ਸਰਨਾ ਨੂੰ ਅਕਾਲ ਤਖ਼ਤ ’ਤੇ ਤਲਬ ਕੀਤਾ ਜਾਵੇ: ਕਾਲਕਾ
ਮਨਧੀਰ ਿਸੰਘ ਦਿਓਲ
ਨਵੀਂ ਦਿੱਲੀ, 4 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਕਿਉਂਕਿ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੱਖਰੀ ਤਾਰੀਕ ਨੂੰ ਮਨਾਉਣ ਦੇ ਯਤਨ ਕਰਕੇ ਸੰਗਤਾਂ ’ਚ ਦੁਬਿਧਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅੱਜ ਇਥੇ ਪ੍ਰੈੱਸ ਕਾਨਫਰੰਸ ’ਚ ਕਾਲਕਾ ਤੇ ਕਾਹਲੋ ਨੇ ਕਿਹਾ ਕਿ ਸਾਲ 2002 ਤੋਂ 2012-13 ਤੱਕ ਜਦੋਂ ਤੱਕ ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ, ਉਹ ਦਿੱਲੀ ਦੀ ਸੰਗਤ ਨੂੰ ਗੁੰਮਰਾਹ ਕਰਦੇ ਰਹੇ ਅਤੇ ਦੋ ਦੋ ਸੰਗਰਾਂਦਾਂ ਤੇ ਦੋ-ਦੋ ਗੁਰਪੁਰਬ ਮਨਾਉਂਦੇ ਰਹੇ, ਜੋ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਦੀ ਕਥਿਤ ਉਲੰਘਣਾ ਹੈ। ਦੋਵਾਂ ਆਗੂਆਂ ਨੇ ਕਿਹਾ, ‘‘ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਅੱਜ ਵੀ ਸਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਗੱਲਾਂ ਕਰ ਰਹੇ ਹਨ। ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 19 ਅਕਤੂਬਰ ਨੂੰ ਮਨਾਇਆ ਜਾਣਾ ਹੈ ਪਰ ਇਸ ਦੇ ਉਲਟ ਸਰਨਾ ਨੇ ਕਥਿਤ ਤੌਰ ’ਤੇ 9 ਅਕਤੂਬਰ ਦੀ ਤਰੀਕ ਪਾਕਿਸਤਾਨ ਕਮੇਟੀ ਵੱਲੋਂ ਗੁਰਪੁਰਬ ਮਨਾਉਣ ਲਈ ਤੈਅ ਕਰਵਾ ਦਿੱਤੀ ਹੈ।’’
ਉਨ੍ਹਾਂ ਆਖਿਆ ਕਿ ਪਹਿਲਾਂ ਅਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ ਸੀ। ਹੁਣ ਮੀਡੀਆ ਰਾਹੀਂ ਅਪੀਲ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਚੱਲਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਸਰਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਪੁੱਛਿਆ ਜਾਵੇ ਕਿ ਉਹ ਅਕਾਲੀ ਦਲ ਦੇ ਲੈਟਰਹੈੱਡ ’ਤੇ ਅਜਿਹੀਆਂ ਚਿੱਠੀਆਂ ਲਿਖ ਕਿਉਂ ਲਿਖ ਰਹੇ ਹਨ ਤੇ ਸੰਗਤ ਨੂੰ ਦੁਬਿਧਾ ’ਚ ਕਿਉਂ ਪਾ ਰਹੇ ਹਨ।’’
ਪਰਮਜੀਤ ਸਰਨਾ ਨੇ ਸੰਗਤ ਤੋਂ ਮੁਆਫ਼ੀ ਮੰਗੀ
ਸ਼ੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਫੇਸਬੁੱਕ ’ਤੇ ਵੀਡੀਓ ਜਾਰੀ ਕਰਕੇ ਪਾਕਿਸਤਾਨ ਜਾਣ ਲਈ ਵੀਜ਼ੇ ਹਾਸਲ ਕਰਨ ਸਬੰਧੀ ਆਈ ਸਮੱਸਿਆ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੰਗਤ ਨੂੰ ਹੋਈ ਪ੍ਰੇਸ਼ਾਨੀ ਦਾ ਉਨ੍ਹਾਂ ਨੂੰ ਅਫਸੋਸ ਹੈ। ਸਰਨਾ ਕਿਹਾ ਕਿ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਵੀਜ਼ੇ ਨਾ ਮਿਲਣ ਕਾਰਨ ਹੋਈ ਅਸੁਵਿਧਾ ਲਈ ਸੰਗਤਾਂ ਤੋਂ ਮੁਆਫ਼ੀ ਮੰਗਦੇ ਹਨ। ਉਨ੍ਹਾਂ ਨੇ ਵੀਡੀਓ ਸੁਨੇਹੇ ’ਚ ਆਖਿਆ ਕਿ ਵੀਜ਼ੇ ਲਵਾਉਣ ਲਈ ਸੰਗਤ ਤੋਂ ਇਕੱਤਰ ਕੀਤੇ ਪੈਸੇ ਵੀ ਵਾਪਸ ਕੀਤੇ ਜਾਣਗੇ।