ਸੁਰੀਲੇ ਸੁਰਾਂ ਦਾ ਸਿਰਜਕ ਸਰਦਾਰ ਮਲਿਕ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਵੀਹਵੀਂ ਸਦੀ ਦੇ ਨੌਵੇਂ ਦਹਾਕੇ ਤੱਕ ਬੌਲੀਵੁੱਡ ਦਾ ਸੰਗੀਤ ਉੱਚਕੋਟੀ ਦਾ ਅਤੇ ਯਾਦਗਾਰ ਰਿਹਾ ਸੀ। ਉਸ ਤੋਂ ਬਾਅਦ ਹਰੇਕ ਦਹਾਕੇ ਵਿੱਚ ਕੇਵਲ ਚੰਦ ਕੁ ਸੁਰੀਲੀਆਂ ਤੇ ਚੇਤਿਆਂ ’ਚ ਵਸਾਉਣ ਯੋਗ ਸੰਗੀਤਕ ਰਚਨਾਵਾਂ ਸਾਹਮਣੇ ਆਈਆਂ ਹਨ। ਅਜੋਕੇ ਬੌਲੀਵੁੱਡ ਫਿਲਮ ਸੰਗੀਤ ਵਿੱਚ ਸ਼ੋਰ ਜ਼ਿਆਦਾ ਤੇ ਸੁਰੀਲਾਪਣ ਘੱਟ ਹੈ। ਅੱਜ ਸੰਗੀਤ ਨੂੰ ਦਿਲਕਸ਼ ਅਤੇ ਯਾਦਗਾਰੀ ਬਣਾਉਣ ਦੀ ਥਾਂ ਸੰਗੀਤਕਾਰਾਂ ਦਾ ਧਿਆਨ ‘ਬੀਟ’ ਰਚ ਕੇ ਦਰਸ਼ਕਾਂ ਤੇ ਸਰੋਤਿਆਂ ਨੂੰ ਨਚਾਉਣ ਵੱਲ ਜ਼ਿਆਦਾ ਹੈ।
ਅੱਜ ਫਿਲਮਾਂ ਦੀ ਸਫਲਤਾ ਦਾ ਪੈਮਾਨਾ ਉਨ੍ਹਾਂ ਦੁਆਰਾ ਕੀਤੀ ਕੁੱਲ ਕਮਾਈ ਬਣ ਗਿਆ ਹੈ। ਆਲਮ ਇਹ ਹੈ ਕਿ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੀ ਕਮਾਈ ਕਰਨ ਵਾਲੀਆਂ ਅਖੌਤੀ ‘ਸਫਲ’ ਫਿਲਮਾਂ ਦਾ ਇੱਕ ਵੀ ਗੀਤ, ਗੀਤਕਾਰੀ ਜਾਂ ਸੰਗੀਤ ਪੱਖੋਂ ਸਾਂਭਣਯੋਗ ਜਾਂ ਯਾਦ ਰੱਖਣ ਯੋਗ ਨਹੀਂ ਹੈ ਪਰ ਇੱਕ ਜ਼ਮਾਨਾ ਸੀ ਜਦੋਂ ਬੌਲੀਵੁੱਡ ਵਿੱਚ ਨੌਸ਼ਾਦ, ਸ਼ੰਕਰ-ਜੈ ਕਿਸ਼ਨ, ਮਦਨ ਮੋਹਨ, ਲਕਸ਼ਮੀਕਾਂਤ-ਪਿਆਰੇ ਲਾਲ, ਸੀ. ਰਾਮਚੰਦਰ, ਐੱਸ.ਡੀ. ਬਰਮਨ, ਆਰ.ਡੀ. ਬਰਮਨ, ਰੌਸ਼ਨ, ਅਨਿਲ ਬਿਸਵਾਸ, ਓ.