ਸਰਬੱਤ ਦਾ ਭਲਾ ਟਰੱਸਟ ਨੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ
ਸੰਜੀਵ ਬੱਬੀ
ਚਮਕੌਰ ਸਾਹਿਬ, 23 ਨਵੰਬਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ 3 ਲੱਖ 10 ਹਜ਼ਾਰ ਰੁਪਏ ਦੀ ਵਜ਼ੀਫਾ ਰਕਮ ਵੰਡੀ ਗਈ। ਇਹ ਵਿੱਤੀ ਮਦਦ ਆਰਥਿਕ ਪੱਖੋਂ ਕਮਜ਼ੋਰ, ਮਾਂ ਜਾਂ ਬਾਪ ਵਿਹੂਣੇ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਅਕਾਦਮਿਕ ਗੁਣਵੱਤਾ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਗਈ। ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਟਰੱਸਟ ਵੱਲੋਂ ਪਟਿਆਲਾ ਯੂਨਿਟ ਦੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਡਾਇਰੈਕਟਰ ਆਫ਼ ਐਜੂਕੇਸ਼ਨ ਆਫ਼ ਸਰਬੱਤ ਦਾ ਭਲਾ ਟਰੱਸਟ ਇੰਦਰਜੀਤ ਕੌਰ ਗਿੱਲ ਨੇ ਖ਼ੁਦ ਵਿਦਿਆਰਥੀਆਂ ਨੂੰ ਸਹਾਇਤਾ ਰਕਮ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਟਰੱਸਟ ਦੇ ਸੰਸਥਾਪਕ ਡਾ. ਓਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ। ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ, ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਡਾ. ਓਬਰਾਏ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਕਾਜਲ ਦੇ 35 ਵਿਦਿਆਰਥੀਆਂ ਨੂੰ ਵਜ਼ੀਫਾ ਰਕਮ ਵੰਡੀ ਗਈ ਹੈ। ਇਸ ਮੌਕੇ ਪ੍ਰੋ. ਸੁਨੀਤਾ ਰਾਣੀ, ਪ੍ਰੋ. ਗੁਰਲਾਲ ਸਿੰਘ, ਪ੍ਰੋ. ਪ੍ਰਿਤਪਾਲ ਸਿੰਘ, ਪ੍ਰੋ. ਇੰਦੂ ਬਾਲਾ ਅਤੇ ਪ੍ਰੋ. ਅਮਰਜੀਤ ਸਿੰਘ ਆਦਿ ਹਾਜ਼ਰ ਸਨ।