ਸਰਪੰਚ ਅਤੇ ਮਨਰੇਗਾ ਸਕੱਤਰ ’ਤੇ ਕੁੱਟਮਾਰ ਦੇ ਦੋਸ਼
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਜੂਨ
ਸਬ ਡਿਵੀਜ਼ਨ ਦਿੜ੍ਹਬਾ ਅਧੀਨ ਪੈਂਦੇ ਪਿੰਡ ਲਾਡਵੰਜਾਰਾ ਕਲਾਂ ‘ਚ ਮਨਰੇਗਾ ਫੰਡਾਂ ਵਿੱਚ ਕਥਿਤ ਘਪਲੇਬਾਜ਼ੀ ਹੋਣ ਦੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਨੇ ਪਿੰਡ ਦੇ ਸਰਪੰਚ ਅਤੇ ਮਨਰੇਗਾ ਸਕੱਤਰ ਤੇ ਉਸਦੇ ਸਮਰਥਕਾਂ ਉਪਰ ਕੁੱਟਮਾਰ ਕਰਨ ਅਤੇ ਦਸਤਾਰ ਲਾਹ ਕੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼ ਲਗਾਉਂਦਿਆਂ ਜਿੱਥੇ ਵੱਖ-ਵੱਖ ਜਥੇਬੰਦੀਆਂ ਨੂੰ ਇਨਸਾਫ਼ ਲਈ ਹਮਾਇਤ ਦੇਣ ਦੀ ਅਪੀਲ ਕੀਤੀ ਹੈ, ਉੱਥੇ ਸ਼ਿਕਾਇਤ ਦੇ ਬਾਵਜੂਦ ਪੁਲੀਸ ਵੱਲੋਂ ਹਮਲਾ ਕਰਨ ਵਾਲਿਆਂ ‘ਤੇ ਕੋਈ ਕਾਰਵਾਈ ਨਾ ਕਰਨ ਅਤੇ ਉਲਟਾ ਉਸ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੀ ਧੱਕੇਸ਼ਾਹੀ ਖ਼ਿਲਾਫ਼ ਭਲਕੇ 7 ਜੂਨ ਨੂੰ ਥਾਣਾ ਦਿੜ੍ਹਬਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਇੱਥੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਮਨਰੇਗਾ ਫੰਡਾਂ ਵਿੱਚ ਵੱਡਾ ਘਪਲਾ ਸਾਹਮਣੇ ਆਇਆ ਸੀ ਜਿਸ ਸਬੰਧੀ ਕੇਸ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕੋਲ ਚੱਲ ਰਿਹਾ ਹੈ ਜਿਸਦੀ ਰਿਪੋਰਟ 31 ਮਈ 2023 ਨੂੰ ਪਿੰਡ ਵਿੱਚ ਇਕੱਠ ਕਰ ਕੇ ਤਿਆਰ ਹੋਣੀ ਸੀ। ਇਸ ਸਬੰਧੀ ਮਨਰੇਗਾ ਸਕੱਤਰ ਸੋਮਜੀਤ ਸਿੰਘ ਸਮੇਤ ਮਨਰੇਗਾ ਅਫ਼ਸਰ ਨੇ ਪਿੰਡ ‘ਚ ਸਰਕਾਰੀ ਤੌਰ ‘ਤੇ ਇਕੱਠ ਰੱਖਿਆ ਸੀ। ਉਸਨੇ ਦੱਸਿਆ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਵਿਖੇ ਬੁਲਾਏ ਇਕੱਠ ਵਿੱਚ ਪੁੱਜਿਆ ਤਾਂ ਸਰਪੰਚ ਅਤੇ ਮਨਰੇਗਾ ਸਕੱਤਰ ਨੇ ਕਥਿਤ ਸਾਜਿਸ਼ ਨਾਲ ਕੁੱਝ ਵਿਅਕਤੀਆਂ ਵੱਲੋਂ ਉਸ ਉਪਰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ, ਉਸਦੀ ਦਸਤਾਰ ਲਾਹ ਦਿੱਤੀ ਅਤੇ ਕੇਸਾਂ ਦੀ ਬੇਅਦਬੀ ਕੀਤੀ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੈ। ਉਸਨੇ ਦੋਸ਼ ਲਾਇਆ ਕਿ ਇਸਦੇ ਬਾਵਜੂਦ ਪੁਲੀਸ ਵੱਲੋਂ ਹਮਲਾਵਰਾਂ ਖ਼ਿਲਾਫ਼ ਕਥਿਤ ਤੌਰ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਉਲਟਾ ਮਨਰੇਗਾ ਸਕੱਤਰ ਨੇ ਉਸਦੇ ਖ਼ਿਲਾਫ਼ ਡਿਊਟੀ ‘ਚ ਵਿਘਨ ਪਾਉਣ ਅਤੇ ਕਾਰਵਾਈ ਰਜਿਸਟਰ ਪਾੜਨ ਦੀ ਝੂਠੀ ਸ਼ਿਕਾਇਤ ਕਰ ਕੇ ਉਸ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾ ਦਿੱਤਾ।
ਸਰਪੰਚ ਕਸ਼ਮੀਰ ਸਿੰਘ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਬੇਵਜ੍ਹਾ ਦੋਸ਼ ਲਾ ਕੇ ਉਨ੍ਹਾਂ ਨੂੰ ਬਦਨਾਮ ਕਰ ਰਿਹਾ ਹੈ।