ਪੀ. ਨਈਅਰ, ਰਵੀ, ਖੇਮਚੰਦ ਪ੍ਰਕਾਸ਼, ਖ਼ੱਯਾਮ, ਹੰਸਰਾਜ ਬਹਿਲ ਅਤੇ ਹੁਸਨ ਲਾਲ ਭਗਤ ਰਾਮ ਜਿਹੇ ਸੂਝਵਾਨ ਤੇ ਸੰਗੀਤ ਦੇ ਗੂੜ੍ਹ-ਗਿਆਤਾ ਸੰਗੀਤ ਨਿਰਦੇਸ਼ਕ ਮੌਜੂਦ ਸਨ। ਉਨ੍ਹਾਂ ਦੇ ਰਚੇ ਹਜ਼ਾਰਾਂ ਗੀਤ ਸਦਾ ਲੋਕਾਂ ਦੀ ਜ਼ੁਬਾਨ ’ਤੇ ਰਿਹਾ ਕਰਦੇ ਸਨ। ਅੱਜ ਵੀ ਟੀ.ਵੀ. ’ਤੇ ਚੱਲਦੇ ਵੱਖ-ਵੱਖ ਸੰਗੀਤਕ ਮੁਕਾਬਲਿਆਂ ਵਾਲੇ ਪ੍ਰੋਗਰਾਮਾਂ ਵਿੱਚ ਜ਼ਿਆਦਾਤਰ ਪ੍ਰਤੀਯੋਗੀ ਆਪੋ ਆਪਣੀ ਸੰਗੀਤ ਕਲਾ ਦਾ ਪ੍ਰਗਟਾਵਾ ਕਰਨ ਲਈ ਉਕਤ ਸੰਗੀਤਕਾਰਾਂ ਦੇ ਰਚੇ ਗੀਤ ਗਾਉਣ ਨੂੰ ਹੀ ਪਹਿਲ ਦਿੰਦੇ ਹਨ। ਉਕਤ ਮਹਾਨ ਸੰਗੀਤਕਾਰਾਂ ਦੀ ਤਰ੍ਹਾਂ ਹੀ ਇੱਕ ਹੋਰ ਸੰਗੀਤ ਨਿਰਦੇਸ਼ਕ ਵੀ ਬੌਲੀਵੁੱਡ ਦੀ ਸ਼ਾਨ ਹੋਇਆ ਕਰਦਾ ਸੀ ਤੇ ਉਹ ਸੰਗੀਤ ਨਿਰਦੇਸ਼ਕ ਸੀ ਸਰਦਾਰ ਮਲਿਕ।
ਉਸ ਨੇ ਬੌਲੀਵੁੱਡ ਨੂੰ ‘ਠੋਕਰ’, ‘ਔਲਾਦ’, ‘ਆਬੇ-ਹਯਾਤ’, ‘ਮੇਰਾ ਘਰ ਮੇਰੇ ਬੱਚੇ’, ‘ਸਾਰੰਗਾ’, ‘ਬਚਪਨ’, ‘ਸਟੇਜ’, ‘ਮਹਾਰਾਣੀ ਪਦਮਿਨੀ’, ‘ਜੰਤਰ-ਮੰਤਰ’, ‘ਚੋਰ ਬਾਜ਼ਾਰ’, ‘ਲੈਲਾ ਮਜਨੂੰ’, ‘ਨਾਗ ਮੋਹਿਨੀ’, ‘ਨਾਗ ਜੋਤੀ’, ‘ਰੂਪ ਸੁੰਦਰੀ’, ‘ਟੈਕਸੀ 555’, ‘ਚਮਕ ਚਾਂਦਨੀ’, ‘ਰੇਨੂਕਾ’, ‘ਰਾਜ਼’ ਅਤੇ ‘ਮਾਂ ਕੇ ਆਂਸੂ’ ਜਿਹੀਆਂ ਕਈ ਹੋਰ ਬੇਹੱਦ ਸਫਲ ਤੇ ਸੰਗੀਤ ਭਰਪੂਰ ਫਿਲਮਾਂ ਦਿੱਤੀਆਂ। ਸਰਦਾਰ ਮਲਿਕ ਦਾ ਜਨਮ 13 ਜਨਵਰੀ, 1925 ਨੂੰ ਪੰਜਾਬ ਦੇ ਸ਼ਹਿਰ ਕਪੂਰਥਲਾ ਵਿਖੇ ਹੋਇਆ ਸੀ। ਉਸ ਨੂੰ ਨਿੱਕੀ ਉਮਰੇ ਹੀ ਸੰਗੀਤ ਦੀ ਚੇਟਕ ਲੱਗ ਗਈ ਸੀ ਤੇ ਉਸ ਨੇ ਸੰਗੀਤ ਦੀ ਬਾਕਾਇਦਾ ਤਾਲੀਮ ਹਾਸਿਲ ਕਰਕੇ ਬੌਲੀਵੁੱਡ ਵਿੱਚ ਕਦਮ ਰੱਖਿਆ ਸੀ। 1945 ਦੇ ਆਸਪਾਸ ਉਸ ਨੇ ਆਪਣੇ ਸੰਗੀਤਕ ਸਫਰ ਦਾ ਆਗਾਜ਼ ਕੀਤਾ ਸੀ ਤੇ ਲਗਪਗ ਛੇ ਸੌ ਦੇ ਕਰੀਬ ਗੀਤਾਂ ਨੂੰ ਸੰਗੀਤਬੱਧ ਕਰਨ ਦੀ ਸੇਵਾ ਬਾਖ਼ੂਬੀ ਨਿਭਾਈ ਸੀ।
ਦਿਲਚਸਪ ਗੱਲ ਹੈ ਕਿ ਉਹ ਕੱਥਕ, ਭਰਤ ਨਾਟਿਅਮ ਅਤੇ ਮਣੀਪੁਰੀ ਨਾਚਾਂ ਵਿੱਚ ਵੀ ਪ੍ਰਵੀਨ ਸੀ। ਉਸ ਨੇ ਉੱਤਰ ਪ੍ਰਦੇਸ਼ ਦੇ ਅਲਮੋੜਾ ਸਥਿਤ ‘ਇੰਡੀਆ ਕਲਚਰਲ ਸੈਂਟਰ’ ਦੇ ਸੰਚਾਲਕ ਪੰਡਿਤ ਉਦੈ ਸ਼ੰਕਰ ਦੀ ਅਗਵਾਈ ਵਿੱਚ ਉਕਤ ਨਾਚ ਸਿੱਖੇ ਸਨ ਤੇ ਉਹ ਪੰਡਿਤ ਜੀ ਦਾ ਸਭ ਤੋਂ ਮਨਪਸੰਦ ਸ਼ਾਗਿਰਦ ਵੀ ਬਣਿਆ। ਇਸੇ ਹੀ ਕੇਂਦਰ ਵਿਖੇ ਸਰਦਾਰ ਮਲਿਕ ਨੇ ਉਸਤਾਦ ਅਲਾਊਦੀਨ ਖ਼ਾਨ ਤੋਂ ਸ਼ਾਸਤਰੀ ਸੰਗੀਤ ਦੀ ਦਾਤ ਵੀ ਹਾਸਿਲ ਕੀਤੀ ਸੀ। ਇਸੇ ਕੇਂਦਰ ਵਿੱਚ ਹੀ ਮਲਿਕ ਦੀ ਮੁਲਾਕਾਤ ਗੁਰੂਦੱਤ ਨਾਲ ਵੀ ਹੋਈ ਸੀ ਜੋ ਇੱਥੇ ਨਾਚ ਕਲਾ ਦੀ ਸਿਖਲਾਈ ਲਿਆ ਕਰਦੇ ਸਨ। ਪੰਡਿਤ ਉਦੈ ਸ਼ੰਕਰ ਨੇ ਗੁਰੂਦੱਤ ਅਤੇ ਸਰਦਾਰ ਮਲਿਕ ਜਿਹੇ ਆਪਣੇ ਹੋਣਹਾਰ ਸ਼ਾਗਿਰਦਾਂ ਦਾ ਕਲਾ ਪ੍ਰਤੀ ਸਮਰਪਣ ਵੇਖ ਕੇ ਉਦੋਂ ਹੀ ਇਹ ਭਵਿੱਖਬਾਣੀ ਕਰ ਦਿੱਤੀ ਸੀ ਕਿ ਇਹ ਦੋਵੋਂ ਇੱਕ ਦਿਨ ਫਿਲਮ ਜਗਤ ਵਿੱਚ ਜਾਣਗੇ ਅਤੇ ਚੋਖਾ ਨਾਮ ਕਮਾਉਣਗੇ। ਉਨ੍ਹਾਂ ਦੀ ਇਹ ਭਵਿੱਖਬਾਣੀ ਸੱਚ ਸਾਬਿਤ ਹੋਈ। ਗੁਰੂਦੱਤ ਅਤੇ ਸਰਦਾਰ ਮਲਿਕ ਦੋਵਾਂ ਨੇ ਬਤੌਰ ਕੋਰਿਓਗ੍ਰਾਫ਼ਰ ਆਪਣੇ ਕਰੀਅਰ ਦੀ ਸ਼ੁਰੂਆਤ ਬੌਲੀਵੁੱਡ ਵਿੱਚ ਕੀਤੀ ਸੀ ਤੇ ਉਪਰੰਤ ਗੁਰੂਦੱਤ ਅਦਾਕਾਰੀ ਅਤੇ ਨਿਰਦੇਸ਼ਨ ਵਾਲੇ ਪਾਸੇ ਚਲਾ ਗਿਆ ਅਤੇ ਸਰਦਾਰ ਮਲਿਕ ਨੇ ਗਾਇਨ ਅਤੇ ਸੰਗੀਤ ਨਿਰਦੇਸ਼ਨ ਵਿੱਚ ਅੱਗੇ ਵਧਣਾ ਸ਼ੁਰੂ ਕਰ ਦਿੱਤਾ।
ਬਤੌਰ ਸੰਗੀਤ ਨਿਰਦੇਸ਼ਕ ਸਰਦਾਰ ਮਲਿਕ ਦੀ ਪਹਿਲੀ ਹਿੰਦੀ ਫਿਲਮ ‘ਰੇਣੂਕਾ’ ਸੀ ਜੋ 1947 ਵਿੱਚ ਬਣੀ ਸੀ। ਇਸ ਫਿਲਮ ਵਿੱਚ ਉਸ ਨੇ ਬਤੌਰ ਗਾਇਕ ਦੋ ਗੀਤ ਗਾਏ ਵੀ ਸਨ। 1949 ਵਿੱਚ ਆਈ ਉਸ ਦੀ ਫਿਲਮ ‘ਰਾਜ਼’ ਆਪਣੇ ਸੁਰੀਲੇ ਸੰਗੀਤ ਸਦਕਾ ਬੇਹੱਦ ਸਫਲ ਰਹੀ ਸੀ। ਇਸ ਫਿਲਮ ਦੇ ‘ਨਹੀਂ ਭਾਏ ਬੀਚ ਕੀ ਬਾਤ ਸਜਨਵਾ’, ‘ਸਮਯ ਕਾ ਚੱਕਰ ਸੌ ਬਲ ਖਾਏ’ ਅਤੇ ‘ਕਹੇ ਕੁਛ ਕਰੇ ਕੁਛ ਔਰ’ ਆਦਿ ਗੀਤ ਤਾਂ ਬੇਹੱਦ ਮਕਬੂਲ ਹੋਏ ਸਨ। 1953 ਵਿੱਚ ਆਈ ਸ਼ੰਮੀ ਕਪੂਰ-ਨੂਤਨ ਦੀ ਅਦਾਕਾਰੀ ਨਾਲ ਸਜੀ ਫਿਲਮ ‘ਲੈਲਾ ਮਜਨੂੰ’ ਲਈ ਸਰਦਾਰ ਮਲਿਕ ਨੇ ਅਰਬੀ ਸ਼ੈਲੀ ਵਿੱਚ ਗੀਤਾਂ ਨੂੰ ਸੰਗੀਤਬੱਧ ਕੀਤਾ ਸੀ ਤੇ ਇਸ ਫਿਲਮ ਦੇ ਗੀਤ ‘ਚਲ ਦੀਆ ਕਾਰਵਾਂ’, ‘ਬਹਾਰੋਂ ਕੀ ਦੁਨੀਆ ਪੁਕਾਰੇ ਤੂ ਆ ਜਾ’, ‘’ਦੇਖ ਲੀ ਇਸ਼ਕ ਤੇਰੀ ਮਿਹਰਬਾਨੀ ਦੇਖ ਲੀ’ ਤਾਂ ਗਲੀ-ਗਲੀ ਗੂੰਜੇ ਸਨ। ਇਸੇ ਤਰ੍ਹਾਂ 1953 ਵਿੱਚ ਬਣੀ ਫਿਲਮ ‘ਠੋਕਰ’ ਦੇ ਗੀਤ ਵੀ ਲੋਕ ਮਨਾਂ ’ਚ ਵੱਸ ਗਏ ਸਨ। ਸਰਦਾਰ ਮਲਿਕ ਦੇ ਸੁਰੀਲੇ ਗੀਤਾਂ ਦੀ ਲੰਮੀ ਸੂਚੀ ਵਿੱਚ ‘ਹੂਈ ਹਮਸੇ ਯੇ ਨਾਦਾਨੀ’, ‘ਦਰ ਦਰ ਕੀ ਠੋਕਰੇਂ’, ‘ਤੇਰੇ ਦਰ ਪੇ ਆਇਆ ਹੂੰ ਫਰਿਆਦ ਲੇਕਰ’, ‘ਇਕ ਪਰਦੇਸੀ ਮੇਰੇ ਮਨ ਮੇਂ ਸਮਾਇਆ ਹੌਲੇ ਹੌਲੇ’, ‘ਭੌਰ ਭਈ ਔਰ ਪੰਛੀ ਜਾਗੇ’, ‘ਕੋਈ ਚਾਂਦ ਕੋਈ ਤਾਰਾ’, ‘ਇਨ ਆਂਖੋਂ ਨੇ ਉਨ ਕੋ ਨਹੀਂ ਦੇਖਾ ਕਈ ਦਿਨ ਸੇ’, ‘ਕਿਸੀ ਸੇ ਆਂਖ ਲੜੀ ਬੜੀ ਮੁਸ਼ਕਿਲ ਪੜੀ’, ‘ਸਾਰੰਗਾ ਤੇਰੀ ਯਾਦ ਮੇਂ ਨੈਨ ਹੂਏ ਬੇਚੈਨ’, ‘ਹਾਂ ਦੀਵਾਨਾ ਹੂੰ ਮੈਂ ਗ਼ਮ ਕਾ ਮਾਰਾ ਹੂਆ’, ‘ਪੀਆ ਕੈਸੇ ਮਿਲੂੰ ਤੁਝਸੇ ਪਾਂਵ ਮੇਂ ਬੜੀ ਜੰਜ਼ੀਰ’ ਆਦਿ ਗੀਤਾਂ ਦਾ ਜ਼ਿਕਰ ਵਿਸ਼ੇਸ਼ ਤੌਰ ’ਤੇ ਕਰਨਾ ਬਣਦਾ ਹੈ। 1965 ਵਿੱਚ ਆਈ ਫਿਲਮ ‘ਪਾਂਚ ਰਤਨ’ ਉਸ ਦੀ ਆਖਰੀ ਫਿਲਮ ਸੀ।
ਸਰਦਾਰ ਮਲਿਕ ਨੇ ਮੁਹੰਮਦ ਰਫ਼ੀ, ਮੁਕੇਸ਼, ਤਲਤ ਮਹਿਮੂਦ, ਲਤਾ ਮੰਗੇਸ਼ਕਰ, ਸੁਮਨ ਕਲਿਆਣਪੁਰ ਅਤੇ ਆਸ਼ਾ ਭੌਸਲੇ ਜਿਹੇ ਗਾਇਕਾਂ ਦੇ ਕਰੀਅਰ ਨੂੰ ਉਚੇਰੀ ਉਡਾਣ ਬਖ਼ਸ਼ੀ ਸੀ ਪਰ 1955 ਤੋਂ ਬਾਅਦ ਉਸ ਦਾ ਆਪਣਾ ਕਰੀਅਰ ਢਲਾਣ ਵੱਲ ਨੂੰ ਤੁਰ ਪਿਆ ਸੀ। 1955 ਤੋਂ 1960 ਤੱਕ ਉਸ ਨੂੰ ਕੇਵਲ ਪੰਜ ਫਿਲਮਾਂ ਹੀ ਮਿਲੀਆਂ ਸਨ। ਇਸ ਤੋਂ ਬਾਅਦ ਉਸ ਨੂੰ ‘ਬੀ ਗ੍ਰੇਡ’ ਫਿਲਮਾਂ ਲਈ ਵੀ ਸੰਗੀਤ ਨਿਰਦੇਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਸੀ। ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਕੇ ਇੱਕ ਦਿਨ ਉਸ ਨੇ ਆਪਣੇ ਗੀਤਾਂ ਦੇ ਰਿਕਾਰਡ ਦਰਿਆ ਵਿੱਚ ਸੁੱਟ ਦਿੱਤੇ ਸਨ। ਉਹ ਬੜੇ ਹੀ ਸਵੈਮਾਣ ਵਾਲਾ ਸ਼ਖ਼ਸ ਸੀ। ਬੇਸ਼ੱਕ ਸਾਹਿਰ ਲੁਧਿਆਣਵੀ, ਹਸਰਤ ਜੈਪੁਰੀ ਅਤੇ ਉਕਤ ਨਾਮਵਰ ਗਾਇਕ ਉਸ ਦੇ ਕਦਰਦਾਨ ਸਨ ਪਰ ਫਿਰ ਵੀ ਆਪਣੇ ਬੁਰੇ ਦਿਨਾਂ ਵਿੱਚ ਉਸ ਨੇ ਕਿਸੇ ਕੋਲੋਂ ਵੀ ਮਦਦ ਨਹੀਂ ਮੰਗੀ ਸੀ। 