ਸਰਦੂਲਗੜ੍ਹ: ਗ਼ੈਰਕਾਨੂੰਨੀ ਝੋਨੇ ਨੂੰ ਰੋਕਣ ਲਈ ਪੰਜਾਬ ਦੇ 10 ਜ਼ਿਲ੍ਹਿਆਂ ’ਚ 80 ਅੰਤਰਰਾਜੀ ਨਾਕੇ ਲਗਾਏ: ਏਡੀਜੀਪੀ
ਬਲਜੀਤ ਸਿੰਘ
ਸਰਦੂਲਗੜ੍ਹ, 9 ਅਕਤੂਬਰ
ਪੰਜਾਬ ਵਿਚ ਦੂਸਰੇ ਰਾਜਾਂ ’ਚੋਂ ਗੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਪੁਲੀਸ ਵੱਲੋਂ ਮੰਡੀਕਰਨ ਬੋਰਡ ਨਾਲ ਮਿਲਕੇ ਨਾਕੇ ਲਗਾਏ ਗਏ ਹਨ। ਇਹ ਦਾਅਵਾ ਏਡੀਜੀਪੀ ਪੰਜਾਬ ਡਾ. ਨਰੇਸ਼ ਕੁਮਾਰ ਅਰੋੜਾ ਵੱਲੋਂ ਸਰਦੂਲਗੜ੍ਹ-ਸਿਰਸਾ ਰੋਡ ਉੱਪਰ ਪਿੰਡ ਝੰਡਾ ਖੁਰਦ ਵਿਖੇ ਲੱਗੇ ਨਾਕੇ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ’ਚ ਗੈਰ ਕਾਨੂੰਨੀ ਢੰਗ ਨਾਲ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਪੁਲੀਸ ਵੱਲੋਂ ਸੂਬੇ ਦੇ 10 ਜ਼ਿਲ੍ਹਿਆਂ ’ਚ ਦੂਸਰੇ ਰਾਜਾਂ ਨਾਲ ਲੱਗਦੀਆਂ ਹੱਦਾਂ ’ਤੇ ਕਰੀਬ 80 ਨਾਕੇ ਲਗਾਏ ਗਏ ਹਨ, ਜਿਥੇ ਪੁਲੀਸ ਦੇ ਨਾਲ-ਨਾਲ ਮੰਡੀ ਬੋਰਡ ਦੇ ਮੁਲਾਜ਼ਮ ਵੀ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਉਨ੍ਹਾਂ ਕਿਸਾਨਾਂ, ਜਨਿ੍ਹਾਂ ਦੀ ਆੜ੍ਹਤ ਪੰਜਾਬ ਵਿੱਚ ਹੈ, ਨੂੰ ਆਪਣੀ ਫਸਲ ਵੇਚਣ ਲਈ ਮੁਸ਼ਕਲ ਨਹੀਂ ਆਵੇਗੀ, ਕਿਉਂਕਿ ਕਿਸਾਨਾਂ ਦਾ ਸਾਰਾ ਰਿਕਾਰਡ ਆਨ-ਲਾਈਨ ਹੈ। ਇਸ ਲਈ ਜਨਿ੍ਹਾਂ ਕਿਸਾਨਾਂ ਦਾ ਰਿਕਾਰਡ ਪੋਰਟਲ ’ਤੇ ਹੈ, ਉਨ੍ਹਾਂ ਨੂੰ ਨਾਕਿਆਂ ’ਤੇ ਨਹੀਂ ਰੋਕਿਆ ਜਾਵੇਗਾ। ਉਨ੍ਹਾਂ ਪੁਲੀਸ ਨਾਕਿਆਂ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਵੀ ਹਦਾਇਤ ਕੀਤੀ ਕਿ ਕਿਸੇ ਨੂੰ ਵੀ ਨਾਜਾਇਜ਼ ਤੰਗ ਨਾ ਕੀਤਾ ਜਾਵੇ। ਇਸ ਮੌਕੇ ਐੱਸਐੱਸਪੀ ਮਾਨਸਾ ਡਾ. ਨਾਨਕ ਸਿੰਘ, ਐੱਸਪੀ (ਡੀ) ਬਾਲ ਕ੍ਰਿਸ਼ਨ, ਡੀਐੱਸਪੀ ਸਰਦੂਲਗੜ੍ਹ ਪ੍ਰਿਤਪਾਲ ਸਿੰਘ ਅਤੇ ਐੱਸਐੱਚਓ ਬਿਕਰਮਜੀਤ ਸਿੰਘ ਮੌਜੂਦ ਸਨ।