ਸਰਪੰਚ ਵੱਲੋਂ ‘ਆਪ’ ’ਤੇ ਧੋਖੇ ਨਾਲ ਪਾਰਟੀ ’ਚ ਸ਼ਾਮਲ ਕਰਨ ਦੇ ਦੋਸ਼
ਪੱਤਰ ਪ੍ਰੇਰਕ
ਦੀਨਾਨਗਰ, 23 ਜੁਲਾਈ
ਕੋਠੇ ਮਜੀਠੀ ਦੇ ਕਾਂਗਰਸੀ ਸਰਪੰਚ ਦੇਸ ਰਾਜ ਨੇ ‘ਆਪ’ ਆਗੂਆਂ ਵੱਲੋਂ ਉਸ ਨੂੰ ਧੋਖੇ ਨਾਲ ਪਾਰਟੀ ’ਚ ਸ਼ਾਮਲ ਕਰਨ ਦਾ ਦੋਸ਼ ਲਾਉਂਦਿਆਂ ਅੱਜ ਮੁੜ ਕਾਂਗਰਸ ਪਾਰਟੀ ’ਚ ਵਾਪਸੀ ਕੀਤੀ ਹੈ। ਆਪਣੇ ਸਾਥੀਆਂ ਸਣੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕਾ ਅਰੁਣਾ ਚੌਧਰੀ ਦੇ ਘਰ ਪਹੁੰਚ ਕੇ ਸਰਪੰਚ ਦੇਸ ਰਾਜ ਨੇ ਐਲਾਨ ਕੀਤਾ ਕਿ ਉਸ ਨੇ ਨਾ ਕਦੇ ਕਾਂਗਰਸ ਛੱਡੀ ਸੀ ਅਤੇ ਨਾ ਹੀ ਛੱਡੇਗਾ। ਉਸ ਨੇ ਬੀਤੇ ਦਨਿੀਂ ਬਹਿਰਾਮਪੁਰ ਵਿੱਚ ‘ਆਪ’ ਵੱਲੋਂ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਹਾਜ਼ਰੀ ਵਿੱਚ ਉਸ ਨੂੰ ‘ਆਪ’ ਵਿੱਚ ਸ਼ਾਮਲ ਕਰਨ ਨੂੰ ਧੋਖਾ ਕਰਾਰ ਦਿੱਤਾ। ਉਸ ਨੇ ਕਿਹਾ ਕਿ ਉਸ ਨੂੰ ਘਰੋਂ ਇਹ ਕਹਿ ਕੇ ਲਿਜਾਇਆ ਗਿਆ ਕਿ ਗਰਾਂਟ ਦੇ ਚੈੱਕ ਦਿੱਤੇ ਜਾਣੇ ਹਨ। ਸਮਾਗਮ ’ਚ ‘ਆਪ’ ਦੇ ਨਿਸ਼ਾਨ ਪਾ ਕੇ ਮੀਡੀਆ ਵਿੱਚ ਸਰਪੰਚ ਵੱਲੋਂ ਪਾਰਟੀ ਬਦਲਣ ਦੀ ਖ਼ਬਰ ਫੈਲਾਅ ਦਿੱਤੀ ਗਈ।
ਇਸ ਸਬੰਧੀ ਅਸ਼ੋਕ ਚੌਧਰੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਸਚਾਈ ਹੁਣ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ, ਕਿਵੇਂ ਉਹ ਕਾਂਗਰਸੀ ਸਰਪੰਚਾਂ ਨੂੰ ਡਰਾ ਤੇ ਵਰਗਲਾ ਕੇ ਆਪਣੇ ਪ੍ਰੋਗਰਾਮਾਂ ਵਿੱਚ ਲਿਜਾਂਦੇ ਹਨ ਤੇ ਝੂਠੀਆਂ ਖ਼ਬਰਾਂ ਰਾਹੀਂ ਜਨਤਾ ਨੂੰ ਗੁਮਰਾਹ ਕਰਦੇ ਹਨ।
‘ਆਪ’ ਨੇ ਸਰਪੰਚ ਵੱਲੋਂ ਲਾਏ ਦੋਸ਼ ਨਕਾਰੇ
‘ਆਪ’ ਦੇ ਸੀਨੀਅਰ ਆਗੂ ਅਤੇ ਬਲਾਕ ਸਮਿਤੀ ਦੋਰਾਂਗਲਾ ਦੇ ਉੱਪ ਚੇਅਰਮੈਨ ਰਣਜੀਤ ਸਿੰਘ ਰਾਣਾ ਕਠਿਆਲੀ ਨੇ ਸਰਪੰਚ ਦੇਸ ਰਾਜ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਕਿਸੇ ਵੀ ਸਰਪੰਚ ਨੂੰ ਝੂਠ ਬੋਲ ਕੇ ਨਹੀਂ ਬੁਲਾਇਆ ਗਿਆ ਸੀ ਤੇ ਨਾ ਹੀ ਕਿਸੇ ਨੂੰ ਗ੍ਰਾਂਟ ਦਾ ਚੈੱਕ ਵੰਡਣ ਬਾਰੇ ਕਿਹਾ ਗਿਆ ਸੀ।