ਸਰਪੰਚ ਸੁਰਿੰਦਰ ਕੌਰ ਨੇ ਘਰ-ਘਰ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 19 ਅਕਤੂਬਰ
ਪਿੰਡ ਦਿਆਲਪੁਰਾ ਮਿਰਜ਼ਾ ਤੋਂ ਜੇਤੂ ਰਹੇ ਸਰਵ ਸਾਂਝੇ ਉਮੀਦਵਾਰ ਸੁਰਿੰਦਰ ਕੌਰ ਸਿੱਧੂ ਨੇ ਆਪਣੇ ਪੁੱਤਰ ਗੁਰਸੇਵਕ ਸਿੰਘ ਸੋਨੀ ਤੇ ਸਮਰਥਕਾਂ ਦੇ ਕਾਫਲੇ ਨਾਲ ਘਰ-ਘਰ ਜਾ ਕੇ ਸਹਿਯੋਗ ਦੇਣ ਲਈ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਸੁਰਿੰਦਰ ਕੌਰ ਸਿੱਧੂ ਅਤੇ ਗੁਰਸੇਵਕ ਸਿੰਘ ਸੋਨੀ ਨੇ ਕਿਹਾ ਕਿ ਪਿੰਡ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਗੇ ਤੇ ਪਿੰਡ ਨੂੰ ਇਲਾਕੇ ਦਾ ਨਮੂਨੇ ਦਾ ਪਿੰਡ ਬਣਾਉਣ ਦੇ ਯਤਨ ਕਰਨਗੇ। ਸਰਪੰਚ ਸੁਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਪਿੰਡ ਦਾ ਹਰ ਮਸਲਾ ਪੁਲੀਸ ਜਾਂ ਕਚਿਹਰੀ ’ਚ ਜਾਣ ਦੀ ਬਜਾਇ ਪਿੰਡ ਵਿੱਚ ਹੀ ਹੱਲ ਕੀਤਾ ਜਾਵੇ। ਉਨ੍ਹਾਂ ਡੇਰਾ ਬਾਬਾ ਭਾਈ ਦਿਆਲਾ ਜੀ ਦਿਆਲਪੁਰਾ ਮਿਰਜ਼ਾ ਵਿੱਚ ਸ਼ੁਕਰਾਨੇ ਦੀ ਅਰਦਾਸ ਕੀਤੀ। ਸਮਰਥਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਪਿੰਡ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।