ਅਦਾਲਤੀ ਕੇਸ ਦੀ ਜਾਣਕਾਰੀ ਛੁਪਾਉਣ ਕਾਰਨ ਪਿੰਡ ਮਾਜਰੀ ਦਾ ਸਰਪੰਚ ਮੁਅੱਤਲ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 29 ਨਵੰਬਰ
ਇਸ ਬਲਾਕ ਦੇ ਪਿੰਡ ਮਾਜਰੀ ਦੇ ਸਰਪੰਚ ਸਤਨਾਮ ਸਿੰਘ ਨੂੰ ਚੋਣਾਂ ਸਮੇਂ ਦਾਇਰ ਹਲਫ਼ਨਾਮੇ ਵਿੱਚ ਆਪਣੇ ਅਦਾਲਤੀ ਕੇਸ ਦੀ ਜਾਣਕਾਰੀ ਛੁਪਾਉਣ ਕਾਰਨ ਕੈਥਲ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਇਹ ਕਾਰਵਾਈ ਸਤਨਾਮ ਵੱਲੋਂ ਪੰਚਾਇਤੀ ਚੋਣਾਂ ਸਮੇਂ ਅਦਾਲਤੀ ਕੇਸ ਦੀ ਜਾਣਕਾਰੀ ਛੁਪਾਉਣ ਦੇ ਦੋਸ਼ਾਂ ਦੇ ਸਾਬਤ ਹੋਣ ਮਗਰੋਂ ਕੀਤੀ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਸਤੰਬਰ ਮਹੀਨੇ ਸਰਪੰਚ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਜਾਣਕਾਰੀ ਅਨੁਸਾਰ ਸਰਪੰਚ ਸਤਨਾਮ ਸਿੰਘ ਨੇ ਚੋਣਾਂ ਸਮੇਂ ਆਪਣੇ ਅਪਰਾਧਿਕ ਕੇਸ ਅਤੇ ਅਦਾਲਤੀ ਕੇਸ ਦੀ ਜਾਣਕਾਰੀ ਪ੍ਰਸ਼ਾਸਨ ਤੋਂ ਛੁਪਾਈ ਸੀ। ਪਿੰਡ ਵਾਸੀਆਂ ਨੇ ਇਸ ਮਾਮਲੇ ਦੀ ਜਾਂਚ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਗੂਹਲਾ ਦੇ ਐਸਡੀਐਮ ਨੇ ਜਾਂਚ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਹੀ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਸਰਪੰਚ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਹੁਣ ਸਤਨਾਮ ਸਿੰਘ ਆਉਣ ਵਾਲੀ ਕਿਸੇ ਮੀਟਿੰਗ ਜਾਂ ਕਿਸੇ ਹੋਰ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈ ਸਕਦਾ।