1977 ਵਿੱਚ ਅਦਾਕਾਰ ਪ੍ਰੇਮਨਾਥ ਨੇ ਆਪਣੀ ਪੰਜਾਬੀ ਫਿਲਮ ‘ਗਿਆਨੀ ਜੀ’ ਲਈ ਸਰਦਾਰ ਮਲਿਕ ਤੋਂ ਸੰਗੀਤ ਤਿਆਰ ਕਰਵਾਇਆ ਸੀ ਪਰ ਇਸ ਫਿਲਮ ਤੋਂ ਬਾਅਦ ਉਹ ਗੁਮਨਾਮੀ ਦੇ ਹਨੇਰਿਆਂ ਵਿੱਚ ਚਲਾ ਗਿਆ ਸੀ।
ਸਰਦਾਰ ਮਲਿਕ ਦਾ ਵਿਆਹ ਬੌਲੀਵੁੱਡ ਦੇ ਨਾਮਵਰ ਗੀਤਕਾਰ ਹਸਰਤ ਜੈਪੁਰੀ ਦੀ ਭੈਣ ਬੀਬੀ ਬਿਲਕੀਸ ਨਾਲ ਹੋਇਆ ਸੀ ਤੇ ਉਸ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਬੌਲੀਵੁੱਡ ਵਿੱਚ ਆਪਣੇ ਮਨਮੋਹਕ ਸੰਗੀਤ ਲਈ ਜਾਣੇ ਜਾਂਦੇ ਸੰਗੀਤ ਨਿਰਦੇਸ਼ਕ ਅਨੂ ਮਲਿਕ, ਡੱਬੂ ਮਲਿਕ ਅਤੇ ਅੱਬੂ ਮਲਿਕ ਜਿਹੇ ਹੋਣਹਾਰ ਸਪੂਤ ਵੀ ਸਰਦਾਰ ਮਲਿਕ ਦੀ ਬੌਲੀਵੁੱਡ ਨੂੰ ਵੱਡੀ ਦੇਣ ਹਨ। 2000 ਵਿੱਚ ਰਿਲੀਜ਼ ਹੋਈ ਫਿਲਮ ‘ਰਫਿਊਜੀ’ ਦਾ ਮਨਮੋਹਕ ਸੰਗੀਤ ਸਿਰਜਣ ਲਈ ਅਨੂ ਮਲਿਕ ਨੂੰ ਸਰਬੋਤਮ ਸੰਗੀਤ ਨਿਰਦੇਸ਼ਕ ਦਾ ਨੈਸ਼ਨਲ ਐਵਾਰਡ ਪ੍ਰਦਾਨ ਕੀਤਾ ਗਿਆ ਸੀ ਤੇ ਉਸ ਸਮਾਗਮ ਵਿੱਚ ਸਰਦਾਰ ਮਲਿਕ ਆਪਣੇ ਬੇਟੇ ਅਨੂ ਮਲਿਕ ਨਾਲ ਆਖਰੀ ਵਾਰ ਜਨਤਕ ਤੌਰ ’ਤੇ ਵੇਖੇ ਗਏ ਸਨ। 27 ਜਨਵਰੀ, 2006 ਨੂੰ ਮੁੰਬਈ ਵਿਖੇ ਉਸ ਦਾ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
ਸੰਪਰਕ: 97816-46008