਖਤਾ ਸਬੂਤ ਪੇਸ਼ ਨਹੀਂ ਕੀਤਾ ਗਿਆ ਕਿ ਇਨ੍ਹਾਂ ਅਦਾਇਗੀਆਂ ਸਬੰਧੀ ਕਿਸ ਪਾਸੋਂ ਮਨਜ਼ੂਰੀ ਲਈ ਸੀ। ਇਸ ਤਰ੍ਹਾਂ ਪ੍ਰਾਪਤ ਰਿਪੋਰਟ ਅਨੁਸਾਰ ਸਰਪੰਚ ਸੁਖਵਿੰਦਰ ਕੌਰ ਵਿਰੁੱਧ ਪਾਣੀ ਵਾਲੇ ਕੁਨੈਕਸ਼ਨਾਂ ਦੇ ਬਿਲਾਂ ਦੀ ਰਾਸ਼ੀ ਦਾ ਗਬਨ ਦੇ ਲਗਾਏ ਗਏ ਦੋਸ਼ ਸਿੱਧ ਹੋਣ ’ਤੇ ਗੁਰਪ੍ਰੀਤ ਸਿੰਘ ਖਹਿਰਾ, ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ, ਪੰਜਾਬ ਨੇ ਸੁਖਵਿੰਦਰ ਕੌਰ ਨੂੰ ਅਹੁਦੇ ਤੋਂ ਤੁਰੰਤ ਮੁਅੱਤਲ ਕਰ ਦਿੱਤਾ।