ਸਰਬੱਤ ਦਾ ਭਲਾ ਟਰੱਸਟ ਨੇ ਸਰਟੀਫਿਕੇਟ ਤੇ ਚੈੱਕ ਵੰਡੇ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 13 ਅਕਤੂਬਰ
ਸਰਬੱਤ ਦਾ ਭਲਾ ਟਰੱਸਟ ਫ਼ਤਹਿਗੜ੍ਹ ਸਾਹਿਬ ਵੱਲੋਂ ਪਿੰਡ ਤਰਖਾਣ ਮਾਜਰਾ ਵਿੱਚ 23 ਸਿਲਾਈ ਸਿਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਮੀਤ ਪ੍ਰਧਾਨ ਜੈ ਕਿਸ਼ਨ, ਸਕੱਤਰ ਪਰਮਜੀਤ ਸਿੰਘ ਹਰੀਪੁਰ, ਗੁਰਮੁਖ ਸਿੰਘ ਕਲੇਵਾਲ, ਮਾਸਟਰ ਹਰਜੀਤ ਸਿੰਘ, ਸਾਬਕਾ ਚੇਅਰਮੈਨ ਮਨਦੀਪ ਸਿੰਘ, ਮਾਸਟਰ ਹਰਮੇਸ਼ ਸਿੰਘ ਅਤੇ ਦਫ਼ਤਰ ਇੰਚਾਰਜ ਜਸਵੰਤ ਸਿੰਘ ਨੇ ਟਰੱਸਟ ਦੇ ਮੈਨੇਜਿਗ ਟਰੱਸਟੀ ਡਾ. ਐੱਸਪੀ ਐੱਸ ਉਬਰਾਏ ਦੇ ਕੀਤੇ ਜਾ ਰਹੇ ਮਾਨਵ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਟਰੱਸਟ ਵੱਲੋਂ ਮਹੀਨਾਵਾਰ 150 ਦੇ ਕਰੀਬ ਲੋੜਵੰਦਾਂ, ਵਿਧਵਾਵਾਂ, ਅੰਗਹੀਣਾਂ ਅਤੇ ਵੱਖ-ਵੱਖ ਬਿਮਾਰੀਆਂ ਨਾਲ ਪੀੜਤਾਂ ਨੂੰ ਸਹਾਇਤਾ ਰਕਮ ਦੇ ਚੈੱਕ ਵੀ ਵੰਡੇ ਗਏ। ਇਸ ਮੌਕੇ ਸਕੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਲਦੀ ਹੀ ਹੋਰ ਸਿਲਾਈ ਸੈਂਟਰ ਵੀ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟਰੱਸਟ ਦੇ ਬਾਨੀ ਡਾ. ਉਬਰਾਏ ਵੱਲੋਂ ਗੁਰੂ ਨਾਨਕ ਦੇਵ ਵੱਲੋਂ ਦਿੱਤੇ ਫਲਸਫੇ ਅਨੁਸਾਰ ਨਾਮ ਜਪੋ, ਕਿਰਤ ਕਰੋ, ਵੰਡ ਛੱਕੋ ਦੀ ਪਾਲਣਾ ਕਰਦੇ ਹੋਏ ਅਨੇਕਾਂ ਸਮਾਜ ਭਲਾਈ ਦੇ ਕੰਮ ਕਰਵਾਏ ਜਾ ਰਹੇ ਹਨ। ਇਸ ਮੌਕੇ ਸਿਲਾਈ ਅਧਿਆਪਕਾ ਕੇਸਰੀ ਕੌਰ ਵੀ ਮੌਜੂਦ ਸੀ।