ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਛੇ ਪਾਕਿਸਤਾਨੀਆਂ ਦੀ ਜਾਨ ਬਚਾਈ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਫਰਵਰੀ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸਪੀ ਸਿੰਘ ਓਬਰਾਏ ਨੇ ਜਲੰਧਰ ਸ਼ਹਿਰ ਨਾਲ ਸਬੰਧਤ ਇੱਕ ਨੌਜਵਾਨ ਦੇ ਕਤਲ ਕੇਸ ਵਿੱਚ ਸਜ਼ਾ ਯਾਫ਼ਤਾ ਛੇ ਪਾਕਿਸਤਾਨੀ ਨੌਜਵਾਨਾਂ ਨੂੰ ਬਚਾਉਣ ਵਿੱਚ ਮਦਦ ਕੀਤੀ ਹੈ। ਇਸ ਸਬੰਧੀ ਡਾ. ਓਬਰਾਏ ਨੇ ਦੱਸਿਆ ਕਿ 22 ਮਈ 2019 ਨੂੰ ਜਲੰਧਰ ਦੇ ਕੁਲਦੀਪ ਸਿੰਘ ਦਾ ਸ਼ਾਰਜਾਹ ਵਿੱਚ ਕਤਲ ਹੋਇਆ ਸੀ ਅਤੇ ਛੇ ਪਾਕਿਸਤਾਨੀ ਨੌਜਵਾਨ ਅਲੀ ਹਸਨ, ਮੁਹੰਮਦ ਸ਼ਾਕਿਰ, ਆਫ਼ਤਾਬ ਗੁਲਾਮ, ਮੁਹੰਮਦ ਕਾਮਰਾਨ, ਮੁਹੰਮਦ ਓਮਰ ਵਾਹਿਦ ਤੇ ਸਈਦ ਹਸਨ ਸ਼ਾਹ ਨੂੰ ਕਤਲ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਬਲੱਡ ਮਨੀ ਦੇ ਕੇ ਆਪਣੇ ਪੁੱਤਰਾਂ ਦੀ ਜਾਨ ਬਖ਼ਸ਼ਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕੁਲਦੀਪ ਦੇ ਮਾਤਾ-ਪਿਤਾ ਅਤੇ ਪਤਨੀ ਕਿਰਨਦੀਪ ਕੌਰ ਨੂੰ ਮਨਾਉਣ ਦਾ ਯਤਨ ਕੀਤਾ ਗਿਆ ਸੀ ਪਰ ਸਫ਼ਲਤਾ ਨਹੀਂ ਮਿਲੀ।
ਇਸ ਕੇਸ ਵਿੱਚ ਸ੍ਰੀ ਓਬਰਾਏ ਨੇ ਆਪਣੇ ਵਕੀਲਾਂ ਰਾਹੀਂ ਛੇ ਨੌਜਵਾਨਾਂ ਲਈ ਬਲੱਡ ਮਨੀ ਦੇ ਬਣਦੇ 2.10 ਲੱਖ ਦਿਰਹਮ (ਕਰੀਬ 48 ਲੱਖ ਰੁਪਏ) ਅਦਾਲਤ ਵਿੱਚ ਜਮ੍ਹਾਂ ਕਰਵਾਏ ਸਨ, ਜਿਸ ਮਗਰੋਂ ਅਦਾਲਤ ਨੇ ਉਕਤ ਨੌਜਵਾਨਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ ਅਤੇ ਕੁਝ ਦਿਨਾਂ ਵਿੱਚ ਇਹ ਨੌਜਵਾਨ ਸਹੀ ਸਲਾਮਤ ਆਪੋ-ਆਪਣੇ ਘਰਾਂ ਨੂੰ ਪਰਤ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਸਬੰਧਤ ਪੀੜਤ ਪਰਿਵਾਰ ਦੀ ਆਪਸੀ ਸਹਿਮਤੀ ਹੋ ਜਾਂਦੀ ਹੈ ਤਾਂ ਉਹ ਅਦਾਲਤ ਵਿੱਚ ਜਮ੍ਹਾਂ ਹੋਈ ਰਕਮ ਦਿਵਾਉਣ ਵਿੱਚ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ।