ਸਰਬਾਲੇ ਦੇ ਹੱਥ ਗਾਨੇ ਵੀਰਾ...
ਸਰਬਾਲਾ ਬੇਸ਼ੱਕ ਅੱਜ ਵੀ ਹਰ ਬਰਾਤ ਵਿੱਚ ਲਾੜੇ ਦੇ ਨਾਲ ਦੇਖਣ ਨੂੰ ਮਿਲ ਜਾਂਦਾ ਹੈ ਪਰ ਅੱਜ ਇਹ ਇੱਕ ਰਸਮ ਪੂਰੀ ਕਰਨ ਵਾਲਾ ਪਾਤਰ ਹੀ ਬਣ ਕੇ ਰਹਿ ਗਿਆ ਹੈ। ਕੁਝ ਪਿੱਛੇ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਲਾੜੇ ਦੇ ਨਾਲ ਸਰਬਾਲੇ ਦੇ ਸਾਥ ਦਾ ਇੱਕ ਖ਼ਾਸ ਮਕਸਦ ਵੀ ਹੁੰਦਾ ਸੀ ਅਤੇ ਉਸ ਦਾ ਮਹੱਤਵ ਵੀ ਕਾਫ਼ੀ ਸੀ।
ਵਿਆਹ ਦੀ ਪ੍ਰਥਾ ਦੇ ਆਰੰਭ ਵੱਲ ਜਾਈਏ ਤਾਂ ਇਹ ਉਹ ਸਮਾਂ ਸੀ ਜਦੋਂ ਮਨੁੱਖ ਕਬੀਲੇ ਦੇ ਰੂਪ ਵਿੱਚ ਰਹਿੰਦਾ ਸੀ। ਆਪਣੀ ਹੋਂਦ ਅਤੇ ਸਰਦਾਰੀ ਬਣਾਈ ਰੱਖਣ ਲਈ ਇਨ੍ਹਾਂ ਕਬੀਲਿਆਂ ਵਿੱਚ ਜੰਗ ਹੁੰਦੀ ਰਹਿੰਦੀ ਸੀ। ਇੱਕ ਕਬੀਲੇ ਨੇ ਦੂਜੇ ਕਬੀਲੇ ’ਤੇ ਹਮਲਾ ਕਰਨਾ। ਜਿੱਤਣ ਵਾਲੀ ਧਿਰ ਜਿੱਥੇ ਹੋਰ ਆਰਥਿਕ ਅਤੇ ਸਮਾਜਿਕ ਪੱਖ ਤੋਂ ਲਾਭਦਾਇਕ ਵਸਤਾਂ ਹਾਰਨ ਵਾਲੀ ਧਿਰ ਤੋਂ ਲੈਂਦੀ ਸੀ, ਉੱਥੇ ਉਹ ਹਾਰੀ ਹੋਈ ਧਿਰ ਦੀਆਂ ਸੋਹਣੀਆਂ ਔਰਤਾਂ ਨੂੰ ਵੀ ਲੈ ਜਾਂਦੀ ਸੀ। ਇੱਕ ਕਬੀਲੇ ਵੱਲੋਂ ਦੂਜੇ ’ਤੇ ਹਮਲਾ ਕਰਨਾ, ਜਿੱਤਣਾ ਅਤੇ ਆਪਣੀ ਚਾਹਤ ਦੀਆਂ ਵਸਤਾਂ ਨੂੰ ਪ੍ਰਾਪਤ ਕਰਨਾ ਹੀ ਹੌਲੀ ਹੌਲੀ ਬਦਲ ਕੇ ਵਿਆਹ ਦੀ ਸੰਸਥਾ ਦੇ ਰੂਪ ਵਿੱਚ ਤਬਦੀਲ ਹੋ ਗਿਆ। ਜਦੋਂ ਤਾਕਤਵਰ ਕਬੀਲੇ ਦੀ ਸਰਦਾਰੀ ਬਿਨਾਂ ਲੜਾਈ ਕੀਤੇ ਮਨਜ਼ੂਰ ਕੀਤੀ ਜਾਣ ਲੱਗੀ ਅਤੇ ਉਸ ਧਿਰ ਦੇ ਸਰਦਾਰ ਨੂੰ ਆਪਣੀ ਇੱਛਾ ਨਾਲ ਹੀ ਕੀਮਤੀ ਵਸਤਾਂ ਅਤੇ ਤੋਹਫ਼ੇ ਆਦਿ ਦੇਣੇ ਸ਼ੁਰੂ ਕਰ ਦਿੱਤੇ। ਇਸੇ ਨੂੰ ਹੋਰ ਅੱਗੇ ਤੋਰਦਿਆਂ ਹਾਰੀ ਹੋਈ ਧਿਰ ਦੀ ਖ਼ੂਬਸੂਰਤ ਲੜਕੀ ਨੂੰ ਜੇਤੂ ਕਬੀਲੇ ਦੇ ਸਰਦਾਰ ਨਾਲ ਵਿਆਹ ਕਰਨ ਦਾ ਰਿਵਾਜ ਸ਼ੁਰੂ ਹੋਇਆ।
ਇਸੇ ਲਈ ਲਾੜੇ ਦੇ ਨਾਲ ਬਰਾਤ ਜਾਂਦੀ ਹੁੰਦੀ ਸੀ। ਲੰਮਾ ਸਮਾਂ ਜੰਗਲੀ ਅਤੇ ਪਥਰੀਲੇ ਰਸਤਿਆਂ ਵਿੱਚੋਂ ਲੰਘ ਕੇ ਜਾਣਾ ਹੁੰਦਾ ਸੀ। ਜੰਗਲੀ ਜਾਨਵਰਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਸੀ ਅਤੇ ਕਿਸੇ ਹੋਰ ਕਬੀਲੇ ਨਾਲ ਵੀ ਟਕਰਾਅ ਹੋ ਸਕਦਾ ਸੀ। ਇਸ ਲਈ ਬਰਾਤ ਵਿੱਚ ਸਿਰਫ਼ ਮਰਦ ਹੀ ਜਾਂਦੇ ਹੁੰਦੇ ਸਨ। ਕਬੀਲੇ ਦਾ ਮੁਖੀ ਜਿਸ ਨੂੰ ਅੱਜ ਲਾੜਾ ਕਿਹਾ ਜਾਂਦਾ ਹੈ, ਮੋਢੀ ਹੁੰਦਾ ਸੀ ਅਤੇ ਉਸ ਕੋਲ ਹਥਿਆਰ ਵੀ ਇਸੇ ਮਕਸਦ ਲਈ ਹੁੰਦੇ ਸਨ। ਅੱਜ ਵੀ ਲਾੜਾ ਰਸਮ ਰੂਪ ਵਿੱਚ ਕਿਰਪਾਨ ਨਾਲ ਰੱਖਦਾ ਹੈ। ਹੁਣ ਹਮਲਾ ਕਰਨ ਸਮੇਂ ਲੜਾਈ ਤਾਂ ਹੋਣੀ ਹੀ ਸੀ, ਕੁਦਰਤੀ ਗੱਲ ਸੀ ਕਿ ਦੂਜੀ ਧਿਰ ਨੇ ਵੀ ਆਪਣੇ ਬਚਾਅ ਲਈ ਹਥਿਆਰਾਂ ਨਾਲ ਵਾਰ ਕਰਨੇ ਹੁੰਦੇ ਸਨ। ਕਦੇ ਅਜਿਹਾ ਮੌਕਾ ਵੀ ਬਣਦਾ ਹੋਏਗਾ ਜਦੋਂ ਪਹਿਲਾ ਕਬੀਲਾ, ਦੂਜੇ ’ਤੇ ਜਿੱਤ ਤਾਂ ਪ੍ਰਾਪਤ ਕਰ ਲੈਂਦਾ ਹੋਏਗਾ, ਪਰ ਦੁਵੱਲੀ ਲੜਾਈ ਵਿੱਚ ਆਪਣਾ ਸਰਦਾਰ (ਲਾੜਾ) ਗੁਆ ਦਿੰਦਾ ਹੋਏਗਾ। ਹੁਣ ਸਰਦਾਰ ਦੇ ਮਾਰੇ ਜਾਣ ਤੋਂ ਬਾਅਦ ਬਾਕੀ ਲੁੱਟ ਦਾ ਸਾਮਾਨ ਤਾਂ ਵੰਡਿਆ ਜਾਂਦਾ ਹੋਏਗਾ, ਪਰ ਹਾਰੀ ਹੋਈ ਧਿਰ ਦੀ ਲਿਆਂਦੀ ਲੜਕੀ ਲਈ ਇੱਕ ਹੋਰ ਲਾੜੇ ਦੀ ਲੋੜ ਪੈ ਜਾਂਦੀ ਸੀ। ਕੁਦਰਤੀ ਹੀ ਉਸੇ ਉਮਰ ਦਾ ਕੋਈ ਗੱਭਰੂ ਜੋ ਆਮ ਕਰਕੇ ਇਸ ਸਰਦਾਰ ਦਾ ਭਰਾ ਹੁੰਦਾ ਸੀ, ਇਹ ਕਾਰਜ ਕਰਦਾ ਸੀ। ਹੌਲੀ ਹੌਲੀ ਇਹ ਪਹਿਲਾਂ ਹੀ ਨਿਸ਼ਚਿਤ ਕੀਤਾ ਜਾਣ ਲੱਗਿਆ ਕਿ ਸਰਦਾਰ ਦੇ ਮਰਨ ਦੀ ਹਾਲਤ ਵਿੱਚ ਉਸ ਦਾ ਛੋਟਾ ਸਕਾ ਜਾਂ ਚਚੇਰੇ ਭਰਾ ਨੂੰ ਇਸ ਲਈ ਸਮਾਜਿਕ ਅਤੇ ਮਾਨਸਿਕ ਰੂਪ ਵਿੱਚ ਤਿਆਰ ਕਰਕੇ ਨਾਲ ਲਿਜਾਣ ਲੱਗੇ ਅਤੇ ਉਹ ਸਰਬਾਲਾ ਅਖਵਾਇਆ।
ਕਬੀਲੇ ਵਾਲੀ ਗੱਲ ਖ਼ਤਮ ਹੋਣ ’ਤੇ ਵੀ ਵਿਆਹ ਨੂੰ ਤਾਂ ਸਮਾਜਿਕ ਪ੍ਰਵਾਨਗੀ ਮਿਲ ਹੀ ਚੁੱਕੀ ਸੀ। ਉਦੋਂ ਹਮਲੇ ਕਰਨ ਵਾਲੀ ਪ੍ਰਥਾ ਖ਼ਤਮ ਹੋ ਗਈ ਸੀ ਪਰ ਉਨ੍ਹਾਂ ਸਮਿਆਂ ਵਿੱਚ ਬਰਾਤ ਗੱਡਿਆਂ, ਘੋੜਿਆਂ ਆਦਿ ’ਤੇ ਜਾਂਦੀ ਸੀ। ਰਸਤੇ ਵਿੱਚ ਜੇ ਕਿਸੇ ਕਾਰਨ ਵਸ ਲਾੜਾ ਚੜ੍ਹਾਈ ਕਰ ਜਾਂਦਾ ਤਾਂ ਫਿਰ ਲੜਕੀ ਨੂੰ ਲਾੜੇ ਦੇ ਨਾਲ ਆਏ ਸਰਬਾਲੇ ਦੇ ਲੜ ਲਾ ਦਿੱਤਾ ਜਾਂਦਾ ਸੀ। ਇਸੇ ਲਈ ਹੀ ਇਹ ਸਰਬਾਲਾ ਆਮ ਕਰਕੇ ਲਾੜੇ ਦਾ ਸਕਾ ਭਰਾ ਜਾਂ ਉਸ ਦੇ ਚਾਚੇ, ਤਾਏ, ਭੂਆ, ਮਾਮੇ ਦਾ ਲੜਕਾ ਹੁੰਦਾ ਸੀ। ਇੱਥੋਂ ਹੀ ਦਿਓਰ-ਭਰਜਾਈ ਦੇ ਮਜ਼ਾਕ ਦਾ ਮੁੱਢ ਬੱਝਦਾ ਹੈ। ਦੇਵਰ ਦਾ ਅਰਥ ਹੈ ਦੂਜਾ ਵਰ। ਸੋ ਇਹ ਸਮੇਂ ਦੀ ਲੋੜ ਅਨੁਸਾਰ ਸਮਾਜ ਵਿੱਚ ਦੋ ਪਰਿਵਾਰਾਂ ਨੂੰ ਜੋੜੀ ਰੱਖਣ ਦੀ ਪੁਰਾਣੇ ਸਿਆਣਿਆਂ ਦੀ ਖੋਜੀ ਹੋਈ ਤਰਕੀਬ ਸੀ। ਜਿਹੜੀ ਅੱਜ ਸਿਰਫ਼ ਇੱਕ ਰਸਮ ਬਣ ਕੇ ਰਹਿ ਗਈ ਹੈ।
ਭਾਵੇਂ ਅਗਲੇ ਦੌਰ ਵਿੱਚ ਇਸ ਦੀ ਇੰਝ ਵੀ ਵਿਆਖਿਆ ਕੀਤੀ ਜਾਂਦੀ ਹੈ ਕਿ ਲਾੜੇ ਤੋਂ ਬਾਅਦ ਸਰਬਾਲਾ ਬਣੇ ਲੜਕੇ ਦੀ ਵਿਆਹ ਦੀ ਵਾਰੀ ਹੈ ਅਤੇ ਵਿਆਹੀ ਜਾਣ ਵਾਲੀ ਲੜਕੀ ਦੀ ਭੈਣ ਨੂੰ ਸਰਬਾਲੇ ਨਾਲ ਵਿਆਹਿਆ ਜਾ ਸਕਦਾ ਹੈ। ਇਹ ਕਬੀਲਾ ਦੌਰ ਤੋਂ ਬਾਅਦ ਸੰਯੁਕਤ ਪਰਿਵਾਰਾਂ ਦੇ ਸਮੇਂ ਦੀ ਧਾਰਨਾ ਹੈ ਜਿੱਥੇ ਵੱਧ ਤੋਂ ਵੱਧ ਵਰਤਣ ਦੀ ਸਾਂਝ ਰੱਖਣ ਨੂੰ ਚੰਗਾ ਸਮਝਿਆ ਜਾਂਦਾ ਸੀ। ਅਜੋਕੇ ਸਮੇਂ ਇਹ ਸਿਰਫ਼ ਰਸਮ ਪੂਰਤੀ ਹੀ ਹੈ। ਜੇ ਲਾੜੇ ਦੇ ਸਿਹਰਾ ਲੱਗਿਆ ਹੈ ਤਾਂ ਸਰਬਾਲੇ ਦੇ ਕਲਗੀ ਲਗਾ ਦਿੱਤੀ ਜਾਂਦੀ ਹੈ। ਜੇ ਲਾੜੇ ਦੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ ਤਾਂ ਸਰਬਾਲੇ ਨੂੰ ਹਾਕੀ ਦੇ ਦਿੱਤੀ ਜਾਂਦੀ ਹੈ। ਲਾੜੇ ਅਤੇ ਸਰਬਾਲੇ ਦੇ ਇੱਕੋ ਜਿਹੇ ਕੱਪੜੇ ਅਤੇ ਦਸਤਾਰ ਵਿਆਹ ਦੀ ਸ਼ਾਨ ਵਧਾ ਦਿੰਦੀ ਹੈ। ਜਦੋਂ ਬਰਾਤ ਰਵਾਨਾ ਹੋਣ ਸਮੇਂ ਲਾੜੇ ਨੂੰ ਸ਼ਗਨ ਪਾਏ ਜਾਂਦੇ ਹਨ ਤਾਂ ਸਰਬਾਲੇ ਨੂੰ ਵੀ ਸ਼ਗਨ ਪਾਏ ਜਾਂਦੇ ਹਨ। ਅੱਜਕੱਲ੍ਹ ਕਦੇ ਕਦੇ ਛੋਟੇ ਛੋਟੇ ਬੱਚੇ ਵੀ ਸਰਬਾਲਾ ਬਣੇ ਨਜ਼ਰ ਆਉਂਦੇ ਹਨ। ਉਸ ਦਾ ਮਕਸਦ ਸ਼ਗਨ ਇੱਕਠਾ ਕਰਨਾ ਹੀ ਲੱਗਦਾ ਹੈ ਕਿਉਂਕਿ ਇਸ ਬੱਚੇ ’ਤੇ ਉੱਪਰਲੇ ਦੋਵੇਂ ਸਿਧਾਂਤ ਫਿੱਟ ਨਹੀਂ ਬੈਠਦੇ। ਹੁਣ ਘੋੜੀ ਦੀ ਥਾਂ ਕਾਰ ਨੇ ਲੈ ਲਈ ਹੈ ਪਰ ਅਜੇ ਸ਼ਹਿਰਾਂ ਵਿੱਚ ਘੋੜੀ ਕਿਰਾਏ ’ਤੇ ਕੀਤੇ ਜਾਣ ਦੀ ਰਸਮ ਕਾਇਮ ਹੈ। ਜੇ ਘੋੜੀ ਕੀਤੀ ਗਈ ਹੋਵੇ ਤਾਂ ਉਸ ’ਤੇ ਬੈਠਣ ਦਾ ਅਧਿਕਾਰੀ ਸਿਰਫ਼ ਲਾੜਾ ਹੀ ਹੁੰਦਾ ਹੈ। ਸਰਬਾਲਾ ਉਸ ਦੇ ਨੇੜੇ ਰਹਿ ਕੇ ਆਪਣੀ ਹੋਂਦ ਜਤਾਉਂਦਾ ਰਹਿੰਦਾ ਹੈ ਪਰ ਵਾਪਸੀ ਵੇਲੇ ਤੱਕ ਸਰਬਾਲਾ ਆਪਣਾ ਰੋਹਬ ਦਾਬ ਅਤੇ ਖ਼ਾਸ ਖਿਤਾਬ ਖੋ ਚੁੱਕਿਆ ਹੁੰਦਾ ਹੈ। ਹੁਣ ਉਹ ਬਾਕੀ ਬਰਾਤ ਦਾ ਇੱਕ ਅੰਗ ਬਣ ਜਾਂਦਾ ਹੈ ਅਤੇ ਉਸ ਦੀ ਥਾਂ ਨਜ਼ਰਾਂ ਲਾੜੇ ਦੇ ਨਾਲ ਆ ਰਹੀ ਲਾੜੀ ’ਤੇ ਕੇਂਦਰਿਤ ਹੋ ਜਾਂਦੀਆਂ ਹਨ।
ਪੰਜਾਬੀ ਲੋਕਧਾਰਾ ਦੀਆਂ ਸਾਡੀਆਂ ਬੋਲੀਆਂ ਨੇ ਸਰਬਾਲੇ ਨੂੰ ਬੜੇ ਵਧੀਆ ਢੰਗ ਨਾਲ ਸੰਭਾਲਿਆ ਹੋਇਆ ਹੈ। ਇਹ ਬੋਲੀਆਂ ਅੱਜ ਵੀ ਬਰਾਤ ਚੜ੍ਹਨ ਸਮੇਂ ਸੁਣੀਆਂ ਜਾ ਸਕਦੀਆਂ ਹਨ। ਇਹ ਬੋਲੀਆਂ ਜ਼ਿਆਦਾ ਕਰਕੇ ਲਾੜੇ ਦੀਆਂ ਭੈਣਾਂ ਵੱਲੋਂ ਗਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਲਾੜੇ ਦੀ, ਸਰਬਾਲੇ ਦੀ, ਉਨ੍ਹਾਂ ਦੇ ਸਰੀਰਕ ਰੂਪ ਰੰਗ ਦੀ ਅਤੇ ਹੱਥ ਫੜੀਆਂ ਵਸਤਾਂ ਦੀ ਪ੍ਰਸੰਸਾ ਕੀਤੀ ਗਈ ਹੁੰਦੀ ਹੈ;
* ਸਰਬਾਲੇ ਦੇ ਹੱਥ ਵਿੱਚ ਗੰਨਾ ਵੀਰਾ
ਵੇ ਤੂੰ ਛੈਲ ਸਿਪਾਹੀ ਲੰਮਾ ਵੀਰਾ।
ਸਰਬਾਲੇ ਦੇ ਹੱਥ ਵਿੱਚ ਪੌਂਚੀ ਵੀਰਾ
ਵੇ ਤੂੰ ਛੈਲ ਸਿਪਾਹੀ ਸ਼ੌਂਕੀ ਵੀਰਾ।
ਸਰਬਾਲੇ ਦੇ ਹੱਥ ਵਿੱਚ ਦੋਹਣਾ ਵੀਰਾ
ਵੇ ਤੂੰ ਛੈਲ ਸਿਪਾਹੀ ਸੋਹਣਾ ਵੀਰਾ।
* ਸਰਬਾਲੇ ਦੇ ਹੱਥ ਗਾਨੇ ਵੀਰਾ
ਤੇਰੀ ਜੰਝ ਚੜ੍ਹਨ ਤੇਰੇ ਮਾਮੇ ਵੀਰਾ।
ਸਰਬਾਲੇ ਦੇ ਸਿਰ ਚੀਰੇ ਵੀਰਾ
ਤੇਰੀ ਜੰਝ ਚੜ੍ਹਨ ਤੇਰੇ ਵੀਰੇ ਵੀਰਾ।
* ਵੇ ਸਬਾਲੇ ਦੇ ਹੱਥ ਚਾਕੂ ਵੀਰਾ
ਤੇਰੀ ਜੰਝ ਚੜ੍ਹੇ ਤੇਰਾ ਬਾਪੂ ਵੀਰਾ।
ਵੇ ਸਬਾਲੇ ਦੇ ਹੱਥ ਚੀਰੇ ਵੀਰਾ
ਤੇਰੀ ਜੰਝ ਚੜ੍ਹਨ ਤੇਰੇ ਵੀਰੇ ਵੀਰਾ।
ਵੇ ਸਬਾਲੇ ਦੇ ਹੱਥ ਕੰਗਣਾ ਵੀਰਾ
ਵੇ ਸਬਾਲਾ ਵੀ ਓਥੇ ਈ ਮੰਗਣਾ ਵੀਰਾ।
ਵੇ ਸਬਾਲੇ ਦੇ ਹੱਥ ਪੋਣਾ ਵੀਰਾ
ਵੇ ਸਬਾਲਾ ਵੀ ਓਥੇ ਈ ਵਿਆਉਣਾ ਵੀਰਾ।
* ਵੇ ਸਰਬਾਲੇ ਦੇ ਹੱਥ ਹਾਕੀ ਵੀਰਾ
ਤੇਰੀ ਜੰਝ ਚੜ੍ਹਨ ਤੇਰੇ ਸਾਥੀ ਵੀਰਾ
ਵੇ ਸਵਾਲੇ ਦੇ ਹੱਥ ਸੋਟੀ ਵੀਰਾ
ਤੇਰੀ ਜੰਨ ਚੜ੍ਹਨ ਤੇਰੇ ਗੋਤੀ ਵੀਰਾ।
ਅੱਜ ਸਰਬਾਲੇ ਦੀ ਪਰੰਪਰਾ ਤਾਂ ਕਿਧਰੇ-ਕਿਧਰੇ ਮੌਜੂਦ ਹੈ, ਪਰ ਲਾੜੇ ਦੀ ਮੌਤ ਹੋਣ ’ਤੇ ਵੀ ਲੜਕੀ ਨੂੰ ਉਸ ਦੇ ਭਰਾ ਨਾਲ ਜਾਂ ਸਰਬਾਲੇ ਨਾਲ ਵਿਆਹਿਆ ਨਹੀਂ ਜਾਂਦਾ, ਸਗੋਂ ਕੁਝ ਦੇਰ ਰੁਕ ਕੇ ਨਵੇਂ ਵਰ੍ਹ ਦੀ ਤਲਾਸ਼ ਕੀਤੀ ਜਾਂਦੀ ਹੈ।